ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥
Raag Gauree Poorbee, Baawan Akhree Of Kabeer Jee:
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'। ਬਾਵਨ = ਬਵੰਜਾ। ਅਖਰੀ = ਅੱਖਰਾਂ ਵਾਲੀ। ਬਾਵਨ ਅਖਰੀ = ਬਵੰਜਾ ਅੱਖਰਾਂ ਵਾਲੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
Through these fifty-two letters, the three worlds and all things are described.
ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ। ਅਛਰ = ਅੱਖਰ। ਲੋਕ ਤ੍ਰੈ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ (ਵਰਤੇ ਜਾ ਰਹੇ ਹਨ)। ਸਭੁ ਕਛੁ = (ਜਗਤ ਦਾ) ਸਾਰਾ ਵਰਤਾਰਾ। ਇਨ ਹੀ ਮਾਹਿ = ਇਹਨਾਂ (ਬਵੰਜਾ ਅੱਖਰਾਂ) ਵਿਚ ਹੀ।
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
These letters shall perish; they cannot describe the Imperishable Lord. ||1||
ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥ ਏ ਅੱਖਰ = ਇਹ ਬਵੰਜਾ ਅੱਖਰ (ਜਿਨ੍ਹਾਂ ਦੀ ਰਾਹੀਂ ਜਗਤ ਦਾ ਵਰਤਾਰਾ ਨਿਭ ਰਿਹਾ ਹੈ)। ਖਿਰਿ ਜਾਹਿਗੇ = ਨਾਸ ਹੋ ਜਾਣਗੇ। ਓਇ ਅਖਰ = ਉਹ ਅੱਖਰ (ਜੋ 'ਅਨੁਭਵ' ਅਵਸਥਾ ਬਿਆਨ ਕਰ ਸਕਣ, ਜੋ ਪਰਾਮਤਮਾ ਦੇ ਮਿਲਾਪ ਦੀ ਅਵਸਥਾ ਦੱਸ ਸਕਣ) ॥੧॥
ਜਹਾ ਬੋਲ ਤਹ ਅਛਰ ਆਵਾ ॥
Wherever there is speech, there are letters.
ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ; ਆਵਾ = ਆਉਂਦੇ ਹਨ, ਵਰਤੇ ਜਾਂਦੇ ਹਨ।
ਜਹ ਅਬੋਲ ਤਹ ਮਨੁ ਨ ਰਹਾਵਾ ॥
Where there is no speech, there, the mind rests on nothing.
ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ। ਜਹਾ ਬੋਲ = ਜਿਥੇ ਬਚਨ ਹਨ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਤਹ = ਉਸ ਅਵਸਥਾ ਵਿਚ। ਅਬੋਲ = {ਅ-ਬੋਲ} ਉਹ ਅਵਸਥਾ ਜੋ ਬਿਆਨ ਨਹੀਂ ਹੋ ਸਕਦੀ। ਨ ਰਹਾਵਾ = ਨਹੀਂ ਰਹਿੰਦਾ, ਹਸਤੀ ਮਿਟ ਜਾਂਦੀ ਹੈ।
ਬੋਲ ਅਬੋਲ ਮਧਿ ਹੈ ਸੋਈ ॥
He is in both speech and silence.
ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ, ਮਧਿ = ਵਿਚ। ਸੋਈ = ਉਹੀ ਅਕਾਲ ਪੁਰਖ।
ਜਸ ਓਹੁ ਹੈ ਤਸ ਲਖੈ ਨ ਕੋਈ ॥੨॥
No one can know Him as He is. ||2||
ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥ ਜਸ = ਜੈਸਾ, ਜਿਹੋ ਜਿਹਾ। ਤਸ = ਤੈਸਾ, ਤਿਹੋ ਜਿਹਾ। ਲਖੈ = ਬਿਆਨ ਕਰਦਾ ਹੈ। ਓਹੁ = ਪਰਮਾਤਮਾ ॥੨॥
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
If I come to know the Lord, what can I say; what good does it do to speak?
ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ। ਅਲਹ = ਅਲੱਭ, ਜੋ ਵੇਖਿਆ ਨਹੀਂ ਜਾ ਸਕਦਾ। ਲਹਉ = (ਜੇ) ਮੈਂ ਲੱਭ ਲਵਾਂ। ਕਿਆ ਕਹਉ = ਮੈਂ ਕੀਹ ਆਖਾਂ? ਮੈਥੋਂ ਬਿਆਨ ਨਹੀਂ ਹੋ ਸਕਦਾ। ਕੋ = ਕੀਹ? ਉਪਕਾਰ = ਭਲਾਈ।
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥
He is contained in the seed of the banyan-tree, and yet, His expanse spreads across the three worlds. ||3||
(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥ ਬਟਕ = ਬੋਹੜ। ਜਾ ਕੋ = ਜਿਸ (ਅਕਾਲ ਪੁਰਖ) ਦਾ ॥੩॥
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
One who knows the Lord understands His mystery, and bit by bit, the mystery disappears.
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ। ਅਲਹ ਲਹੰਤਾ = ਅਲੱਭ (ਅਕਾਲ ਪੁਰਖ) ਨੂੰ ਲੱਭਦਿਆਂ ਲੱਭਦਿਆਂ। ਭੇਦ ਛੈ = ਭੇਦ ਦਾ ਛੈ, ਦੁਬਿਧਾ ਦਾ ਨਾਸ। ਕਛੁ ਕਛੁ = ਕੁਝ ਕੁਝ, ਥੋੜਾ ਥੋੜਾ।
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥
Turning away from the world, one's mind is pierced through with this mystery, and one obtains the Indestructible, Impenetrable Lord. ||4||
ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥ ਭੇਦ = ਭੇਤ, ਸੂਝ। ਉਲਟਿ ਭੇਦ = ਦੁਬਿਧਾ ਨੂੰ ਉਲਟਿਆਂ, ਦੁਬਿਧਾ ਦਾ ਨਾਸ ਹੋਇਆਂ। ਬੇਧਿਓ = ਵਿੰਨ੍ਹਿਆ ਗਿਆ। ਅਭੰਗ = {ਅ-ਭੰਗ} ਜਿਸ ਦਾ ਨਾਸ ਨਾਹ ਹੋ ਸਕੇ। ਅਛੇਦ = {ਅ-ਛੇਦ} ਜੋ ਵਿੰਨ੍ਹਿਆ ਨਾਹ ਜਾ ਸਕੇ ॥੪॥
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
The Muslim knows the Muslim way of life; the Hindu knows the Vedas and Puraanas.
ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ। ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ: ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ।
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥
To instruct their minds, people ought to study some sort of spiritual wisdom. ||5||
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥ ਕਾਰਨੇ = ਵਾਸਤੇ। ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ। ਸਮਝਾਵਨ ਕਾਰਨੇ = ਸਮਝਾਣ ਵਾਸਤੇ। ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ॥੫॥
ਓਅੰਕਾਰ ਆਦਿ ਮੈ ਜਾਨਾ ॥
I know only the One, the Universal Creator, the Primal Being.
ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ; ਓਅੰਕਾਰ = {ਓਅੰ-ਕਾਰ} ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ। ਆਦਿ = ਮੁੱਢ, ਮੂਲ, ਸਭ ਦਾ ਬਨਾਉਣ ਵਾਲਾ। ਮੈ ਜਾਨਾ = ਮੈਂ ਜਾਣਦਾ ਹਾਂ, ਮੈਂ (ਉਸ ਨੂੰ ਅਮਿਟ ਅਵਿਨਾਸ਼ੀ) ਜਾਣਦਾ ਹਾਂ।
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
I do not believe in anyone whom the Lord writes and erases.
ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ। ਲਿਖਿ = ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰੁ = ਅਤੇ। ਮੇਟੈ = ਮਿਟਾ ਦੇਂਦਾ ਹੈ, ਨਾਸ ਕਰ ਦੇਂਦਾ ਹੈ। ਤਾਹਿ = ਉਸ (ਵਿਅਕਤੀ) ਨੂੰ।
ਓਅੰਕਾਰ ਲਖੈ ਜਉ ਕੋਈ ॥
If someone knows the One, the Universal Creator,
ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ) ਜਉ = ਜੇ। ਲਖੈ = ਸਮਝ ਲਏ।
ਸੋਈ ਲਖਿ ਮੇਟਣਾ ਨ ਹੋਈ ॥੬॥
he shall not perish, since he knows Him. ||6||
ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥ ਸੋਈ ਲਖਿ = ਉਸ ਪ੍ਰਭੂ ਨੂੰ ਸਮਝ ਕੇ। ਮੇਟਣਾ = ਨਾਸ ॥੬॥
ਕਕਾ ਕਿਰਣਿ ਕਮਲ ਮਹਿ ਪਾਵਾ ॥
KAKKA: When the rays of Divine Light come into the heart-lotus,
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ, ਕਕਾ = ਕੱਕਾ ਅੱਖਰ। ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ। ਪਾਵਾ = ਜੇ ਮੈਂ ਪਾ ਲਵਾਂ। ਕਮਲ ਮਹਿ = ਹਿਰਦੇ-ਰੂਪ ਕੌਲ ਫੁੱਲ ਵਿਚ।
ਸਸਿ ਬਿਗਾਸ ਸੰਪਟ ਨਹੀ ਆਵਾ ॥
the moon-light of Maya cannot enter the basket of the mind.
ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ। ਸਸਿ = ਚੰਦ੍ਰਮਾ। ਬਿਗਾਸ = ਚਾਨਣ। ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ। ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ।
ਅਰੁ ਜੇ ਤਹਾ ਕੁਸਮ ਰਸੁ ਪਾਵਾ ॥
And if one obtains the subtle fragrance of that spiritual flower,
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ, ਅਰੁ = ਅਤੇ। ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ। ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ। ਪਾਵਾ = ਪਾ ਲਵਾਂ।
ਅਕਹ ਕਹਾ ਕਹਿ ਕਾ ਸਮਝਾਵਾ ॥੭॥
he cannot describe the indescribable; he could speak, but who would understand? ||7||
ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥ ਅਕਹ = {ਅ-ਕਹ} ਬਿਆਨ ਤੋਂ ਬਾਹਰ। ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ। ਕਹਿ = ਕਹਿ ਕੇ। ਕਾ = ਕੀਹ? ॥੭॥
ਖਖਾ ਇਹੈ ਖੋੜਿ ਮਨ ਆਵਾ ॥
KHAKHA: The mind has entered this cave.
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ, ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ = ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜਿ = ਅੰਤਰ-ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਆਵਾ = ਆਉਂਦਾ ਹੈ।
ਖੋੜੇ ਛਾਡਿ ਨ ਦਹ ਦਿਸ ਧਾਵਾ ॥
It does not leave this cave to wander in the ten directions.
ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ। ਦਹ ਦਿਸ = ਦਸੀਂ ਪਾਸੀਂ। ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ।
ਖਸਮਹਿ ਜਾਣਿ ਖਿਮਾ ਕਰਿ ਰਹੈ ॥
Knowing their Lord and Master, people show compassion;
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ, ਖਸਮਹਿ = ਖਸਮ-ਪ੍ਰਭੂ ਨੂੰ। ਜਾਣਿ = ਜਾਣ ਕੇ, ਪਛਾਣ ਕੇ। ਖਿਮਾਕਰਿ = {ਖਿਮਾ-ਆਕਰਿ। ਆਕਰ = ਖਾਣ, ਸੋਮਾ। ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ}। ਖਿਮਾ ਦੇ ਸੋਮੇ ਪਰਮਾਤਮਾ ਵਿਚ। ਰਹੈ = ਟਿਕਿਆ ਰਹਿੰਦਾ ਹੈ।
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
then, they become immortal, and attain the state of eternal dignity. ||8||
ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥ ਨਿਖਿਅਉ = {ਨਿ-ਖਿਅਉ। ਖਿਅਉ = ਖੈ, ਨਾਸ। ਨਿ = ਬਿਨਾ} ਨਾਸ-ਰਹਿਤ। ਅਖੈ = {ਅ-ਖੈ} ਨਾਸ-ਰਹਿਤ। ਪਦੁ = ਦਰਜਾ, ਪਦਵੀ। ਲਹੈ = ਹਾਸਲ ਕਰ ਲੈਂਦਾ ਹੈ ॥੮॥
ਗਗਾ ਗੁਰ ਕੇ ਬਚਨ ਪਛਾਨਾ ॥
GAGGA: One who understands the Guru's Word
ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਪਛਾਨਾ = (ਪ੍ਰਭੂ ਨੂੰ) ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ।
ਦੂਜੀ ਬਾਤ ਨ ਧਰਈ ਕਾਨਾ ॥
does not listen to anything else.
ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ। ਨ ਧਰਈ ਕਾਨਾ = ਕੰਨ ਨਹੀਂ ਧਰਦਾ, ਗਹੁ ਨਾਲ ਨਹੀਂ ਸੁਣਦਾ, ਖਿੱਚ ਨਹੀਂ ਪੈਂਦੀ।
ਰਹੈ ਬਿਹੰਗਮ ਕਤਹਿ ਨ ਜਾਈ ॥
He remains like a hermit and does not go anywhere,
ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ; ਬਿਹੰਗਮ = {ਸੰ: ਵਿਹੰਗਮ = a bird} ਪੰਛੀ, ਉਹ ਮਨੁੱਖ ਜੋ ਜਗਤ ਵਿਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਸ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਕਤਹਿ = ਕਿਸੇ ਹੋਰ ਪਾਸੇ।
ਅਗਹ ਗਹੈ ਗਹਿ ਗਗਨ ਰਹਾਈ ॥੯॥
when he grasps the Ungraspable Lord and dwells in the sky of the Tenth Gate. ||9||
ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥ ਅਗਹ = {ਅ-ਗਹ} ਨਾਹ ਫੜਿਆ ਜਾਣ ਵਾਲਾ, ਜਿਸ ਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹੈ = ਫੜ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ = ਫੜ ਕੇ, ਅੰਦਰ ਵਸਾ ਕੇ। ਗਗਨ = ਅਕਾਸ਼। ਗਗਨ ਰਹਾਈ = ਅਕਾਸ਼ ਵਿਚ ਰਹਿੰਦਾ ਹੈ, ਮਨ-ਪੰਛੀ ਅਕਾਸ਼ ਵਿਚ ਉਡਾਰੀਆਂ ਲਾਉਂਦਾ ਹੈ, ਦਸਮ-ਦੁਆਰ ਵਿਚ ਟਿਕਿਆ ਰਹਿੰਦਾ ਹੈ, ਸੁਰਤ ਉੱਚੀ ਰਹਿੰਦੀ ਹੈ, ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ ॥੯॥
ਘਘਾ ਘਟਿ ਘਟਿ ਨਿਮਸੈ ਸੋਈ ॥
GHAGHA: He dwells in each and every heart.
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ। ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ। ਸੋਈ = ਉਹ (ਪ੍ਰਭੂ) ਹੀ।
ਘਟ ਫੂਟੇ ਘਟਿ ਕਬਹਿ ਨ ਹੋਈ ॥
Even when the body-pitcher bursts, he does not diminish.
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ। ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ। ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। {ਨੋਟ: ਪਹਿਲੀ ਤੁਕ ਵਿਚ ਦਾ ਲਫ਼ਜ਼ 'ਘਟਿ' ਵਿਆਕਰਣ ਅਨੁਸਾਰ 'ਨਾਂਵ' ਹੈ, 'ਅਧਿਕਰਨ ਕਾਰਕ'; ਦੂਜੀ ਤੁਕ ਵਿਚ ਦਾ ਲਫ਼ਜ਼ "ਘਟਿ" ਲਫ਼ਜ਼ 'ਹੋਈ' ਨਾਲ ਮਿਲ ਕੇ 'ਕ੍ਰਿਆ' ਹੈ}।
ਤਾ ਘਟ ਮਾਹਿ ਘਾਟ ਜਉ ਪਾਵਾ ॥
When someone finds the Path to the Lord within his own heart,
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ, ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ। ਜਉ = ਜੇ, ਜਦੋਂ। ਪਾਵਾ = ਪਾ ਲਿਆ, ਲੱਭ ਲਿਆ।
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥
why should he abandon that Path to follow some other path? ||10||
ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥ ਅਵਘਟ = {ਸੰ: ਅਵਘੱਟ} ਖੱਡ। ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ = ਜੀਵੀ-ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ}। ਕਤ = ਕਿੱਥੇ? ਧਾਵਾ = ਧਾਉਂਦਾ ਹੈ, ਦੌੜਦਾ ਹੈ। ਕਤ ਧਾਵਾ = ਕਿੱਥੇ ਦੌੜਦਾ ਹੈ? (ਭਾਵ) ਕਿਤੇ ਨਹੀਂ ਭਟਕਦਾ ॥੧੦॥
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
NGANGA: Restrain yourself, love the Lord, and dismiss your doubts.
(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ। ਨਿਗ੍ਰਹਿ = {ਸੰ: ਨਿ-ਗ੍ਰਹਿ। ਗ੍ਰਹ = ਪਕੜਨਾ। ਨਿਗ੍ਰਹ = ਚੰਗੀ ਤਰ੍ਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤਰ੍ਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ। ਸਨੇਹੁ = ਪ੍ਰੇਮ, ਪਿਆਰ। ਸੰਦੇਹ = ਸ਼ੱਕ, ਸਿਦਕ-ਹੀਨਤਾ। ਨਿਰਵਾਰੋ = ਦੂਰ ਕਰੋ।
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
Even if you do not see the Path, do not run away; this is the highest wisdom. ||11||
(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥ ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਦੇਖਿ = ਵੇਖ ਕੇ। ਪਰਮ = ਸਭ ਤੋਂ ਵੱਡੀ ॥੧੧॥
ਚਚਾ ਰਚਿਤ ਚਿਤ੍ਰ ਹੈ ਭਾਰੀ ॥
CHACHA: He painted the great picture of the world.
