ਮਾਝ ਮਹਲਾ ੫ ॥
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
ਹੁਕਮੀ ਵਰਸਣ ਲਾਗੇ ਮੇਹਾ ॥
By His Command, the rain begins to fall.
(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ) ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਮੇਹਾ = ਮੀਂਹ, ਨਾਮ ਦੀ ਵਰਖਾ।
ਸਾਜਨ ਸੰਤ ਮਿਲਿ ਨਾਮੁ ਜਪੇਹਾ ॥
The Saints and friends have met to chant the Naam.
ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ ਸਾਜਨ ਸੰਤ-ਸਤਸੰਗੀ ਗੁਰਮੁਖਿ ਬੰਦੇ। ਮਿਲਿ = (ਸਤਸੰਗ ਵਿਚ) ਮਿਲ ਕੇ। ਜਪੇਹਾ = ਜਪਦੇ ਹਨ।
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥
Serene tranquility and peaceful ease have come; God Himself has brought a deep and profound peace. ||1||
(ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ॥੧॥ ਸੀਤਲ = ਠੰਢ ਪਾਣ ਵਾਲੀ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਠਾਢਿ = ਠੰਢ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ ॥੧॥
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥
God has produced everything in great abundance.
(ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ, ਸਭੁ ਕਿਛੁ = ਹਰੇਕ ਆਤਮਕ ਗੁਣ।
ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥
Granting His Grace, God has satisfied all.
(ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਜਾਇਆ = ਸੰਤੋਖੀ ਬਣਾ ਦਿੱਤਾ।
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥
Bless us with Your Gifts, O my Great Giver. All beings and creatures are satisfied. ||2||
ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥ ਕਰਹੁ = ਤੁਸੀ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ ॥੨॥
ਸਚਾ ਸਾਹਿਬੁ ਸਚੀ ਨਾਈ ॥
True is the Master, and True is His Name.
ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ, ਸਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ।
ਗੁਰ ਪਰਸਾਦਿ ਤਿਸੁ ਸਦਾ ਧਿਆਈ ॥
By Guru's Grace, I meditate forever on Him.
ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ। ਤਿਸੁ = ਉਸ (ਪ੍ਰਭੂ) ਨੂੰ। ਧਿਆਈ = ਮੈਂ ਧਿਆਉਂਦਾ ਹਾਂ, ਧਿਆਈਂ।
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥
The fear of birth and death has been dispelled; emotional attachment, sorrow and suffering have been erased. ||3||
(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ॥੩॥ ਭੈ = ਸਾਰੇ ਡਰ {'ਭਉ' ਤੋਂ ਬਹੁ-ਵਚਨ 'ਭੈ'}। ਸੰਤਾਪੇ = ਦੁੱਖ-ਕਲੇਸ਼ ॥੩॥
ਸਾਸਿ ਸਾਸਿ ਨਾਨਕੁ ਸਾਲਾਹੇ ॥
With each and every breath, Nanak praises the Lord.
(ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਨਾਨਕੁ ਸਾਲਾਹੇ = ਨਾਨਕ ਸਿਫ਼ਤਿ-ਸਾਲਾਹ ਕਰਦਾ ਹੈ {ਨਾਨਕ = ਹੇ ਨਾਨਕ!}।
ਸਿਮਰਤ ਨਾਮੁ ਕਾਟੇ ਸਭਿ ਫਾਹੇ ॥
Meditating in remembrance on the Name, all bonds are cut away.
ਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥
One's hopes are fulfilled in an instant, chanting the Glorious Praises of the Lord, Har, Har, Har. ||4||27||34||
(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥ ਪੂਰਨ ਕਰੀ = ਪੂਰੀ ਕਰਦਾ ਹੈ ॥੪॥