ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਗਰੀਬਾ ਉਪਰਿ ਜਿ ਖਿੰਜੈ ਦਾੜੀ ॥
The bearded emperor who struck down the poor,
(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ, ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ।
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥
has been burnt in the fire by the Supreme Lord God. ||1||
ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ} ॥੧॥
ਪੂਰਾ ਨਿਆਉ ਕਰੇ ਕਰਤਾਰੁ ॥
The Creator administers true justice.
(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ। ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।
ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥
He is the Saving Grace of His slaves. ||1||Pause||
ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ ॥ ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ ॥੧॥ ਰਹਾਉ ॥
ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥
In the beginning, and throughout the ages, His glory is manifest.
(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ, ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ।
ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥
The slanderer died after contracting the deadly fever. ||2||
(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥ ਮੁਆ = ਆਤਮਕ ਮੌਤੇ ਮਰਦਾ ਹੈ। ਉਪਜਿ = ਉਪਜ ਕੇ। ਤਾਪੁ = ਦੁੱਖ-ਕਲੇਸ਼ ॥੨॥
ਤਿਨਿ ਮਾਰਿਆ ਜਿ ਰਖੈ ਨ ਕੋਇ ॥
He is killed, and no one can save him.
(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ, ਤਿਨਿ = ਉਸ (ਪਰਮਾਤਮਾ) ਨੇ। ਜਿ = ਜਿਸ ਦੇ ਮਾਰੇ ਨੂੰ।
ਆਗੈ ਪਾਛੈ ਮੰਦੀ ਸੋਇ ॥੩॥
Here and hereafter, his reputation is evil. ||3||
(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥ ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਮੰਦੀ ਸੋਇ = ਬਦਨਾਮੀ ॥੩॥
ਅਪੁਨੇ ਦਾਸ ਰਾਖੈ ਕੰਠਿ ਲਾਇ ॥
The Lord hugs His slaves close in His Embrace.
(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)। ਕੰਠਿ = ਗਲ ਨਾਲ। ਲਾਇ = ਲਾ ਕੇ।
ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥
Nanak seeks the Lord's Sanctuary, and meditates on the Naam. ||4||98||167||
ਹੇ ਨਾਨਕ! (ਆਖ-) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥ ਨਾਨਕ = ਹੇ ਨਾਨਕ! ॥੪॥