ਮਾਝ ਮਹਲਾ

Maajh, Fifth Mehl:

ਮਾਝ, ਪੰਜਵੀਂ ਪਾਤਸ਼ਾਹੀ।

ਸੁਣਿ ਸੁਣਿ ਜੀਵਾ ਸੋਇ ਤੁਮਾਰੀ

Hearing of You, I live.

ਹੇ ਪ੍ਰਭੂ! ਤੇਰੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਸੁਣਿ ਸੁਣ ਕੇ। ਸੋਇ = {श्रुति} ਖ਼ਬਰ, ਗੱਲ।

ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ

You are my Beloved, my Lord and Master, Utterly Great.

ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ। ਅਤਿ ਭਾਰੀ = ਬਹੁਤ ਵੱਡਾ।

ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁਪਾਲਾ ਜੀਉ ॥੧॥

You alone know Your Ways; I grasp Your Support, Lord of the World. ||1||

ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥ ਕਰਤਬ = {कर्तव्य} ਫ਼ਰਜ਼। ਓਟ = ਆਸਰਾ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥

ਗੁਣ ਗਾਵਤ ਮਨੁ ਹਰਿਆ ਹੋਵੈ

Singing Your Glorious Praises, my mind is rejuvenated.

(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ। ਗਾਵਤ = ਗਾਂਦਿਆਂ।

ਕਥਾ ਸੁਣਤ ਮਲੁ ਸਗਲੀ ਖੋਵੈ

Hearing Your Sermon, all filth is removed.

ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ। ਮਲੁ = ਵਿਕਾਰਾਂ ਦੀ ਮੈਲ। ਸਗਲੀ = ਸਾਰੀ। ਖੋਵੈ = ਨਾਸ ਹੋ ਜਾਂਦੀ ਹੈ।

ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥

Joining the Saadh Sangat, the Company of the Holy, I meditate forever on the Merciful Lord. ||2||

ਗੁਰੂ ਦੀ ਸੰਗਤਿ ਵਿਚ ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥ ਸੰਤਨ ਕੈ ਸੰਗਿ = ਸੰਤਾਂ ਦੀ ਸੰਗਤਿ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ ॥੨॥

ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ

I dwell on my God with each and every breath.

(ਹੇ ਭਾਈ!) ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ।

ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ

This understanding has been implanted within my mind, by Guru's Grace.

ਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਨਿ = ਮਨ ਵਿਚ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ।

ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥

By Your Grace, the Divine Light has dawned. The Merciful Lord cherishes everyone. ||3||

ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥ ਮਇਆ = ਦਇਆ ॥੩॥

ਸਤਿ ਸਤਿ ਸਤਿ ਪ੍ਰਭੁ ਸੋਈ

True, True, True is that God.

(ਹੇ ਭਾਈ!) ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਸਤਿ = {सत्य} ਸਦਾ ਕਾਇਮ ਰਹਿਣ ਵਾਲਾ।

ਸਦਾ ਸਦਾ ਸਦ ਆਪੇ ਹੋਈ

Forever, forever and ever, He Himself is.

ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ। ਆਪੇ = ਆਪ ਹੀ।

ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥

Your Playful Ways are revealed, O my Beloved. Beholding them, Nanak is enraptured. ||4||26||33||

ਹੇ ਨਾਨਕ! (ਆਖ-) ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥ ਚਲਿਤ = {चरित्र} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