(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ। ਰਚਿਤ = ਰਚਿਆ ਹੋਇਆ (ਜਗਤ), ਬਣਾਇਆ ਹੋਇਆ। ਚਿਤ੍ਰ = ਤਸਵੀਰ।
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
Forget this picture, and remember the Painter.
(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ; ਤਜਿ = ਛੱਡ ਕੇ। ਚੇਤਹੁ = ਚੇਤੇ ਰੱਖੋ, ਯਾਦ ਕਰੋ। ਚਿਤਕਾਰੀ = ਚਿਤ੍ਰਕਾਰ, ਤਸਵੀਰ ਨੂੰ ਬਣਾਉਣ ਵਾਲਾ।
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
This wondrous painting is now the problem.
(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ। ਬਚਿਤ੍ਰ = {ਸੰ: ਵਿਚਿਤ੍ਰ} ਰੰਗਾ-ਰੰਗ ਦੀ, ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਅਵਝੇਰਾ = ਝੰਬੇਲਾ।
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
Forget this picture and focus your consciousness on the Painter. ||12||
(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥ ਚਿਤੇਰਾ = ਚਿਤ੍ਰ ਬਣਾਉਣ ਵਾਲਾ ॥੧੨॥
ਛਛਾ ਇਹੈ ਛਤ੍ਰਪਤਿ ਪਾਸਾ ॥
CHHACHHA: The Sovereign Lord of the Universe is here with you.
ਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ- ਛਤ੍ਰਪਤਿ = ਛੱਤ੍ਰ ਦਾ ਮਾਲਕ, ਜਿਸ ਦੇ ਸਿਰ ਉੱਤੇ ਛੱਤ੍ਰ ਝੁੱਲ ਰਿਹਾ ਹੈ, ਰਾਜਾ, ਪਾਤਸ਼ਾਹ। ਇਹੈ ਪਾਸਾ = ਇਸੇ ਦੇ ਪਾਸ ਹੀ।
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
Why are you so unhappy? Why don't you abandon your desires?
(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ? ਛਕਿ = {ਸੰ: ਸ਼ਕ = ਤਕੜਾ ਹੋਣਾ। ਸ਼ਕਤੀ = ਤਾਕਤ} ਤਕੜਾ ਹੋ ਕੇ, ਉੱਦਮ ਨਾਲ। ਕਿ ਨ = ਕਿਉਂ ਨਹੀਂ?
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
O my mind, each and every moment I try to instruct you,
ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ, ਤਉ = ਤੈਨੂੰ। ਛਿਨੁ ਛਿਨੁ = ਹਰ ਛਿਨ, ਹਰ ਵੇਲੇ।
ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥
but you forsake Him, and entangle yourself with others. ||13||
ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥ ਤਾਹਿ = ਉਸ ਨੂੰ। ਕਤ = ਕਿਥੇ? ਆਪੁ = ਆਪਣੇ ਆਪ ਨੂੰ ॥੧੩॥
ਜਜਾ ਜਉ ਤਨ ਜੀਵਤ ਜਰਾਵੈ ॥
JAJJA: If someone burns his body while he is still alive,
ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ, ਜਉ = ਜਦੋਂ, ਜੇ। ਜਰਾਵੈ = ਜਲਾਵੈ, ਜਲਾਉਂਦਾ ਹੈ, ਸਾੜਦਾ ਹੈ। ਜੀਵਤ = ਜੀਊਂਦਾ ਹੀ, ਮਾਇਆ ਵਿਚ ਰਹਿੰਦਾ ਹੋਇਆ ਹੀ।
ਜੋਬਨ ਜਾਰਿ ਜੁਗਤਿ ਸੋ ਪਾਵੈ ॥
and burns away the desires of his youth, then he finds the right way.
ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ। ਜਾਰਿ = ਜਾਲਿ, ਜਲਾ ਕੇ, ਸਾੜ ਕੇ। ਜੁਗਤਿ = ਜੀਊਣ ਦੀ ਜਾਚ।
ਅਸ ਜਰਿ ਪਰ ਜਰਿ ਜਰਿ ਜਬ ਰਹੈ ॥
When he burns his desire for his own wealth, and that of others,
ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ, ਅਸ ਪਰ = ਅਸਾਡਾ ਤੇ ਪਰਾਇਆ, ਆਪਣਾ ਪਰਾਇਆ। ਜਰਿ = ਜਾਰਿ, ਸਾੜ ਕੇ।
ਤਬ ਜਾਇ ਜੋਤਿ ਉਜਾਰਉ ਲਹੈ ॥੧੪॥
then he finds the Divine Light. ||14||
ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥ ਜਾਇ = ਜਾ ਕੇ, ਅੱਪੜ ਕੇ, ਉੱਚੀ ਅਵਸਥਾ ਤੇ ਪਹੁੰਚ ਕੇ। ਉਜਾਰਉ = ਉਜਾਲਾ, ਚਾਨਣ, ਪ੍ਰਕਾਸ਼। ਲਹੈ = ਲੱਭ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਜਰਿ ਰਹੈ = ਜਰ ਕੇ ਰਹਿੰਦਾ ਹੈ, ਆਪਣੇ ਵਿਤ ਵਿਚ ਰਹਿੰਦਾ ਹੈ ॥੧੪॥
ਝਝਾ ਉਰਝਿ ਸੁਰਝਿ ਨਹੀ ਜਾਨਾ ॥
JHAJHA: You are entangled in the world, and you do not know how to get untangled.
ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ, ਜਾਨਾ = ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ।
ਰਹਿਓ ਝਝਕਿ ਨਾਹੀ ਪਰਵਾਨਾ ॥
You hold back in fear, and are not approved by the Lord.
ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ। ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ। ਪਰਵਾਨਾ = ਕਬੂਲ।
ਕਤ ਝਖਿ ਝਖਿ ਅਉਰਨ ਸਮਝਾਵਾ ॥
Why do you talk such nonsense, trying to convince others?
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ? ਕਤ = ਕਿਥੇ? ਕਿਸ ਅਰਥ? ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ = ਮੱਤਾਂ ਦੇਂਦਾ ਰਿਹਾ।
ਝਗਰੁ ਕੀਏ ਝਗਰਉ ਹੀ ਪਾਵਾ ॥੧੫॥
Stirring up arguments, you shall only obtain more arguments. ||15||
ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥ ਝਗਰੁ = ਬਹਿਸ, ਚਰਚਾ। ਪਾਵਾ = ਪਾਇਆ, ਲੱਭਾ। ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ ॥੧੫॥
ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
NYANYA: He dwells near you, deep within your heart; why do you leave Him and go far away?
(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ? ਨਿਕਟਿ = ਨੇੜੇ। ਜੁ = ਜੋ (ਪ੍ਰਭੂ)। ਘਟ = ਹਿਰਦਾ। ਰਹਿਓ = ਰਹਿੰਦਾ ਹੈ। ਤਜਿ = ਛੱਡ ਕੇ। ਕਹਾ ਜਾਇ = ਕਿੱਥੇ ਜਾਂਦਾ ਹੈ?
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥
I searched the whole world for Him, but I found Him near myself. ||16||
(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥ ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ। ਨੇਰਉ = ਨੇੜੇ ਹੀ। ਪਾਇਅਉ = ਲੱਭ ਲਿਆ ਹੈ ॥੧੬॥
ਟਟਾ ਬਿਕਟ ਘਾਟ ਘਟ ਮਾਹੀ ॥
TATTA: It is such a difficult path, to find Him within your own heart.
(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ। ਟਟਾ = ਅੱਖਰ ਟੈਂਕਾ। ਬਿਕਟ = {ਸੰ: ਵਿਕਟ} ਬਿਖੜਾ, ਔਖਾ। ਘਾਟ = ਪੱਤਣ। ਘਟ ਮਾਹੀ = ਹਿਰਦੇ ਵਿਚ ਹੀ।
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
Open the doors within, and enter the Mansion of His Presence.
(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ? ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ। ਖੋਲਿ = ਖੋਲ੍ਹ ਕੇ। ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਕਿ ਨ = ਕਿਉਂ ਨਹੀਂ?
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
Beholding the Immovable Lord, you shall not slip and go anywhere else.
