ਮਲਾਰ ਮਹਲਾ ਚਉਪਦੇ ਘਰੁ

Malaar, Third Mehl, Chau-Padhay, First House:

ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ

The Formless Lord is formed by Himself. He Himself deludes in doubt.

ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ)। ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ। ਨਿਰੰਕਾਰੁ = (ਨਿਰ-ਆਕਾਰ) ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਆਕਾਰੁ = ਇਹ ਦਿੱਸਦਾ ਜਗਤ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾ ਦੇਂਦਾ ਹੈ।

ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ

Creating the Creation, the Creator Himself beholds it; He enjoins us as He pleases.

(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ। ਕਰਿ = ਕਰ ਕੇ। ਕਰਤਾ = ਕਰਤਾਰ। ਜਿਤੁ = ਜਿਸ (ਕੰਮ) ਵਿਚ। ਭਾਵੈ = (ਉਸ ਨੂੰ) ਚੰਗਾ ਲੱਗਦਾ ਹੈ। ਤਿਤੁ = ਉਸ (ਕੰਮ) ਵਿਚ।

ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

This is the true greatness of His servant, that he obeys the Hukam of the Lord's Command. ||1||

ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥ ਵਡਿਆਈ = ਇੱਜ਼ਤ। ਜਾ ਕਉ = ਜਿਸ (ਸੇਵਕ) ਨੂੰ ॥੧॥

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ

Only He Himself knows His Will. By Guru's Grace, it is grasped.

(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ। ਭਾਣਾ = ਰਜ਼ਾ। ਤੇ = ਤੋਂ, ਦੀ ਰਾਹੀਂ। ਲਹੀਐ = ਲੱਭੀਦਾ ਹੈ, ਸਮਝੀਦਾ ਹੈ।

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ

When this play of Shiva and Shakti comes to his home, he remains dead while yet alive. ||1||Pause||

(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥ ਸਕਤਿ = ਮਾਇਆ, ਮਾਇਆ ਵਾਲੀ ਬ੍ਰਿਤੀ। ਸਿਵੈ ਘਰਿ = ਸ਼ਿਵ ਦੇ ਘਰ ਵਿਚ, ਪ੍ਰਭੂ ਵਾਲੇ ਪਾਸੇ। ਮਰਿ ਰਹੀਐ = ਆਪਾ-ਭਾਵ ਵਲੋਂ ਮਰ ਜਾਈਦਾ ਹੈ, ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥

ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ

They read the Vedas, and read them again, and engage in arguments about Brahma, Vishnu and Shiva.

(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ। ਪੜੈ = (ਪੰਡਿਤ) ਪੜ੍ਹਦਾ ਹੈ (ਇਕ-ਵਚਨ)। ਪੜਿ = ਪੜ੍ਹ ਕੇ। ਵਾਦੁ = ਚਰਚਾ, ਕਥਾ-ਕਹਾਣੀ। ਵਖਾਣੈ = ਆਖਦਾ ਹੈ, ਸੁਣਾਂਦਾ ਹੈ। ਮਹੇਸਾ = ਸ਼ਿਵ।

ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ

This three-phased Maya has deluded the whole world into cynicism about death and birth.

ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ। ਤ੍ਰਿਗੁਣ ਮਾਇਆ = (ਰਜੋ ਤਮੋ ਸਤੋ) ਤਿੰਨ ਗੁਣਾਂ ਵਾਲੀ ਮਾਇਆ। ਜਿਨਿ = ਜਿਸ (ਮਾਇਆ) ਨੇ। ਸਹਸਾ = ਸਹਿਮ, ਖ਼ਤਰਾ।

ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥

By Guru's Grace, know the One Lord, and the anxiety of your mind will be allayed. ||2||

ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਣੈ = ਸਾਂਝ ਪਾਂਦਾ ਹੈ। ਮਨਹੁ = ਮਨ ਤੋਂ। ਅੰਦੇਸਾ = ਫ਼ਿਕਰ ॥੨॥

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ

I am meek, foolish and thoughtless, but still, You take care of me.

ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ। ਹਮ = ਅਸੀਂ ਜੀਵ। ਦੀਨ = ਗ਼ਰੀਬ, ਨਿਮਾਣੇ। ਅਵੀਚਾਰੀ = ਵਿਚਾਰ ਤੋਂ ਸੱਖਣੇ, ਬੇ-ਸਮਝ। ਚਿੰਤਾ-ਫ਼ਿਕਰ, ਧਿਆਨ।

ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ

Please be kind to me, and make me the slave of Your slaves, so that I may serve You.

ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ। ਕਰਿ = ਬਣਾ ਲੈ। ਕਰੀ = ਕਰੀਂ, ਮੈਂ ਕਰਦਾ ਰਹਾਂ। ਸੇਵਾ = ਭਗਤੀ।

ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

Please bless me with the treasure of the One Name, that I may chant it, day and night. ||3||

ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥ ਨਿਧਾਨੁ = ਖ਼ਜ਼ਾਨਾ। ਅਹਿ = ਦਿਨ। ਨਿਸਿ = ਰਾਤ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ ॥੩॥

ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ

Says Nanak, by Guru's Grace, understand. Hardly anyone considers this.

ਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ। ਕਹਤ = ਆਖਦਾ ਹੈ। ਪਰਸਾਦਿ = ਪਰਸਾਦੀ, ਕਿਰਪਾ ਨਾਲ। ਕਰੇ ਵੀਚਾਰਾ = ਖ਼ਿਆਲ ਬਣਾਂਦਾ ਹੈ।

ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ

Like foam bubbling up on the surface of the water, so is this world.

(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ। ਫੇਨੁ = ਝੱਗ। ਬੁਦਬੁਦਾ = ਬੁਲਬੁਲਾ। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

It shall eventually merge back into that from which it came, and all its expanse shall be gone. ||4||1||

ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥ ਜਿਸ (ਪਰਮਾਤਮਾ) ਤੋਂ। ਤਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਵਿਚ ਹੀ। ਪਾਸਾਰਾ = ਖਿਲਾਰਾ। ਚੂਕਿ ਗਇਆ = ਮੁੱਕ ਜਾਂਦਾ ਹੈ।੪ ॥੪॥੧॥