ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥
Kabeer, the body is a banana forest, and the mind is an intoxicated elephant.
ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ। ਕਾਇਆ = ਸਰੀਰ। ਕਜਲੀ ਬਨੁ = ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇਕ ਜੰਗਲ ਦਾ ਨਾਮ ਹੈ ਜਿਥੇ ਹਾਥੀ ਰਹਿੰਦੇ ਹਨ, ਸੰਘਣਾ ਜੰਗਲ (ਨੋਟ: ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਤਾਂ ਇਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਪਰਤ ਪੈਂਦੇ ਹਨ ਕਾਮਾਦਿਕ ਅਨੇਕਾਂ ਵਿਕਾਰ ਪਰਗਟ ਹੋ ਉਠਦੇ ਹਨ। ਅਜੇਹੇ ਸਰੀਰ ਨੂੰ ਇਕ ਜੰਗਲ ਸਮਝ ਲਵੋ ਜਿਸ ਵਿਚ ਅਨੇਕਾਂ ਵਿਕਾਰ, ਮਾਨੋ, ਸੰਘਣੇ ਰੁੱਖ ਹਨ)। ਭਇਆ = (ਜੇ 'ਕੇਸੋ ਕੇਸੋ' ਨਾਹ ਕੂਕੀਏ, ਤਾਂ ਇਹ ਸਰੀਰ ਵਿਕਾਰ ਰੁੱਖਾਂ ਨਾਲ ਭਰਿਆ ਹੋਇਆ ਇਕ ਜੰਗਲ) ਬਣ ਜਾਂਦਾ ਹੈ। ਕੁੰਚਰੁ = ਹਾਥੀ। ਮਯ ਮੰਤੁ = ਮਦ ਮੱਤ, ਆਪਣੇ ਮਦ ਵਿਚ ਮੱਤਾ ਹੋਇਆ।
ਅੰਕਸੁ ਗੵਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥
The jewel of spiritual wisdom is the prod, and the rare Saint is the rider. ||224||
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥ ਅੰਕਸੁ = ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਂਦੇ ਹਨ। ਰਤਨੁ = ਰਤਨ ਵਰਗਾ ਸ੍ਰੇਸ਼ਟ। ਖੇਵਟੁ = ਚਲਾਣ ਵਾਲਾ ॥੨੨੪॥