ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
Blessed is that love, which is attuned to the Lord's Feet.
ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ। ਧਨਿ = (धन्य) ਸਲਾਹੁਣ-ਯੋਗ। ਸੰਗਿ = ਨਾਲ।
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
The peace which comes from millions of chants and deep meditations is obtained by perfect good fortune and destiny. ||1||Pause||
(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥ ਕੋਟਿ = ਕ੍ਰੋੜਾਂ। ਆਇ = ਆ ਕੇ। ਬਡਭਾਗੀ = ਵੱਡੇ ਭਾਗਾਂ ਨਾਲ ॥੧॥ ਰਹਾਉ ॥
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥
I am Your helpless servant and slave; I have given up all other support.
ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ। ਮੋਹਿ = ਮੈਂ। ਅਨਾਥੁ = ਨਿਮਾਣਾ। ਅਵਰ ਓਟ = ਹੋਰ ਆਸਰਾ। ਮੋਹਿ = ਮੈਂ।
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥ ਭੋਰ ਭਰਮ = ਛੋਟੇ ਤੋਂ ਛੋਟੇ ਭਰਮ ਭੀ। ਅੰਜਨ = ਸੁਰਮਾ। ਮਿਲਿ = ਮਿਲ ਕੇ ॥੧॥
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
You are Unfathomably Great and Utterly Vast, O my Lord and Master, Ocean of Mercy, Source of Jewels.
ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ। ਅਤਿ ਬਡੋ = ਬਹੁਤ ਵੱਡਾ। ਕ੍ਰਿਪਾ ਸਿੰਧੁ = ਕਿਰਪਾ ਦਾ ਸਮੁੰਦਰ। ਰਤਨਾਗੀ = (ਰਤਨ-ਆਕਰ) ਰਤਨਾਂ ਦੀ ਖਾਣ।
ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥
Nanak, the beggar, begs for the Name of the Lord, Har, Har; he rests his forehead upon God's Feet. ||2||7||18||
ਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥ ਜਾਚਕੁ = ਮੰਗਤਾ। ਮਾਂਗੈ = ਮੰਗਦਾ ਹੈ (ਇਕ-ਵਚਨ)। ਮਸਤਕੁ = ਮੱਥਾ। ਆਨਿ = ਲਿਆ ਕੇ (ਆਇ = ਆ ਕੇ)। ਪ੍ਰਭ ਪਾਗੀ = ਪ੍ਰਭੂ ਦੇ ਪਗਾਂ (ਪੈਰਾਂ) ਵਿਚ ॥੨॥੭॥੧੮॥