ਭੈਰਉ ਮਹਲਾ ੫ ॥
Bhairao, Fifth Mehl:
ਭੈਰਓ ਪੰਜਵੀਂ ਪਾਤਿਸ਼ਾਹੀ।
ਗੁਰ ਮਿਲਿ ਤਿਆਗਿਓ ਦੂਜਾ ਭਾਉ ॥
Meeting with the Guru, I have forsaken the love of duality.
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਛੱਡ ਦਿੱਤਾ, ਗੁਰ ਮਿਲਿ = ਗੁਰੂ ਨੂੰ ਮਿਲ ਕੇ। ਭਾਉ = ਪਿਆਰ। ਦੂਜਾ ਭਾਉ = (ਪਰਮਾਤਮਾ ਤੋਂ ਬਿਨਾ) ਹੋਰ ਦਾ ਪਿਆਰ, ਮਾਇਆ ਦਾ ਮੋਹ।
ਗੁਰਮੁਖਿ ਜਪਿਓ ਹਰਿ ਕਾ ਨਾਉ ॥
As Gurmukh, I chant the Name of the Lord.
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥
My anxiety is gone, and I am in love with the Naam, the Name of the Lord.
(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ, ਨਾਮਿ = ਨਾਮ ਵਿਚ। ਰੰਗੁ = ਪ੍ਰੇਮ।
ਜਨਮ ਜਨਮ ਕਾ ਸੋਇਆ ਜਾਗਾ ॥੧॥
I was asleep for countless lifetimes, but I have now awakened. ||1||
ਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ॥੧॥ ਜਨਮ ਜਨਮ ਕਾ = ਅਨੇਕਾਂ ਜਨਮਾਂ ਦਾ ॥੧॥
ਕਰਿ ਕਿਰਪਾ ਅਪਨੀ ਸੇਵਾ ਲਾਏ ॥
Granting His Grace, He has linked me to His service.
ਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਕਰਿ = ਕਰ ਕੇ।
ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥
In the Saadh Sangat, the Company of the Holy, all pleasures are found. ||1||Pause||
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥ ਰਹਾਉ ॥
ਰੋਗ ਦੋਖ ਗੁਰ ਸਬਦਿ ਨਿਵਾਰੇ ॥
The Word of the Guru's Shabad has eradicated disease and evil.
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ, ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲਏ।
ਨਾਮ ਅਉਖਧੁ ਮਨ ਭੀਤਰਿ ਸਾਰੇ ॥
My mind has absorbed the medicine of the Naam.
ਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ, ਅਉਖਧੁ = ਦਵਾਈ। ਭੀਤਰਿ = ਵਿਚ। ਸਾਰੇ = ਸੰਭਾਲਦਾ ਹੈ, ਸਾਂਭ ਕੇ ਰੱਖਦਾ ਹੈ।
ਗੁਰ ਭੇਟਤ ਮਨਿ ਭਇਆ ਅਨੰਦ ॥
Meeting with the Guru, my mind is in bliss.
ਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ। ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ।
ਸਰਬ ਨਿਧਾਨ ਨਾਮ ਭਗਵੰਤ ॥੨॥
All treasures are in the Name of the Lord God. ||2||
ਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੨॥ ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਦੋਖ = ਐਬ, ਵਿਕਾਰ ॥੨॥
ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥
My fear of birth and death and the Messenger of Death has been dispelled.
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ, ਜਮ ਤ੍ਰਾਸ = ਜਮਰਾਜ ਦਾ ਸਹਿਮ। ਤ੍ਰਾਸ = ਡਰ, ਸਹਿਮ।
ਸਾਧਸੰਗਤਿ ਊਂਧ ਕਮਲ ਬਿਗਾਸ ॥
In the Saadh Sangat, the inverted lotus of my heart has blossomed forth.
ਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ। ਊਂਧ = ਉਲਟਿਆ ਹੋਇਆ, ਮਾਇਆ ਵਾਲੇ ਪਾਸੇ ਪਰਤਿਆ ਹੋਇਆ। ਬਿਗਾਸ = ਖੇੜਾ, ਖਿੜਾਉ।
ਗੁਣ ਗਾਵਤ ਨਿਹਚਲੁ ਬਿਸ੍ਰਾਮ ॥
Singing the Glorious Praises of the Lord, I have found eternal, abiding peace.
ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ, ਗਾਵਤ = ਗਾਂਦਿਆਂ। ਨਿਹਚਲੁ = (ਮਾਇਆ ਦੇ ਹੱਲਿਆਂ ਵਲੋਂ) ਅਡੋਲ। ਬਿਸ੍ਰਾਮ = ਟਿਕਾਣਾ।
ਪੂਰਨ ਹੋਏ ਸਗਲੇ ਕਾਮ ॥੩॥
All my tasks are perfectly accomplished. ||3||
ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥ ਕਾਮ = ਕੰਮ ॥੩॥
ਦੁਲਭ ਦੇਹ ਆਈ ਪਰਵਾਨੁ ॥
This human body, so difficult to obtain, is approved by the Lord.
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ, ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਕਾਂਇਆਂ, ਮਨੁੱਖਾ ਸਰੀਰ। ਆਈ ਪਰਵਾਨੁ = ਕਬੂਲ ਹੋ ਗਈ।
ਸਫਲ ਹੋਈ ਜਪਿ ਹਰਿ ਹਰਿ ਨਾਮੁ ॥
Chanting the Name of the Lord, Har, Har, it has become fruitful.
(ਉਸ ਦੀ ਕਾਇਆ) ਪਰਮਾਤਮਾ ਦਾ ਨਾਮ ਜਪ ਕੇ ਕਾਮਯਾਬ ਹੋ ਜਾਂਦੀ ਹੈ। ਜਪਿ = ਜਪ ਕੇ।
ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥
Says Nanak, God has blessed me with His Mercy.
ਨਾਨਕ ਆਖਦਾ ਹੈ- ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ, ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ।
ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥
With every breath and morsel of food, I meditate on the Lord, Har, Har. ||4||29||42||
ਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ॥੪॥੨੯॥੪੨॥ ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਜਪਉ = ਜਪਉਂ, ਮੈਂ ਜਪਦਾ ਹਾਂ ॥੪॥੨੯॥੪੨॥