ਆਸਾ ਮਹਲਾ ੧ ॥
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
Bowing down, again and again, I fall at the Feet of my Guru; through Him, I have seen the Lord, the Divine Self, within.
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ। ਨਿਵਿ = ਨਿਵ ਕੇ। ਪਾਇ = ਪੈਰੀਂ। ਲਗਉ = ਮੈਂ ਲੱਗਾਂ। ਆਤਮ ਰਾਮੁ = ਆਪਣੇ ਅੰਦਰ ਵੱਸਦਾ ਰਾਮ। ਨਿਹਾਰਿਆ = ਮੈਂ ਵੇਖਿਆ ਹੈ।
ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
Through contemplation and meditation, the Lord dwells within the heart; see this, and understand. ||1||
(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥ ਰਵਿਆ = ਸਿਮਰਿਆ ਹੈ। ਦੇਖਿ = ਵੇਖ ਕੇ ॥੧॥
ਬੋਲਹੁ ਰਾਮੁ ਕਰੇ ਨਿਸਤਾਰਾ ॥
So speak the Lord's Name, which shall emancipate you.
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
By Guru's Grace, the jewel of the Lord is found; ignorance is dispelled, and the Divine Light shines forth. ||1||Pause||
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥ ਲਾਭੈ = ਲੱਭਦਾ ਹੈ ॥੧॥ ਰਹਾਉ ॥
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
By merely saying it with the tongue, one's bonds are not broken, and egotism and doubt do not depart from within.
(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਰਵਨੀ = ਰਵਾਣੀ, ਜ਼ਬਾਨੀ ਜ਼ਬਾਨੀ। ਰਵੈ = ਜੋ ਬੋਲਦਾ ਹੈ। ਭਰਮੁ = ਭਟਕਣਾ।
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥
But when one meets the True Guru, egotism departs, and then, one realizes his destiny. ||2||
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥ ਤਾ = ਤਦੋਂ। ਕੋ = ਕੋਈ ਮਨੁੱਖ। ਲੇਖੈ ਪਾਈ = ਕਬੂਲ ਹੁੰਦਾ ਹੈ ॥੨॥
ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
The Name of the Lord, Har, Har, is sweet and dear to His devotees; it is the ocean of peace - enshrine it within the heart.
ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਭਗਤਿ ਪ੍ਰਿਅ = ਪਿਆਰੇ ਦੀ ਭਗਤੀ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ)। ਉਰ ਧਾਰੇ = ਹਿਰਦੇ ਵਿਚ ਟਿਕਾਂਦਾ ਹੈ।
ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
The Lover of His devotees, the Life of the World, the Lord bestows the Guru's Teachings upon the intellect, and one is emancipated. ||3||
ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥ ਵਛਲੁ = {वत्सल} ਪਿਆਰ ਕਰਨ ਵਾਲਾ। ਜਗ ਜੀਵਨੁ = ਜਗਤ ਦਾ ਦਾਤਾ (ਪ੍ਰਭੂ) ॥੩॥
ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
One who dies fighting against his own stubborn mind finds God, and the desires of the mind are quieted.
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ। ਜੂਝਿ = ਜੂਝ ਕੇ, ਲੜ ਕੇ, ਤਕੜਾ ਟਾਕਰਾ ਕਰ ਕੇ। ਮਨਸਾ = ਮਨ ਦਾ ਫੁਰਨਾ। ਮਨਹਿ = ਮਨ ਵਿਚ ਹੀ। ਸਮਾਏ = ਲੀਨ ਕਰ ਦੇਵੇ।
ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
O Nanak, if the Life of the World bestows His Mercy, one is intuitively attuned to the Love of the Lord. ||4||16||
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥ ਸਹਜ ਭਾਇ = ਸੌਖੇ ਹੀ ॥੪॥੧੬॥