(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ, ਦੇਖਿ = ਵੇਖ ਕੇ। ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ। ਕਤਹਿ = ਕਿਸੇ ਹੋਰ ਥਾਂ।
ਰਹੈ ਲਪਟਿ ਘਟ ਪਰਚਉ ਪਾਵਾ ॥੧੭॥
You shall remain firmly attached to the Lord, and your heart will be happy. ||17||
ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥ ਲਪਟਿ ਰਹੈ = ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਪਰਚਉ = {ਸੰ: ਪਰਿਚਯ} ਸਾਂਝ, ਪਿਆਰ ॥੧੭॥
ਠਠਾ ਇਹੈ ਦੂਰਿ ਠਗ ਨੀਰਾ ॥
T'HAT'HA: Keep yourself far away from this mirage.
ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ। ਇਹੈ = ਇਹ ਮਾਇਆ। ਦੂਰਿ = ਦੂਰੋਂ (ਵੇਖਿਆਂ)। ਠਗਨੀਰਾ = {ਨੀਰ = ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮ੍ਰਿਗ-ਤ੍ਰਿਸ਼ਨਾ।
ਨੀਠਿ ਨੀਠਿ ਮਨੁ ਕੀਆ ਧੀਰਾ ॥
With great difficulty, I have calmed my mind.
ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)। ਨੀਠਿ = {ਸੰ: ਨਿਰੀਖ੍ਹ੍ਹ} ਨੀਝ ਲਾ ਕੇ, ਗਹੁ ਨਾਲ ਤੱਕ ਕੇ। ਨੀਠਿ ਨੀਠਿ = ਚੰਗੀ ਤਰ੍ਹਾਂ ਨੀਝ ਲਾ ਲਾ ਕੇ। ਕੀਆ = ਬਣਾ ਲਿਆ ਹੈ। ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ।
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
That cheater, who cheated and devoured the whole world
ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, ਜਿਨਿ ਠਗਿ = ਜਿਸ ਠੱਗ ਨੇ। ਖਾਵਾ = ਖਾ ਲਿਆ, ਫਸਾ ਲਿਆ। ਠਗਿਆ = ਠੱਗਿਆਂ, ਕਾਬੂ ਕੀਤਿਆਂ।
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥
- I have cheated that cheater, and my mind is now at peace. ||18||
ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥ ਠਉਰ = ਟਿਕਾਣੇ ਤੇ ॥੧੮॥
ਡਡਾ ਡਰ ਉਪਜੇ ਡਰੁ ਜਾਈ ॥
DADDA: When the Fear of God wells up, other fears depart.
ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ, ਉਪਜੇ = ਪੈਦਾ ਹੋ ਜਾਏ। ਜਾਈ = ਦੂਰ ਹੋ ਜਾਂਦਾ ਹੈ।
ਤਾ ਡਰ ਮਹਿ ਡਰੁ ਰਹਿਆ ਸਮਾਈ ॥
Other fears are absorbed into that Fear.
ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ। ਤਾ ਡਰ ਮਹਿ = ਉਸ ਡਰ ਵਿਚ। ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ।
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
When one rejects the Fear of God, then other fears cling to him.
(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ, ਜਉ = ਜੇ। ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ। ਤ ਫਿਰਿ = ਤਾਂ ਮੁੜ। ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ।
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥
But if he becomes fearless, the fears of his heart run away. ||19||
ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥ ਨਿਡਰੁ = ਨਿਰਭਉ। ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ। ਉਰ = ਹਿਰਦਾ ॥੧੯॥
ਢਢਾ ਢਿਗ ਢੂਢਹਿ ਕਤ ਆਨਾ ॥
DHADHA: Why do you search in other directions?
(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ? ਢਿਗ = ਨੇੜੇ (ਹੀ)। ਕਤ ਆਨਾ = ਕਿਥੇ, ਹੋਰ ਥਾਂ?
ਢੂਢਤ ਹੀ ਢਹਿ ਗਏ ਪਰਾਨਾ ॥
Searching for Him like this, the breath of life runs out.
(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ। ਢਹਿ ਗਏ = ਥੱਕ ਗਏ ਹਨ। ਪਰਾਨਾ = ਪ੍ਰਾਣ, ਜਿੰਦ।
ਚੜਿ ਸੁਮੇਰਿ ਢੂਢਿ ਜਬ ਆਵਾ ॥
When I returned after climbing the mountain,
ਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ), ਚੜਿ = ਚੜ੍ਹ ਕੇ। ਸੁਮੇਰਿ = ਸੁਮੇਰ ਪਰਬਤ ਉਤੇ। ਢੂਢਿ = ਢੂੰਡ ਕੇ। ਆਵਾ = ਆ ਗਿਆ।
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥
I found Him in the fortress - the fortress which He Himself made. ||20||
ਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥ ਜਿਹ = ਜਿਸ ਪਰਮਾਤਮਾ ਨੇ। ਗੜੁ = (ਸਰੀਰ ਰੂਪ) ਕਿਲ੍ਹਾ। ਗੜਿਓ = ਬਣਾਇਆ ਹੈ। ਸੁ = ਉਹ ਪ੍ਰਭੂ। ਗੜ ਮਹਿ = (ਸਰੀਰ ਰੂਪ) ਕਿਲ੍ਹੇ ਵਿਚ। ਪਾਵਾ = ਲੱਭ ਲਿਆ ॥੨੦॥
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
NANNA: The warrior who fights on the battle-field should keep up and press on.
