ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
Kabeer: O Mullah, why do you climb to the top of the minaret? The Lord is not hard of hearing.
ਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)। ਮੁਲਾਂ = ਹੇ ਮੁੱਲਾਂ! ਕਿਆ ਚਢਹਿ = ਚੜ੍ਹਨ ਦਾ ਕੋਈ ਫ਼ਾਇਦਾ ਨਹੀਂ। ਮੁਨਾਰੇ ਕਿਆ ਚਢਹਿ = ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਕੋਈ ਲਾਭ ਨਹੀਂ, ਬਾਂਗ ਦੇਣ ਦਾ ਤੈਨੂੰ ਆਪ ਨੂੰ ਕੋਈ ਫ਼ਾਇਦਾ ਨਹੀਂ। ਬਹਰਾ = ਬੋਲਾ (ਨੋਟ: ਬੋਲੇ ਨੂੰ ਉੱਚੀ ਕੂਕ ਕੇ ਆਦਰ-ਪਿਆਰ ਦੀ ਗੱਲ ਆਖ ਕੇ, ਪਰ ਹੌਲੀ ਹੌਲੀ ਗਾਲ੍ਹਾਂ ਕੱਢ ਕੇ ਠੱਗ ਸਕੀਦਾ ਹੈ, ਪਰ ਰੱਬ ਤਾਂ ਦਿਲ ਦੀ ਹਾਲਤ ਭੀ ਸਮਝਦਾ ਹੈ, ਉਹ ਨਹੀਂ ਠੱਗਿਆ ਜਾ ਸਕਦਾ)।
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
Look within your own heart for the One, for whose sake you shout your prayers. ||184||
ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥ ਜਾ ਕਾਰਨਿ = ਜਿਸ ਰੱਬ ਦੀ ਨਮਾਜ਼ ਦੀ ਖ਼ਾਤਰ। ਜੋਇ = ਵੇਖ, ਢੂੰਢ ॥੧੮੪॥