ਪ੍ਰਭਾਤੀ ਮਹਲਾ ੪ ॥
Prabhaatee, Fourth Mehl:
ਪ੍ਰਭਾਤੀ ਚੌਥੀ ਪਾਤਿਸ਼ਾਹੀ।
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥
My mind is in love with the Name of the Lord, Har, Har; I meditate on the Great Lord God.
ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਮਨਿ = ਮਨ ਵਿਚ। ਵਡਫਾ = ਵੱਡਾ।
ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
The Word of the True Guru has become pleasing to my heart. The Lord God has showered me with His Grace. ||1||
ਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥ ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਕ੍ਰਿਪਫਾ = ਕਿਰਪਾ ॥੧॥
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
O my mind, vibrate and meditate on the Lord's Name every instant.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ। ਮਨ = ਹੇ ਮਨ! ਨਿਮਖਫਾ = ਹਰ ਨਿਮਖ (ਅੱਖ ਝਮਕਣ ਜਿਤਨਾ ਸਮਾ)।
ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
The Perfect Guru has blessed me with the gift of the Name of the Lord, Har, Har. The Lord's Name abides in my mind and body. ||1||Pause||
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥ ਗੁਰਿ ਪੂਰੈ = ਪੂਰੇ ਗੁਰੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਬਸਫਾ = ਵੱਸ ਪਿਆ ॥੧॥ ਰਹਾਉ ॥
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
The Lord abides in the body-village, in my home and mansion. As Gurmukh, I meditate on His Glory.
(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ। ਕਾਇਆ = ਸਰੀਰ। ਨਗਰਿ = ਨਗਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = ਮੰਦਰ ਵਿਚ। ਜਪਿ = ਜਪ ਕੇ। ਕਰਪਫਾ = ਕਰਦੇ ਹਨ।
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
Here and hereafter, the Lord's humble servants are embellished and exalted; their faces are radiant; as Gurmukh, they are carried across. ||2||
ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ (परत्र)। ਸੁਹੇਲੇ = ਸੁਖੀ। ਊਜਲ = ਰੌਸ਼ਨ। ਤਰਫਾ = ਤਰਦੇ ਹਨ ॥੨॥
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
I am lovingly attuned to the Fearless Lord, Har, Har, Har; through the Guru, I have enshrined the Lord within my heart in an instant.
ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ, ਅਨਭਉ = ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਉਰ = ਹਿਰਦਾ। ਉਰਧਾਰਿਓ = ਹਿਰਦੇ ਵਿਚ ਵਸਾਇਆ। ਗੁਰਿ = ਗੁਰੂ ਦੀ ਰਾਹੀਂ।
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
Millions upon millions of the faults and mistakes of the Lord's humble servant are all taken away in an instant. ||3||
ਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥ ਕੋਟਿ = ਕ੍ਰੋੜਾਂ। ਕੋਟਿ ਕੋਟਿ ਕੇ = ਕ੍ਰੋੜਾਂ (ਜਨਮਾਂ) ਦੇ। ਦੋਖ = ਐਬ, ਪਾਪ। ਪਲਫਾ = ਪਲ ਵਿਚ ॥੩॥
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
Your humble servants are known only through You, God; knowing You, they becomes supreme.
ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ। ਤੁਮ ਹੀ ਤੇ = ਤੈਥੋਂ ਹੀ, ਤੇਰੀ ਹੀ ਮਿਹਰ ਨਾਲ। ਜਾਨੇ = ਪਰਗਟ ਹੁੰਦੇ ਹਨ। ਪ੍ਰਭ = ਹੇ ਪ੍ਰਭੂ! ਜਾਨਿਓ = (ਜਿਨ੍ਹਾਂ ਨੇ ਤੈਨੂੰ) ਜਾਣਿਆਂ, ਤੇਰੇ ਨਾਲ ਸਾਂਝ ਪਾਈ। ਜਨ ਤੇ = ਤੇ ਜਨ; ਉਹ ਮਨੁੱਖ (ਬਹੁ-ਵਚਨ)। ਮੁਖਫਾ = ਮੁਖੀ, ਇੱਜ਼ਤ ਵਾਲੇ।
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
The Lord, Har, Har, has enshrined Himself within His humble servant. O Nanak, the Lord God and His servant are one and the same. ||4||5||
ਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ। (ਤਾਹੀਏਂ, ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ ॥੪॥੫॥ ਆਪੁ = ਆਪਣਾ ਆਪ। ਜਨ ਨਾਨਕੁ = (ਪ੍ਰਭੂ ਦਾ) ਦਾਸ (ਗੁਰੂ) ਨਾਨਕ (ਹੈ)। ਇਕਫਾ = ਇੱਕ-ਰੂਪ ॥੪॥੫॥