ਭੈਰਉ ਮਹਲਾ ੪ ਘਰੁ ੨ ॥
Bhairao, Fourth Mehl, Second House:
ਰਾਗ ਭੈਰਉ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥
The Lord's Saint is the embodiment of the Lord; within his heart is the Name of the Lord.
ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਮੂਰਤਿ = ਸਰੂਪ। ਹਿਰਦੈ = ਹਿਰਦੇ ਵਿਚ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ।
ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮੑਾਰਿ ॥੧॥
One who has such destiny inscribed on his forehead, follows the Guru's Teachings, and contemplates the Name of the Lord within his heart. ||1||
ਪਰ ਉਹੀ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ। ਗੁਰਮਤਿ = ਗੁਰੂ ਦੀ ਸਿੱਖਿਆ ਅਨੁਸਾਰ। ਸਮ੍ਹ੍ਹਾਰਿ = ਸਮ੍ਹਾਰੇ, ਸੰਭਾਲਦਾ ਹੈ ॥੧॥
ਮਧੁਸੂਦਨੁ ਜਪੀਐ ਉਰ ਧਾਰਿ ॥
Enshrine Him in your heart, and meditate on the Lord.
(ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ। ਮਧੂ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ। ਉਰ = ਹਿਰਦਾ। ਧਾਰਿ = ਟਿਕਾ ਕੇ, ਵਸਾ ਕੇ।
ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥
The five plundering thieves are in the body-village; through the Word of the Guru's Shabad, the Lord has beaten them and driven them out. ||1||Pause||
(ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ ॥੧॥ ਰਹਾਉ ॥ ਦੇਹੀ = ਸਰੀਰ। ਨਗਰਿ = ਨਗਰ ਵਿਚ। ਤਸਕਰ = {ਬਹੁ-ਵਚਨ} ਚੋਰ। ਧਾਤੂ = ਧਾਵਨ ਵਾਲੇ, ਭਟਕਣਾ ਵਿਚ ਪਾਣ ਵਾਲੇ। ਸਬਦੀ = ਸ਼ਬਦ ਦੀ ਰਾਹੀਂ। ਕਾਢੇ ਮਾਰਿ = ਮਾਰ ਕੇ ਕੱਢ ਦਿੱਤੇ ॥੧॥ ਰਹਾਉ ॥
ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥
Those whose minds are satisfied with the Lord - the Lord Himself resolves their affairs.
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ। ਸੇਤੀ = ਨਾਲ। ਮਾਨਿਆ = ਗਿੱਝ ਗਿਆ। ਕਾਰਜ = {ਬਹੁ-ਵਚਨ} ਸਾਰੇ ਕੰਮ। ਸਵਾਰਿ = ਸਵਾਰੇ, ਸਵਾਰਦਾ ਹੈ।
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥
Their subservience and their dependence on other people is ended; the Creator Lord is on their side. ||2||
ਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ ॥੨॥ ਚੂਕੀ = ਮੁੱਕ ਗਈ। ਮੁਹਤਾਜੀ = ਗ਼ਰਜ਼। ਅੰਗੀਕਾਰੁ = ਸਹਾਇਤਾ। ਕਰਤਾਰਿ = ਕਰਤਾਰ ਨੇ ॥੨॥
ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥
If something were beyond the realm of the Lord's Power, only then would we have recourse to consult someone else.
ਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ। ਮਤਾ = ਆਪਣੇ ਮਨ ਦੀ ਸਲਾਹ। ਮਸੂਰਤਿ = ਮਸ਼ਵਰਾ। ਕੀਜੈ = ਕੀਤਾ ਜਾ ਸਕਦਾ ਹੈ। ਹਰਿ ਬਾਹਰਿ = ਪਰਮਾਤਮਾ ਤੋਂ ਬਾਹਰਾ।
ਜੋ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥
Whatever the Lord does is good. Meditate on the Name of the Lord, night and day. ||3||
ਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ। (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ॥੩॥ ਭਲ = ਭਲਾ। ਹੋਸੀ = ਹੋਵੇਗਾ। ਅਨਦਿਨੁ = ਹਰ ਰੋਜ਼, ਹਰ ਵੇਲੇ ॥੩॥
ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥
Whatever the Lord does, He does by Himself. He does not ask or consult anyone else.
ਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ। ਆਪੇ = ਆਪ ਹੀ। ਪੂਛਿ = ਪੁੱਛ ਕੇ। ਬੀਚਾਰਿ = ਵਿਚਾਰ ਕਰ ਕੇ।
ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥
O Nanak, meditate forever on God; granting His Grace, He unites us with the True Guru. ||4||1||5||
ਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ ॥੪॥੧॥੫॥ ਜਿਨਿ = ਜਿਸ (ਪ੍ਰਭੂ) ਨੇ। ਧਾਰਿ = ਧਾਰ ਕੇ ॥੪॥੧॥੫॥