ਸਾਰੰਗ ਮਹਲਾ ੫ ਚਉਪਦੇ ਘਰੁ ੧ ॥
Saarang, Fifth Mehl, Chau-Padhay, First House:
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰ ਮੂਰਤਿ ਕਉ ਬਲਿ ਜਾਉ ॥
I am a sacrifice to the Image of the True Guru.
ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਸਤਿਗੁਰ ਮੂਰਤਿ = ਸਤਿਗੁਰੂ ਦੀ ਹਸਤੀ, ਸਤਿਗੁਰੂ। ਕਉ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥ ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਚਾਤ੍ਰਿਕ = ਪਪੀਹਾ। ਸਫਲ ਦਰਸਨੁ = ਸਾਰੇ ਮਨੋਰਥ ਪੂਰੇ ਕਰਨ ਵਾਲੇ (ਗੁਰੂ) ਦਾ ਦਰਸਨ। ਕਦਿ = ਕਦੋਂ ॥੧॥ ਰਹਾਉ ॥
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥
He is the Master of the masterless, the Cherisher of all. He is the Lover of the devotees of His Name.
ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ)। ਕੋ = ਦਾ। ਨਾਥ = ਖਸਮ। ਪ੍ਰਤਿਪਾਲਕੁ = ਪਾਲਣ ਵਾਲਾ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ।
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥
That mortal, whom no one can protect - You bless him with Your Support, O Lord. ||1||
ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥ ਜਾ ਕਉ = ਜਿਸ ਨੂੰ। ਤਿਸੁ = ਉਸ (ਮਨੁੱਖ) ਨੂੰ। ਤੂ ਦੇਹਿ = ਤੂੰ ਦੇਂਦਾ ਹੈਂ। ਅਸਰਾਉ = ਆਸਰਾ ॥੧॥
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥
Support of the unsupported, Saving Grace of the unsaved, Home of the homeless.
ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ। ਧਰ = ਆਸਰਾ। ਗਤਿ = ਚੰਗੀ ਸੁਚੱਜੀ ਹਾਲਤ।
ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥
Wherever I go in the ten directions, You are there with me. The only thing I do is sing the Kirtan of Your Praises. ||2||
ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥ ਦਹਦਿਸ = ਦਸੀਂ ਪਾਸੀਂ। ਜਾਂਉ = ਮੈਂ ਜਾਂਦਾ ਹਾਂ। ਸੰਗੇ = ਨਾਲ ਹੀ। ਕੀਰਤਿ = ਸਿਫ਼ਤ-ਸਾਲਾਹ। ਕਮਾਉ = ਕਮਾਉਂ, ਮੈਂ ਕਮਾਂਦਾ ਹਾਂ, ਮੈਂ ਕਰਦਾ ਹਾਂ ॥੨॥
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥
From Your Oneness, You become tens of thousands, and from tens of thousands, You become One. I cannot describe Your state and extent.
ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਏਕਸੁ ਤੇ = (ਤੈਂ) ਇੱਕ ਤੋਂ ਹੀ। ਲਾਖ = ਲੱਖਾਂ ਜਗਤ। ਤੇ = ਤੋਂ। ਗਤਿ = ਹਾਲਤ। ਮਿਤਿ = ਅੰਦਾਜ਼ਾ।
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥
You are Infinite - Your value cannot be appraised. Everything I see is Your play. ||3||
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥ ਪਾਈਐ = ਪਾਇਆ ਜਾ ਸਕਦਾ। ਖੇਲੁ = ਤਮਾਸ਼ਾ। ਦਿਖਾਉ = ਦਿਖਾਉਂ, ਮੈਂ ਵੇਖਦਾ ਹਾਂ ॥੩॥
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥
I speak with the Company of the Holy; I am in love with the Holy people of the Lord.
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ। ਸਾਧਨ ਕਾ ਸੰਗੁ = ਸੰਤ ਜਨਾਂ ਦਾ ਸਾਥ। ਸਿਉ = ਨਾਲ। ਗੋਸਟਿ = ਵਿਚਾਰ-ਵਟਾਂਦਰਾ। ਲਿਵ = ਲਗਨ, ਪ੍ਰੀਤ। ਲਾਉ = ਲਾਉਂ, ਮੈਂ ਲਾਂਦਾ ਹਾਂ।
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
ਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥ ਜਨ ਨਾਨਕ = ਹੇ ਦਾਸ ਨਾਨਕ! ਗੁਰਮਤਿ = ਗੁਰੂ ਦੀ ਮੱਤ ਉੱਤੇ ਤੁਰ ਕੇ। ਹਰਿ = ਹੇ ਹਰੀ! ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ ॥੪॥੧॥