ਧਨਾਸਰੀ ਮਹਲਾ ੫ ॥
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥
I am meek and poor; the Name of God is my only Support.
ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ।
ਖਾਟਣ ਕਉ ਹਰਿ ਹਰਿ ਰੋਜਗਾਰੁ ॥
The Name of the Lord, Har, Har, is my occupation and earnings.
ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ।
ਸੰਚਣ ਕਉ ਹਰਿ ਏਕੋ ਨਾਮੁ ॥
I gather only the Lord's Name.
ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। ਸੰਚਣ ਕਉ = ਜਮ੍ਹਾਂ ਕਰਨ ਲਈ।
ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥
It is useful in both this world and the next. ||1||
(ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ ॥੧॥
ਨਾਮਿ ਰਤੇ ਪ੍ਰਭ ਰੰਗਿ ਅਪਾਰ ॥
Imbued with the Love of the Lord God's Infinite Name,
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ-ਰੰਗ ਵਿਚ। ਅਪਾਰ = ਬੇਅੰਤ।
ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
the Holy Saints sing the Glorious Praises of the One Lord, the Formless Lord. ||Pause||
ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ਰਹਾਉ॥ ਸਾਧ = ਸੰਤ ਜਨ। ਗਵਹਿ = ਗਾਂਦੇ ਹਨ ॥ਰਹਾਉ॥
ਸਾਧ ਕੀ ਸੋਭਾ ਅਤਿ ਮਸਕੀਨੀ ॥
The Glory of the Holy Saints comes from their total humility.
ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਅਤਿ ਮਸਕੀਨੀ = ਬਹੁਤ ਨਿਮ੍ਰਤਾ।
ਸੰਤ ਵਡਾਈ ਹਰਿ ਜਸੁ ਚੀਨੀ ॥
The Saints realize that their greatness rests in the Praises of the Lord.
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਚੀਨੀ = ਪਛਾਣੀ। ਜਸੁ = ਸਿਫ਼ਤ-ਸਾਲਾਹ।
ਅਨਦੁ ਸੰਤਨ ਕੈ ਭਗਤਿ ਗੋਵਿੰਦ ॥
Meditating on the Lord of the Universe, the Saints are in bliss.
ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ।
ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥
The Saints find peace, and their anxieties are dispelled. ||2||
(ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥ ਚਿੰਦ = ਚਿੰਤਾ ॥੨॥
ਜਹ ਸਾਧ ਸੰਤਨ ਹੋਵਹਿ ਇਕਤ੍ਰ ॥
Wherever the Holy Saints gather,
ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ, ਜਹ = ਜਿੱਥੇ। ਇਕਤ੍ਰ = ਇਕੱਠੇ।
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥
there they sing the Praises of the Lord, in music and poetry.
ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਨਾਦ = ਸਾਜ (ਵਜਾ ਕੇ)। ਕਵਿਤ = ਕਵਿਤਾ (ਪੜ੍ਹ ਕੇ)।
ਸਾਧ ਸਭਾ ਮਹਿ ਅਨਦ ਬਿਸ੍ਰਾਮ ॥
In the Society of the Saints, there is bliss and peace.
ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਬਿਸ੍ਰਾਮ = ਸ਼ਾਂਤੀ।
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥
They alone obtain this Society, upon whose foreheads such destiny is written. ||3||
ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥ ਉਨ ਸੰਗੁ = ਉਹਨਾਂ ਦੀ ਸੰਗਤਿ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼ ॥੩॥
ਦੁਇ ਕਰ ਜੋੜਿ ਕਰੀ ਅਰਦਾਸਿ ॥
With my palms pressed together, I offer my prayer.
ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਕਰੀ = ਕਰੀਂ, ਮੈਂ ਕਰਦਾ ਹਾਂ।
ਚਰਨ ਪਖਾਰਿ ਕਹਾਂ ਗੁਣਤਾਸ ॥
I wash their feet, and chant the Praises of the Lord, the treasure of virtue.
ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
ਪ੍ਰਭ ਦਇਆਲ ਕਿਰਪਾਲ ਹਜੂਰਿ ॥
O God, merciful and compassionate, let me remain in Your Presence.
ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ)
ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
Nanak lives, in the dust of the Saints. ||4||2||23||
ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ-ਧੂੜ ॥੪॥੨॥੨੩॥