ਮਾਝ ਮਹਲਾ ੩ ॥
Maajh, Third Mehl:
ਮਾਝ ਤੀਜੀ ਪਾਤਸ਼ਾਹੀ।
ਇਕੋ ਆਪਿ ਫਿਰੈ ਪਰਛੰਨਾ ॥
The One Lord Himself moves about imperceptibly.
(ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ। ਪਰਛੰਨਾ = {परिच्छन्न = Enveloped, clothed} ਢਕਿਆ ਹੋਇਆ।
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥
As Gurmukh, I see Him, and then this mind is pleased and uplifted.
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭਿੰਨਾ = ਭਿੱਜ ਗਿਆ।
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥
Renouncing desire, I have found intuitive peace and poise; I have enshrined the One within my mind. ||1||
(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ॥੧॥ ਤਜਿ = ਛੱਡ ਕੇ। ਸਹਜੁ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਮੰਨਿ = ਮਨਿ, ਮਨ ਵਿਚ ॥੧॥
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥
I am a sacrifice, my soul is a sacrifice, to those who focus their consciousness on the One.
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ। ਹਉ = ਮੈਂ। ਇਕਸੁ ਸਿਉ = ਸਿਰਫ਼ ਇਕ ਨਾਲ।
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥
Through the Guru's Teachings, my mind has come to its only home; it is imbued with the True Color of the Lord's Love. ||1||Pause||
ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ॥੧॥ ਰਹਾਉ ॥ ਇਕਤੁ ਘਰਿ = ਇਕ ਘਰ ਵਿਚ ॥੧॥ ਰਹਾਉ ॥
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥
This world is deluded; You Yourself have deluded it.
(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ।
ਇਕੁ ਵਿਸਾਰਿ ਦੂਜੈ ਲੋਭਾਇਆ ॥
Forgetting the One, it has become engrossed in duality.
ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ। ਬਿਸਾਰਿ = ਭੁਲਾ ਕੇ। ਦੂਜੈ = ਤੈਥੋਂ ਬਿਨਾ ਕਿਸੇ ਹੋਰ ਵਿਚ, ਮਾਇਆ ਦੇ ਮੋਹ ਵਿਚ।
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥
Night and day, it wanders around endlessly, deluded by doubt; without the Name, it suffers in pain. ||2||
ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ॥੨॥ ਅਨਦਿਨੁ = ਹਰ ਰੋਜ਼ {अनुदिनं}। ਭ੍ਰਮਿ = ਭਟਕਣਾ ਵਿਚ ॥੨॥
ਜੋ ਰੰਗਿ ਰਾਤੇ ਕਰਮ ਬਿਧਾਤੇ ॥
Those who are attuned to the Love of the Lord, the Architect of Destiny
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ, ਰੰਗਿ = ਪ੍ਰੇਮ ਵਿਚ। ਬਿਧਾਤਾ = ਜਗਤ-ਰਚਨਾ ਕਰਨ ਵਾਲਾ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥
by serving the Guru, they are known throughout the four ages.
ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ। ਤੇ = ਤੋਂ, ਨਾਲ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਲਈ। ਜਾਤੇ = ਪ੍ਰਸਿੱਧ ਹੋ ਜਾਂਦੇ ਹਨ।
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥
Those, upon whom the Lord bestows greatness, are absorbed in the Name of the Lord. ||3||
(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੩॥ ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ ॥੩॥
ਮਾਇਆ ਮੋਹਿ ਹਰਿ ਚੇਤੈ ਨਾਹੀ ॥
Being in love with Maya, they do not think of the Lord.
ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ, ਮੋਹਿ = ਮੋਹ ਵਿਚ (ਫਸ ਕੇ)।
ਜਮਪੁਰਿ ਬਧਾ ਦੁਖ ਸਹਾਹੀ ॥
Bound and gagged in the City of Death, they suffer in terrible pain.
ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ। ਜਮ ਪੁਰਿ = ਜਮ ਦੀ ਨਗਰੀ ਵਿਚ। ਸਹਾਹੀ = ਸਹੈ, ਸਹਾਰਦਾ ਹੈ।
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥
Blind and deaf, they see nothing at all; the self-willed manmukhs rot away in sin. ||4||
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ॥੪॥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਾਪਿ = ਪਾਪ ਵਿਚ। ਪਚਾਵਣਿਆ = {प्लुष = ਸੜਨਾ} ਸੜਦੇ ਹਨ, ਦੁਖੀ ਹੁੰਦੇ ਹਨ ॥੪॥
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥
Those, whom You attach to Your Love, are attuned to Your Love.
(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਇਕਿ = {ਲਫ਼ਜ਼ 'ਇਕ ਤੋਂ ਬਹੁ-ਵਚਨ}। ਤੁਧੁ = ਤੂੰ।
ਭਾਇ ਭਗਤਿ ਤੇਰੈ ਮਨਿ ਭਾਏ ॥
Through loving devotional worship, they become pleasing to Your Mind.
(ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ। ਭਾਇ = ਪ੍ਰੇਮ ਵਿਚ। ਮਨਿ = ਮਨ ਵਿਚ। ਭਾਏ = ਪਿਆਰੇ ਲੱਗੇ।
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥
They serve the True Guru, the Giver of eternal peace, and all their desires are fulfilled. ||5||
ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ॥੫॥ ਸੇਵਨਿ = ਸੇਂਵਦੇ ਹਨ ॥੫॥
ਹਰਿ ਜੀਉ ਤੇਰੀ ਸਦਾ ਸਰਣਾਈ ॥
O Dear Lord, I seek Your Sanctuary forever.
ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ। ਹਰਿ ਜੀਉ = ਹੇ ਪ੍ਰਭੂ ਜੀ!
ਆਪੇ ਬਖਸਿਹਿ ਦੇ ਵਡਿਆਈ ॥
You Yourself forgive us, and bless us with Glorious Greatness.
ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ। ਦੇ = ਦੇ ਕੇ।
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥
The Messenger of Death does not draw near those who meditate on the Name of the Lord, Har, Har. ||6||
(ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥ ਜਮ ਕਾਲੁ = ਮੌਤ, ਆਤਮਕ ਮੌਤ ॥੬॥
ਅਨਦਿਨੁ ਰਾਤੇ ਜੋ ਹਰਿ ਭਾਏ ॥
Night and day, they are attuned to His Love; they are pleasing to the Lord.
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
My God merges with them, and unites them in Union.
ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ। ਪ੍ਰਭਿ = ਪ੍ਰਭੂ ਨੇ। ਮੇਲਿ = ਮਿਲਾਪ ਵਿਚ।
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥
Forever and ever, O True Lord, I seek the Protection of Your Sanctuary; You Yourself inspire us to understand the Truth. ||7||
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ॥੭॥ ਸਚੇ = ਹੇ ਸਦਾ-ਥਿਰ ਪ੍ਰਭੂ! ਸਚੁ = ਸਦਾ-ਥਿਰ ਨਾਮ ॥੭॥
ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥
Those who know the Truth are absorbed in Truth.
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ। ਜਾਤਾ = ਸਾਂਝ ਪਾ ਲਈ, ਪਛਾਣ ਲਿਆ। ਸਚਿ = ਸਦਾ-ਥਿਰ ਪ੍ਰਭੂ ਵਿਚ।
ਹਰਿ ਗੁਣ ਗਾਵਹਿ ਸਚੁ ਵਖਾਣੇ ॥
They sing the Lord's Glorious Praises, and speak the Truth.
ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ। ਵਖਾਣੇ = ਵਖਾਣਿ, ਵਖਾਣ ਕੇ, ਉਚਾਰ ਕੇ।
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥
O Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ॥੮॥੩॥੪॥ ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ ਘਰ ਵਿਚ। ਤਾੜੀ = ਸਮਾਧੀ ॥੮॥