ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਜੀਉ ਅੰਤਰਜਾਮੀ ਜਾਨ ॥
The Dear Lord is the Inner-knower, the Searcher of hearts.
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜਾਨ = ਸੁਜਾਨ, ਸਿਆਣਾ।
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥
The mortal does evil deeds, and hides from others, but like the air, the Lord is present everywhere. ||1||Pause||
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥ ਮਾਨੁਖ ਤੇ = ਮਨੁੱਖਾਂ ਪਾਸੋਂ। ਸਾਖੀ = ਵੇਖਣ ਵਾਲਾ। ਭੂਤ = ਪਿਛਲੇ ਕੀਤੇ ਸਮੇ ਦਾ। ਪਵਾਨ = ਭਵਾਨ, ਭਵਿੱਖਤ ਦਾ ॥੧॥ ਰਹਾਉ ॥
ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥
You call yourself a devotee of Vishnu and you practice the six rituals, but your inner being is polluted with greed.
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ, ਬੈਸਨੌ = ਵਿਸ਼ਨੂੰ ਦਾ ਭਗਤ, ਹਰੇਕ ਕਿਸਮ ਦੀ ਸਰੀਰਕ ਸੁੱਚ ਰੱਖਣ ਵਾਲਾ। ਖਟ ਕਰਮਾ = ਸ਼ਾਸਤ੍ਰਾਂ ਅਨੁਸਾਰ ਜ਼ਰੂਰੀ ਮਿਥੇ ਹੋਏ ਛੇ ਕਰਮ (ਦਾਨ ਦੇਣਾ ਤੇ ਲੈਣਾ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ)। ਜੂਠਾਨ = ਮਲੀਨ ਕਰਨ ਵਾਲਾ।
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥
Those who slander the Society of the Saints, shall all be drowned in their ignorance. ||1||
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ ॥੧॥
ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥
The mortal eats the food which he has carefully prepared, and then steals the wealth of others. His inner being is filled with falsehood and pride.
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ। ਕਰਹਿ = ਕਰਦੇ ਹਨ। ਸੋਮ ਪਾਕ = {स्वयं पाक} ਆਪਣੀ ਹੱਥੀਂ ਭੋਜਨ ਤਿਆਰ ਕਰਨਾ। ਹਿਰਹਿ = ਚੁਰਾਂਦੇ ਹਨ। ਦਰਬਾ = ਧਨ। ਗੁਮਾਨ = ਅਹੰਕਾਰ।
ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥
He knows nothing of the Vedas or the Shaastras; his mind is gripped by pride. ||2||
ਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥ ਬਿਧਿ = ਢੰਗ, ਮਰਯਾਦਾ। ਬਿਆਪੇ = ਫਸੇ ਹੋਏ। ਮਨ ਕੈ ਮਾਨ = ਮਨ ਦੇ ਮਾਣ ਵਿਚ ॥੨॥
ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥
He says his evening prayers, and observes all the fasts, but this is all just a show.
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)। ਸਭਿ = ਸਾਰੇ। ਸਫਰੀ = ਮਦਾਰੀ। ਦੰਫਾਨ = ਤਮਾਸ਼ਾ।
ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥
God made him stray from the path, and sent him into the wilderness. All his actions are useless. ||3||
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥ ਊਝੜਿ = ਕੁਰਾਹੇ। ਕਰਮਾਨ = ਕਰਮ ॥੩॥
ਸੋ ਗਿਆਨੀ ਸੋ ਬੈਸਨੌ ਪੜੑਿਆ ਜਿਸੁ ਕਰੀ ਕ੍ਰਿਪਾ ਭਗਵਾਨ ॥
He alone is a spiritual teacher, and he alone is a devotee of Vishnu and a scholar, whom the Lord God blesses with His Grace.
ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ, ਗਿਆਨੀ = ਗਿਆਨਵਾਨ। ਪੜ੍ਹ੍ਹਿਆ = ਵਿਦਵਾਨ। ਜਿਸੁ = ਜਿਸ ਉਤੇ।
ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥
Serving the True Guru, he obtains the supreme status and saves the whole world. ||4||
(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥ ਓੁਨਿ = ਉਸ ਨੇ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਉਨਿ'। ਇਥੇ 'ਓਨਿ' ਪੜ੍ਹਨਾ ਹੈ}। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਬਿਸ੍ਵਾਨ = {विश्व} ਜਗਤ ॥੪॥
ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥
What can I say? I don't know what to say. As God wills, so do I speak.
ਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ। ਕਥਹ = ਅਸੀਂ ਆਖ ਸਕਦੇ ਹਾਂ। ਨਹੀ ਜਾਣਹ = ਅਸੀਂ ਨਹੀਂ ਜਾਣਦੇ। ਬਲਾਨ = ਬੁਲਾਂਦਾ ਹੈ। {ਅੱਖਰ 'ਬ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਬੋਲਾਨ'। ਇਥੇ 'ਬੁਲਾਨ' ਪੜ੍ਹਨਾ ਹੈ}।
ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
I ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||
ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥ ਮਾਂਗਉ = ਮੈਂ ਮੰਗਦਾ ਹਾਂ। ਸਰਾਨ = ਸਰਨ ॥੫॥੨॥