ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥
I came to the Guru, to learn the Way of Yoga.
(ਹੇ ਭਾਈ!) ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ। ਜੋਗ ਜੁਗਤਿ = (ਅਸਲ) ਜੋਗ ਦਾ ਤਰੀਕਾ, ਪਰਮਾਤਮਾ ਨਾਲ ਮਿਲਾਪ ਦਾ ਢੰਗ। ਤੇ = ਤੋਂ।
ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥
The True Guru has revealed it to me through the Word of the Shabad. ||1||Pause||
ਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ॥੧॥ ਰਹਾਉ ॥ ਮੋ ਕਉ = ਮੈਨੂੰ। ਸਤਿਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੧॥ ਰਹਾਉ ॥
ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥
He is contained in the nine continents of the world, and within this body; each and every moment, I humbly bow to Him.
(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ)। ਨਉ ਖੰਡ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਉਤੇ ਫਿਰਦੇ ਰਹਿਣਾ)। ਰਵਿਆ = ਮੌਜੂਦ, ਵਿਆਪਕ। ਨਿਮਖ = ਅੱਖ ਝਮਕਣ ਜਿਤਨਾ ਸਮਾ।
ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥
I have made the Guru's Teachings my ear-rings, and I have enshrined the One Formless Lord within my being. ||1||
ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥ ਦੀਖਿਆ = ਸਿੱਖਿਆ। ਕਾਨੀ = ਕੰਨਾਂ ਵਿਚ। ਦ੍ਰਿੜਿਓ = ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਲਿਆ ਹੈ ॥੧॥
ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥
I have brought the five disciples together, and they are now under the control of the one mind.
(ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ। (ਭਟਕਣੋਂ ਹਟ ਗਏ ਹਨ), ਇਹ ਸਾਰੇ ਇਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ। ਪੰਚ ਚੇਲੇ = ਪੰਜੇ ਗਿਆਨ-ਇੰਦ੍ਰੇ। ਏਕਸੁ ਕੈ ਵਸਿ = ਇਕ ਉੱਚੀ ਸੁਰਿਤ ਦੇ ਵੱਸ ਵਿਚ।
ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥
When the ten hermits become obedient to the Lord, then I became an immaculate Yogi. ||2||
(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥ ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ॥੨॥
ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥
I have burnt my doubt, and smeared my body with the ashes. My path is to see the One and Only Lord.
(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ। ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ।
ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥
I have made that intuitive peace my food; the Lord Master has written this pre-ordained destiny upon my forehead. ||3||
(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ॥੩॥ ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਭੁਗਤਾ = ਜੋਗੀਆਂ ਵਾਲਾ ਚੂਰਮਾ। ਠਾਕੁਰਿ = ਠਾਕੁਰ ਨੇ। ਮਸਤਕਿ = ਮੱਥੇ ਉਤੇ ॥੩॥
ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥
In that place where there is no fear, I have assumed my Yogic posture. The unstruck melody of His Bani is my horn.
(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ। ਜਹ = ਜਿਸ ਆਤਮਕ ਅਵਸਥਾ ਵਿਚ। ਸਿੰਗੀ = ਸਿੰਙ ਦੀ ਸ਼ਕਲ ਦੀ ਨਿੱਕੀ ਜਿਹੀ ਤੁਰੀ ਜੋ ਜੋਗੀ ਵਜਾਂਦੇ ਹਨ। ਅਨਹਤ = ਇਕ-ਰਸ। ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ।
ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥
I have made contemplation upon the essential reality my Yogic staff. The Love of the Name in my mind is my Yogic lifestyle. ||4||
(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ-ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ। (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ॥੪॥ ਤਤੁ = ਜਗਤ ਦਾ ਮੂਲ-ਪ੍ਰਭੂ। ਮਨਿ = ਮਨ ਵਿਚ। ਭਾਨੀ = ਪਿਆਰਾ ਲੱਗਣਾ ॥੪॥
ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥
By great good fortune, such a Yogi is met, who cuts away the bonds of Maya.
(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ। ਭੇਟੈ = ਮਿਲਦਾ ਹੈ।
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥
Nanak serves and adores this wondrous person, and kisses his feet. ||5||11||132||
ਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ॥੫॥੧੧॥੧੩੨॥ ਕਰਉ = ਕਰਉਂ, ਮੈਂ ਕਰਾਂ। ਤਿਸੁ ਮੂਰਤਿ ਕੀ = ਉਸ (ਪ੍ਰਭੂ-) ਸਰੂਪ ਦੀ। ਪਗ = ਪੈਰ। ਚਾਟੈ = ਚੱਟਦਾ ਹੈ, ਪਰਸਦਾ ਹੈ, ਛੁਂਹਦਾ ਹੈ ॥੫॥