ਪ੍ਰਭਾਤੀ ਮਹਲਾ ੪ ॥
Prabhaatee, Fourth Mehl:
ਪ੍ਰਭਾਤੀ ਚੌਥੀ ਪਾਤਿਸ਼ਾਹੀ।
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
God, the Inaccessible and Merciful, has showered me with His Mercy; I chant the Name of the Lord, Har, Har, with my mouth.
ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ। ਅਗਮ = ਅਪਹੁੰਚ। ਪ੍ਰਭਿ = ਪ੍ਰਭੂ ਨੇ। ਮੁਖਿ = ਮੂੰਹ ਨਾਲ। ਹਮ = ਅਸਾਂ ਜੀਵਾਂ ਨੇ। ਕਹੇ = ਉਚਾਰਿਆ।
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥
I meditate on the Name of the Lord, the Purifier of sinners; I am rid of all my sins and mistakes. ||1||
ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥ ਪਤਿਤ = ਪਾਪਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਸਭਿ = ਸਾਰੇ। ਕਿਲਬਿਖ = ਪਾਪ ॥੧॥
ਜਪਿ ਮਨ ਰਾਮ ਨਾਮੁ ਰਵਿ ਰਹੇ ॥
O mind, chant the Name of the All-pervading Lord.
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ। ਜਪਿ = ਜਪਿਆ ਕਰ! ਮਨ = ਹੇ ਮਨ! ਰਵਿ ਰਹੇ = (ਜੋ ਸਭ ਥਾਈਂ) ਵਿਆਪਕ ਹੈ।
ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
I sing the Praises of the Lord, Merciful to the meek, Destroyer of pain. Following the Guru's Teachings, I gather in the Wealth of the Naam, the Name of the Lord. ||1||Pause||
ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਪਦਾਰਥੁ = ਕੀਮਤੀ ਵਸਤ। ਲਹੇ = ਲੱਭ ਲਿਆ ਹੈ ॥੧॥ ਰਹਾਉ ॥
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
The Lord abides in the body-village; through the Wisdom of the Guru's Teachings, the Lord, Har, Har, is revealed.
(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ। ਨਗਰਿ = ਨਗਰ ਵਿਚ। ਨਗਰਿ ਨਗਰਿ = ਹਰੇਕ ਨਗਰ ਵਿਚ। ਸਹੇ = ਸਹੀ ਕੀਤਾ, ਨਿਸ਼ਚਾ ਲਿਆਂਦਾ।
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
In the lake of the body, the Lord's Name has been revealed. Within my own home and mansion, I have obtained the Lord God. ||2||
ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥ ਸਰੋਵਰਿ = ਸਰੋਵਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = (ਸਰੀਰ-) ਮੰਦਰ ਵਿਚ। ਲਹੇ = ਲੱਭ ਲਿਆ ॥੨॥
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
Those beings who wander in the wilderness of doubt - those faithless cynics are foolish, and are plundered.
ਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ; ਭਰਮਿ ਭਰਮਿ = ਭਟਕ ਭਟਕ ਕੇ। ਉਦਿਆਨੇ = (ਸੰਸਾਰ-) ਜੰਗਲ ਵਿਚ। ਤੇ = ਉਹ (ਬਹੁ-ਵਚਨ)। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਮੁਹੇ = ਠੱਗੇ ਗਏ।
ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
They are like the deer: the scent of musk comes from its own navel, but it wanders and roams around, searching for it in the bushes. ||3||
ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥ ਮ੍ਰਿਗ ਨਾਭਿ = ਹਿਰਨ ਦੀ ਧੁੰਨੀ ਵਿਚ। ਬਾਸੁ = ਸੁਗੰਧੀ। ਬਸਨਾ = ਕਸਤੂਰੀ। ਭ੍ਰਮਿ ਭ੍ਰਮਿਓ = ਭਟਕਦਾ ਫਿਰਿਆ। ਝਾਰ = ਝਾੜੀਆਂ। ਗਹੇ = ਫੜਦਾ ਹੈ, ਢੂੰਢਦਾ ਹੈ ॥੩॥
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
You are Great and Unfathomable; Your Wisdom, God, is Profound and Incomprehensible. Please bless me with that wisdom, by which I might attain You, O Lord God.
ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ। ਅਗਾਧਿ ਬੋਧਿ = ਬੋਧ ਵਿਚ ਅਗਾਧ, ਮਨੁੱਖ ਦੀ ਸਮਝ ਤੋਂ ਪਰੇ। ਪ੍ਰਭ = ਹੇ ਪ੍ਰਭੂ! ਲਹੇ = ਲੱਭ ਸਕੀਏ।
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
The Guru has placed His Hand upon servant Nanak; he chants the Name of the Lord. ||4||4||
ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥ ਗੁਰਿ = ਗੁਰੂ ਨੇ। ਸਿਰਿ = ਸਿਰ ਉੱਤੇ। ਨਾਮਿ = ਨਾਮ ਵਿਚ। ਰਵਿ ਰਹੇ = ਲੀਨ ਹੋ ਗਏ ॥੪॥੪॥