ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
Why not make a bet with me, O Lord of Wealth?
ਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ) ਕੀ ਨ = ਕਿਉਂ ਨਹੀਂ? ਬਦਹੁ = ਲਾਂਦੇ, ਮਿਥਦੇ। ਹੋਡ = ਸ਼ਰਤ। ਮੋ ਸਿਉ = ਮੇਰੇ ਨਾਲ। ਬਦਹੁ...ਸਿਉ = ਹੇ ਮਾਧੋ! ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਂਦੇ? ਹੇ ਮਾਧੋ! ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ; ਹੇ ਮਾਧੋ! ਮੇਰੇ ਨਾਲ ਬਹਿਸ ਕਰ ਕੇ ਵੇਖ ਲੈ, ਜੋ ਮੈਂ ਆਖਦਾ ਹਾਂ ਠੀਕ ਹੈ।
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
From the master comes the servant, and from the servant, comes the master. This is the game I play with You. ||1||Pause||
ਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ॥੧॥ ਰਹਾਉ ॥ ਖੇਲੁ = ਜਗਤ-ਰੂਪ ਖੇਡ। ਤੋ ਸਿਉ = ਤੇਰੇ ਨਾਲ। ਖੇਲੁ...ਸਿਉ = ਇਹ ਜਗਤ-ਖੇਡ ਸਾਡੀ ਤੇਰੇ ਨਾਲ (ਸਾਂਝੀ) ਪਈ ਹੋਈ ਹੈ; ਇਹ ਤੇਰੀ ਸਾਡੀ ਸਾਂਝੀ ਖੇਡ ਹੈ ॥੧॥ ਰਹਾਉ ॥
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥
You Yourself are the deity, and You are the temple of worship. You are the devoted worshipper.
ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ। ਦੇਉ = ਦੇਵਤਾ। ਆਪਨ = ਤੂੰ ਆਪ ਹੀ।
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥
From the water, the waves rise up, and from the waves, the water. They are only different by figures of speech. ||1||
ਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ॥੧॥ ਤਰੰਗ = ਲਹਿਰਾਂ। ਦੂਜਾ = ਵੱਖੋ-ਵੱਖਰਾ ॥੧॥
ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥
You Yourself sing, and You Yourself dance. You Yourself blow the bugle.
(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ। ਤੂਰਾ = ਵਾਜਾ।
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥
Says Naam Dayv, You are my Lord and Master. Your humble servant is imperfect; You are perfect. ||2||2||
ਨਾਮਦੇਵ ਆਖਦਾ ਹੈ ਕਿ ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ॥੨॥੨॥ ਊਰਾ = ਘੱਟ ॥੨॥੨॥