ਬਸੰਤੁ ਮਹਲਾ ੧ ਹਿੰਡੋਲ ॥
Basant, First Mehl, Hindol:
ਬਸੰਤ ਪਹਿਲੀ ਪਾਤਿਸ਼ਾਹੀ ਹਿੰਡੋਲ।
ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥
In the House of the Husband Lord - in the world hereafter, everything is jointly owned; but in this world - in the house of the soul-bride's parents, the soul-bride owns them separately.
ਆਤਮਕ ਜੀਵਨ ਦੀ ਦਾਤ ਜੋ ਪਤੀ-ਪ੍ਰਭੂ ਵਲੋਂ ਮਿਲੀ ਸੀ ਉਹ ਤਾਂ ਸਭਨਾਂ ਨਾਲ ਵੰਡੀ ਜਾ ਸਕਣ ਵਾਲੀ ਸੀ, ਪਰ ਜਗਤ-ਪੇਕੇ ਘਰ ਵਿਚ ਰਹਿੰਦਿਆਂ (ਮਾਇਆ ਦੇ ਮੋਹ ਦੇ ਪ੍ਰਭਾਵ ਹੇਠ) ਮੈਂ ਜੀਵ-ਇਸਤ੍ਰੀ ਵਿਤਕਰੇ ਹੀ ਸਿੱਖਦੀ ਰਹੀ। ਸਾਹੁਰੜੀ ਵਥੁ = ਉਹ ਵਸਤ ਜੋ ਪਤੀ-ਪ੍ਰਭੂ ਵਲੋਂ ਮਿਲੀ ਹੈ, ਆਤਮਕ ਜੀਵਨ ਦੀ ਦਾਤਿ। ਸਾਝੀ = ਸਭਨਾਂ ਦੇ ਨਾਲ ਵੰਡਣ ਵਾਲੀ। ਪੇਵਕੜੈ = ਪੇਕੇ ਘਰ ਵਿਚ, ਸੰਸਾਰਕ ਜੀਵਨ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਵਖੇ = ਵਖਿ, ਵਖ ਵਖ ਰਹਿਣ ਵਾਲੀ, ਵਿਤਕਰੇ ਕਰਨ ਵਾਲੀ।
ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥
She herself is ill-mannered; how can she blame anyone else? She does not know how to take care of these things. ||1||
ਮੈਂ ਆਪ ਹੀ ਕੁਚੱਜੀ ਰਹੀ (ਭਾਵ, ਮੈਂ ਸੋਹਣੀ ਜੀਵਨ-ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿਚ ਦੁੱਖ ਸਹੇੜੇ ਹਨ, ਪਰ) ਮੈਂ ਕਿਸੇ ਹੋਰ ਉਤੇ (ਇਹਨਾਂ ਦੁੱਖਾਂ ਬਾਰੇ) ਕੋਈ ਦੋਸ ਨਹੀਂ ਲਾ ਸਕਦੀ। (ਪਤੀ-ਪ੍ਰਭੂ ਵਲੋਂ ਮਿਲੀ ਆਤਮਕ ਜੀਵਨ ਦੀ ਦਾਤ ਨੂੰ) ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ਆਈ ॥੧॥ ਕੁਚਜੀ = ਜਿਸ ਨੂੰ ਚੰਗੀ ਜੀਵਨ-ਜੁਗਤਿ ਨਾਹ ਆਉਂਦੀ ਹੋਵੇ। ਦੇਊ = ਮੈਂ ਦੇਂਦੀ ਹਾਂ। ਜਾਣਾ ਨਾਹੀ = ਮੈਂ ਨਹੀਂ ਜਾਣਦੀ। ਨਾਹੀ ਰਖੇ ਜਾਣਾ = ਰਖਿ ਨ ਜਾਣਾ, ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ॥੧॥
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
O my Lord and Master, I am deluded by doubt.
ਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ। ਹਉ = ਮੈਂ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ। ਭੁਲਾਣੀ = ਮੈਂ ਭੁੱਲੀ ਹੋਈ ਹਾਂ, ਮੈਂ ਕੁਰਾਹੇ ਪਈ ਹੋਈ ਹਾਂ।
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥
I sing the Word which You have written; I do not know any other Word. ||1||Pause||
(ਮਾਇਆ ਦੇ ਮੋਹ ਵਿਚ ਫਸ ਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਂਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ) ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ (ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ) ॥੧॥ ਰਹਾਉ ॥ ਅਖਰ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ-ਰੂਪ ਲੇਖ। ਸੇਈ ਗਾਵਾ = ਸੇਈ ਅਖਰ ਗਾਵਾ, ਉਹੀ ਅੱਖਰ ਮੈਂ ਗਾਂਦੀ ਹਾਂ, ਉਹਨਾਂ ਹੀ ਸੰਸਕਾਰਾਂ ਵਾਲੇ ਕੰਮ ਮੈਂ ਮੁੜ ਮੁੜ ਕਰਦੀ ਹਾਂ। ਬਾਣੀ = ਬਣਤਰ, ਬਨਾਵਟ, ਘਾੜਤ। ਨ ਜਾਣਾ = ਮੈਂ ਨਹੀਂ ਜਾਣਦੀ ॥੧॥ ਰਹਾਉ ॥
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ ॥
She alone is known as the Lord's bride, who embroiders her gown in the Name.
ਜੇਹੜੀਆਂ ਜੀਵ-ਇਸਤ੍ਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ (ਆਪਣੇ ਮਨ ਵਿਚ ਬਣਾ ਕੇ) ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ ਉਹਨਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਸਮਝੋ। ਕਢਿ ਕਸੀਦਾ = ਕਸੀਦਾ ਕੱਢ ਕੇ, ਸੋਹਣੇ ਚਿੱਤਰ ਬਣਾ ਕੇ, ਸ਼ੁਭ ਗੁਣਾਂ ਦੇ ਸੋਹਣੇ ਚਿੱਤਰ ਬਣਾ ਕੇ। ਪਹਿਰਹਿ = (ਜੇ ਇਸਤ੍ਰੀਆਂ) ਪਹਿਨਣ। ਚੋਲੀ = ਪਟੋਲਾ, ਪ੍ਰੇਮ ਪਟੋਲਾ।
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥
She who preserves and protects the home of her own heart and does not taste of evil, shall be the Beloved of her Husband Lord. ||2||
ਜੇਹੜੀਆਂ ਇਸਤ੍ਰੀਆਂ ਆਪਣਾ (ਆਤਮਕ ਜੀਵਨ ਦਾ) ਘਰ ਸਾਂਭ ਕੇ ਰੱਖਦੀਆਂ ਹਨ ਕੋਈ ਵਿਕਾਰ ਕੋਈ ਭੈੜ ਨਹੀਂ ਚੱਖਦੀਆਂ (ਭਾਵ, ਜੋ ਮਾੜੇ ਰਸਾਂ ਵਿਚ ਪਰਵਿਰਤ ਨਹੀਂ ਹੁੰਦੀਆਂ) ਉਹ ਖਸਮ-ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ॥੨॥
ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥
If you are a learned and wise religious scholar, then make a boat of the letters of the Lord's Name.
ਜੇ ਤੂੰ ਸਚ ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਸਿਆਣਾ ਹੈਂ (ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ) ਹਰਿ-ਨਾਮ ਹੀ ਬੇੜੀ ਹੈ। ਬੀਨਾ = ਸਿਆਣਾ। ਦੁਇ ਅਖਰ = ਰਾਮ-ਨਾਮ, ਹਰਿ-ਨਾਮ। ਨਾਵਾ = ਨਾਵ, ਬੇੜੀ।
ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥
Prays Nanak, the One Lord shall carry you across, if you merge in the True Lord. ||3||2||10||
ਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਿਆ ਰਹਾਂ ॥੩॥੨॥੧੦॥ ਪ੍ਰਣਵਤਿ = ਬੇਨਤੀ ਕਰਦਾ ਹੈ। ਏਕੁ = ਇਕ ਹਰਿ-ਨਾਮ। ਸਚਿ = ਸੱਚ ਵਿਚ ॥੩॥੨॥੧੦॥