ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਸਬਦਿ ਮਰੈ ਸੁ ਮੁਆ ਜਾਪੈ ॥
One who dies in the Word of the Shabad is truly dead.
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ, ਮਰੈ = ਮਰਦਾ ਹੈ। ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ। ਜਾਪੈ = ਉੱਘਾ ਹੋ ਜਾਂਦਾ ਹੈ।
ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥
Death does not crush him, and pain does not afflict him.
ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ। ਕਾਲੁ = ਮੌਤ, ਆਤਮਕ ਮੌਤ। ਚਾਪੈ = {चाप = ਧਨੁਖ} ਫਾਹੀ ਪਾ ਸਕਦਾ।
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥
His light merges and is absorbed into the Light, when he hears and merges in the Truth. ||1||
ਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੧॥ ਮਿਲਿ = ਮਿਲ ਕੇ। ਮਨ = ਹੇ ਮਨ! ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥
I am a sacrifice, my soul is a sacrifice, to the Lord's Name, which brings us to glory.
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ। ਕੈ ਨਾਇ = ਦੇ ਨਾਮ ਵਿਚ।
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥
One who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||
ਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਉਹ ਗੁਰੂ ਦੀ ਮਤਿ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥ ਸੇਵਿ = ਸੇਵ ਕੇ, ਸੇਵਾ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
ਕਾਇਆ ਕਚੀ ਕਚਾ ਚੀਰੁ ਹੰਢਾਏ ॥
This human body is transitory, and transitory are the garments it wears.
ਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ)। ਕਚੀ = ਨਾਸਵੰਤ। ਚੀਰੁ = ਕੱਪੜਾ।
ਦੂਜੈ ਲਾਗੀ ਮਹਲੁ ਨ ਪਾਏ ॥
Attached to duality, no one attains the Mansion of the Lord's Presence.
(ਜਿੰਦ) ਮਾਇਆ ਦੇ ਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ। ਦੂਜੈ = ਮਾਇਆ ਦੇ ਮੋਹ ਵਿਚ। ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ।
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
Night and day, day and night, they burn. Without her Husband Lord, the soul-bride suffers in terrible pain. ||2||
(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ ॥੨॥ ਜਲਦੀ = ਸੜਦੀ ॥੨॥
ਦੇਹੀ ਜਾਤਿ ਨ ਆਗੈ ਜਾਏ ॥
Her body and her status shall not go with her to the world hereafter.
ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)। ਦੇਹੀ = ਸਰੀਰ। ਜਾਤਿ = (ਉੱਚੀ) ਜਾਤਿ (ਦਾ ਮਾਣ)। ਆਗੈ = ਪਰਲੋਕ ਵਿਚ।
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
Where she is called to answer for her account, there, she shall be emancipated only by true actions.
ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ। ਛੁਟੈ = ਸੁਰਖ਼ਰੂ ਹੁੰਦਾ ਹੈ। ਕਮਾਏ = ਕਮਾਇ, ਕਮਾ ਕੇ। ਸਚੁ ਕਮਾਏ = ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰ ਕੇ।
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
Those who serve the True Guru shall prosper; here and hereafter, they are absorbed in the Naam. ||3||
ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੩॥ ਐਥੈ ਓਥੈ = ਇਸ ਲੋਕ ਵਿਚ ਤੇ ਪਰਲੋਕ ਵਿਚ। ਨਾਮਿ = ਨਾਮ ਵਿਚ ॥੩॥
ਭੈ ਭਾਇ ਸੀਗਾਰੁ ਬਣਾਏ ॥
She who adorns herself with the Love and the Fear of God,
ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ, ਭੈ = (ਪ੍ਰਭੂ ਦੇ) ਡਰ-ਅਦਬ ਵਿਚ (ਰਹਿ ਕੇ)। ਭਾਇ = (ਪ੍ਰਭੂ ਦੇ) ਪਿਆਰ ਵਿਚ (ਜੁੜ ਕੇ)। ਸੀਗਾਰੁ = ਗਹਣਾ।
ਗੁਰ ਪਰਸਾਦੀ ਮਹਲੁ ਘਰੁ ਪਾਏ ॥
by Guru's Grace, obtains the Mansion of the Lord's Presence as her home.
ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ।
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
Night and day, day and night, she constantly ravishes and enjoys her Beloved. She is dyed in the permanent color of His Love. ||4||
ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ॥੪॥ ਰਵੈ = ਸਿਮਰਦਾ ਹੈ। ਮਜੀਠੈ ਰੰਗੁ = ਮਜੀਠ ਵਾਲਾ ਪੱਕਾ ਰੰਗ ॥੪॥
ਸਭਨਾ ਪਿਰੁ ਵਸੈ ਸਦਾ ਨਾਲੇ ॥
The Husband Lord abides with everyone, always;
(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ,
ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
but how rare are those few who, by Guru's Grace, obtain His Glance of Grace.
ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ। ਕੋ = ਕੋਈ ਵਿਰਲਾ। ਨਦਰਿ ਨਿਹਾਲੇ = ਅੱਖਾਂ ਨਾਲ ਵੇਖਦਾ ਹੈ।
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
My God is the Highest of the High; granting His Grace, He merges us into Himself. ||5||
(ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੫॥
ਮਾਇਆ ਮੋਹਿ ਇਹੁ ਜਗੁ ਸੁਤਾ ॥
This world is asleep in emotional attachment to Maya.
ਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ।) ਮੋਹਿ = ਮੋਹ ਵਿਚ।
ਨਾਮੁ ਵਿਸਾਰਿ ਅੰਤਿ ਵਿਗੁਤਾ ॥
Forgetting the Naam, the Name of the Lord, it ultimately comes to ruin.
ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ। ਅੰਤ = ਆਖ਼ਰ। ਵਿਗੁਤਾ = ਖ਼ੁਆਰ ਹੁੰਦੀ ਹੈ।
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
The One who put it to sleep shall also awaken it. Through the Guru's Teachings, understanding dawns. ||6||
ਜਾਗੇ ਭੀ ਕਿਵੇਂ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੬॥ ਜਿਸ ਤੇ = ਜਿਸ ਪਰਮਾਤਮਾ ਦੇ ਹੁਕਮ ਅਨੁਸਾਰ ॥੬॥
ਅਪਿਉ ਪੀਐ ਸੋ ਭਰਮੁ ਗਵਾਏ ॥
One who drinks in this Nectar, shall have his delusions dispelled.
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਰਮੁ = ਭਟਕਣਾ।
ਗੁਰ ਪਰਸਾਦਿ ਮੁਕਤਿ ਗਤਿ ਪਾਏ ॥
By Guru's Grace, the state of liberation is attained.
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
One who is imbued with devotion to the Lord, remains always balanced and detached. Subduing selfishness and conceit, he is united with the Lord. ||7||
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ॥੭॥ ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਉਤਾਂਹ। ਆਪੁ = ਆਪਾ-ਭਾਵ ॥੭॥
ਆਪਿ ਉਪਾਏ ਧੰਧੈ ਲਾਏ ॥
He Himself creates, and He Himself assigns us to our tasks.
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ। ਧੰਧੈ = ਝੰਬੇਲੇ ਵਿਚ।
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
He Himself gives sustenance to the 8.4 million species of beings.
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ।
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
O Nanak, those who meditate on the Naam are atuned to Truth. They do that which is pleasing to His Will. ||8||4||5||
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ॥੮॥੪॥੫॥ ਸਚਿ = ਸਦਾ-ਥਿਰ ਪ੍ਰਭੂ ਵਿਚ ॥੮॥