ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਕੁਚਿਲ ਕਠੋਰ ਕਪਟ ਕਾਮੀ

I am filthy, hard-hearted, deceitful and obsessed with sexual desire.

ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ। ਕੁਚਿਲ = ਗੰਦੇ ਆਚਰਨ ਵਾਲੇ। ਕਠੋਰ = ਨਿਰਦਈ। ਕਪਟ = ਠੱਗੀ ਕਰਨ ਵਾਲੇ। ਕਾਮੀ = ਵਿਸ਼ਈ।

ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ

Please carry me across, as You wish, O my Lord and Master. ||1||Pause||

ਹੇ ਸੁਆਮੀ! ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥ ਜਿਉ ਜਾਨਹਿ = ਜਿਸ ਭੀ ਢੰਗ ਨਾਲ ਤੂੰ (ਪਾਰ ਲੰਘਾਣਾ ਠੀਕ) ਜਾਣਦਾ ਹੈਂ। ਤਿਉ = ਉਸੇ ਤਰ੍ਹਾਂ। ਸੁਆਮੀ = ਹੇ ਸੁਆਮੀ! ॥੧॥ ਰਹਾਉ ॥

ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥

You are All-powerful and Potent to grant Sanctuary. Exerting Your Power, You protect us. ||1||

ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥ ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਸਰਨਿ ਜੋਗੁ = ਸਰਨ-ਪਏ ਦੀ ਰੱਖਿਆ ਕਰਨ ਜੋਗਾ। ਕਲ = ਸੱਤਿਆ, ਤਾਕਤ। ਧਾਰਿ = ਧਾਰ ਕੇ, ਵਰਤ ਕੇ ॥੧॥

ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ

Chanting and deep meditation, penance and austere self-discipline, fasting and purification - salvation does not come by any of these means.

ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ। ਜਾਪ = ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ। ਸੁਚਿ = ਸਰੀਰਕ ਪਵਿੱਤਰਤਾ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੇ ਜਤਨ। ਇਨ ਬਿਧੇ = ਇਹਨਾਂ ਤਰੀਕਿਆਂ ਨਾਲ। ਛੁਟਕਾਰ = (ਵਿਕਾਰਾਂ ਤੋਂ) ਖ਼ਲਾਸੀ।

ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥

Please lift me up and out of this deep, dark ditch; O God, please bless Nanak with Your Glance of Grace. ||2||8||19||

ਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥ ਗਰਤ = (गर्त) ਟੋਆ। ਘੋਰ ਅੰਧ = ਘੁੱਪ ਹਨੇਰਾ (ਜਿੱਥੇ ਆਤਮਕ ਜੀਵਨ ਦੀ ਸੂਝ ਦਾ ਰਤਾ ਭੀ ਚਾਨਣ ਨਾਹ ਮਿਲੇ)। ਤੇ = ਤੋਂ, ਵਿਚੋਂ। ਪ੍ਰਭ = ਹੇ ਪ੍ਰਭੂ! ਨਦਰਿ ਨਿਹਾਰਿ = ਮਿਹਰ ਦੀ ਨਿਗਾਹ ਨਾਲ ਵੇਖ ਕੇ। ਨਿਹਾਰਿ = ਵੇਖ ਕੇ ॥੨॥੮॥੧੯॥