ਆਸਾ ਮਹਲਾ ੧ ॥
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
ਇਕਿ ਆਵਹਿ ਇਕਿ ਜਾਵਹਿ ਆਈ ॥
Some come, and after they come, they go.
ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ। ਇਕਿ = {ਪੜਨਾਂਵ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਆਵਹਿ = ਜਗਤ ਵਿਚ ਜਨਮ ਲੈਂਦੇ ਹਨ। ਆਈ = ਆ ਕੇ, ਜਨਮ ਲੈ ਕੇ। ਜਾਵਹਿ = (ਖ਼ਾਲੀ ਹੀ) ਚਲੇ ਜਾਂਦੇ ਹਨ।
ਇਕਿ ਹਰਿ ਰਾਤੇ ਰਹਹਿ ਸਮਾਈ ॥
Some are imbued with the Lord; they remain absorbed in Him.
ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ। ਰਹਹਿ ਸਮਾਈ = (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ।
ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
Some find no place of rest at all, on the earth or in the sky.
(ਪਰ) ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ, ਧਰਨਿ = ਧਰਤੀ। ਗਗਨ = ਆਕਾਸ਼। ਮਹਿ = ਵਿਚ। ਠਉਰ = ਥਾਂ, ਮਨ ਦੇ ਟਿਕਣ ਲਈ ਥਾਂ।
ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
Those who do not meditate on the Name of the Lord are the most unfortunate. ||1||
ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ॥੧॥ ਕਰਮਹੀਣ = ਨਿਭਾਗੇ ॥੧॥
ਗੁਰ ਪੂਰੇ ਤੇ ਗਤਿ ਮਿਤਿ ਪਾਈ ॥
From the Perfect Guru, the way to salvation is obtained.
ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ।
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
This world is a terrifying ocean of poison; through the Word of the Guru's Shabad, the Lord helps us cross over. ||1||Pause||
ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥ ਬਿਖੁ = ਵਿਹੁ, ਜ਼ਹਰ। ਬਿਖੁ ਵਤ = ਵਿਹੁਲਾ। ਅਤਿ = ਬਹੁਤ। ਭਉਜਲੁ = ਘੁੰਮਣ ਘੇਰੀ ॥੧॥ ਰਹਾਉ ॥
ਜਿਨੑ ਕਉ ਆਪਿ ਲਏ ਪ੍ਰਭੁ ਮੇਲਿ ॥
Those, whom God unites with Himself,
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,
ਤਿਨ ਕਉ ਕਾਲੁ ਨ ਸਾਕੈ ਪੇਲਿ ॥
cannot be crushed by death.
ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ। ਪੇਲਿ ਨ ਸਾਕੈ = ਪੀੜ ਨਹੀਂ ਸਕਦਾ, ਡੇਗ ਨਹੀਂ ਸਕਦਾ। ਕਾਲੁ = ਮੌਤ (ਦਾ ਡਰ)।
ਗੁਰਮੁਖਿ ਨਿਰਮਲ ਰਹਹਿ ਪਿਆਰੇ ॥
The beloved Gurmukhs remain immaculately pure,
ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ, ਨਿਰਮਲ = ਪਵਿਤ੍ਰ-ਆਤਮਾ।
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
like the lotus in the water, which remains untouched. ||2||
ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ॥੨॥ ਅੰਭ = ਪਾਣੀ। ਨਿਰਾਰੇ = ਨਿਰਲੇਪ ॥੨॥
ਬੁਰਾ ਭਲਾ ਕਹੁ ਕਿਸ ਨੋ ਕਹੀਐ ॥
Tell me: who should we call good or bad?
ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ, ਕਹੁ = ਦੱਸੋ।
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
Behold the Lord God; the truth is revealed to the Gurmukh.
ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ। ਸਚੁ = ਸਦਾ-ਥਿਰ ਰਹਿਣ ਵਾਲਾ ਹਰੀ।
ਅਕਥੁ ਕਥਉ ਗੁਰਮਤਿ ਵੀਚਾਰੁ ॥
I speak the Unspoken Speech of the Lord, contemplating the Guru's Teachings.
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ। ਕਥਉ = ਮੈਂ ਕਥਦਾ ਹਾਂ।
ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
I join the Sangat, the Guru's Congregation, and I find God's limits. ||3||
ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ॥੩॥ ਪਾਵਉ = ਮੈਂ ਲੱਭਦਾ ਹਾਂ। ਪਾਰੁ = ਪਾਰਲਾ ਬੰਨਾ {ਲਫ਼ਜ਼ 'ਪਾਰਿ' ਅਤੇ 'ਪਾਰੁ' ਦਾ ਫ਼ਰਕ ਚੇਤੇ ਰੱਖੋ। "ਹਰਿ ਪਾਰਿ ਲੰਘਾਈ" ਵਿਚ ਲਫ਼ਜ਼ 'ਪਾਰਿ' ਕ੍ਰਿਆ ਵਿਸ਼ੇਸ਼ਣ ਹੈ, ਇਸ ਦਾ ਅਰਥ ਹੈ 'ਪਾਰਲੇ ਪਾਸੇ'। 'ਪਾਵਉ ਪਾਰੁ' ਵਿਚ 'ਪਾਰੁ' ਨਾਂਵ ਹੈ, ਅਰਥ ਹੈ 'ਪਾਰਲਾ ਬੰਨਾ'} ॥੩॥
ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
The Shaastras, the Vedas, the Simritees and all their many secrets;
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ- ਸਾਸਤ = ਛੇ ਸ਼ਾਸਤ੍ਰ {ਵੇਦਾਂਤ, ਨਿਆਇ, ਯੋਗ, ਸਾਂਖ, ਮੀਮਾਂਸਾ, ਵੈਸ਼ੇਸ਼ਿਕ}। ਭੇਦ = ਵਖ ਵਖ ਵਿਚਾਰ।
ਅਠਸਠਿ ਮਜਨੁ ਹਰਿ ਰਸੁ ਰੇਦ ॥
bathing at the sixty-eight holy places of pilgrimage - all this is found by enshrining the sublime essence of the Lord in the heart.
ਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ। ਅਠਸਠਿ = ਅਠਾਹਠ। ਮਜਨੁ = ਚੁੱਭੀ, ਇਸ਼ਨਾਨ। ਰੇਦ = ਰਿਦੇ ਵਿਚ, ਹਿਰਦੇ ਵਿਚ।
ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
The Gurmukhs are immaculately pure; no filth sticks to them.
ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ।
ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
O Nanak, the Naam, the Name of the Lord, abides in the heart, by the greatest pre-ordained destiny. ||4||15||
ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ॥੪॥੧੫॥ ਧੁਰਿ = ਧੁਰ ਤੋਂ, ਪ੍ਰਭੂ ਦੀ ਮੇਹਰ ਨਾਲ ॥੪॥੧੫॥