(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ, ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ)। ਰੂਤਉ = ਰੁੱਝਾ ਹੋਇਆ। ਨੇਹੀ = {ਸੰ: ਨਹ, नह, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰ ਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ।
ਨਾ ਨਿਵੈ ਨਾ ਫੁਨਿ ਸੰਚਰੈ ॥
He should not yield, and he should not retreat.
ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ। ਨਿਵੈ = ਨਿਵਦਾ ਹੈ, ਨੀਊਂਦਾ ਹੈ। ਨਾ ਫੁਨਿ = ਨਾਹ ਹੀ। ਸੰਚਰੈ = {ਸੰ: ਸੰ-ਚਰੈ = ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ।
ਧੰਨਿ ਜਨਮੁ ਤਾਹੀ ਕੋ ਗਣੈ ॥
Blessed is the coming of one
ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ, ਧੰਨਿ = ਮੁਬਾਰਿਕ, ਭਾਗਾਂ ਵਾਲਾ। ਤਾਹੀ ਕੋ = ਉਸੇ (ਮਨੁੱਖ) ਦਾ ਹੀ। ਗਣੈ = (ਜਗਤ) ਗਿਣਦਾ ਹੈ।
ਮਾਰੈ ਏਕਹਿ ਤਜਿ ਜਾਇ ਘਣੈ ॥੨੧॥
who conquers the one and renounces the many. ||21||
ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥ ਏਕਹਿ = ਇਕ (ਮਨ ਨੂੰ)। ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ॥੨੧॥
ਤਤਾ ਅਤਰ ਤਰਿਓ ਨਹ ਜਾਈ ॥
TATTA: The impassable world-ocean cannot be crossed over;
ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ ਅਤਰ = {ਅ-ਤਰ} ਜੋ ਤਾਰਿਆ ਨਾਹ ਜਾ ਸਕੇ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ {ਸੰਸਾਰ ਇਕ ਐਸਾ ਬੇਅੰਤ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ ਤੇ ਮਨੁੱਖਾ ਜੀਵਨ ਦੀ ਕਮਜ਼ੋਰ ਜਿਹੀ ਬੇੜੀ ਨੂੰ ਹਰ ਵੇਲੇ ਇਹਨਾਂ ਲਹਿਰਾਂ ਵਿਚ ਡੁੱਬਣ ਦਾ ਖ਼ਤਰਾ ਰਹਿੰਦਾ ਹੈ}।
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
the body remains embroiled in the three worlds.
(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ। ਤਨ = ਸਰੀਰ, ਗਿਆਨ-ਇੰਦਰੇ।
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
But when the Lord of the three worlds enters into the body,
ਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ), ਤ੍ਰਿਭਵਣ ਮਾਹਿ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ, ਦੁਨੀਆ ਦੇ ਪਦਾਰਥਾਂ ਵਿਚ।
ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥
then one's essence merges with the essence of reality, and the True Lord is attained. ||22||
ਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
ਥਥਾ ਅਥਾਹ ਥਾਹ ਨਹੀ ਪਾਵਾ ॥
T'HAT'HA: He is Unfathomable; His depths cannot be fathomed.
(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ, ਅਥਾਹ = {ਅ-ਥਾਹ। ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ।
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
He is Unfathomable; this body is impermanent, and unstable.
(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)। ਓਹੁ = ਉਹ ਪ੍ਰਭੂ। ਇਹੁ = ਇਹ ਮਨ। ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ।
ਥੋੜੈ ਥਲਿ ਥਾਨਕ ਆਰੰਭੈ ॥
The mortal builds his dwelling upon this tiny space;
ਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ; ਥਲਿ = ਥਲ ਵਿਚ, ਭੁਇਂ ਵਿਚ।
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥
without any pillars, he wishes to support a mansion. ||23||
ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥ ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ। ਮੰਦਿਰੁ = ਘਰ, ਮਕਾਨ। ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ। ਥੋੜੈ ਥਲਿ = ਥੋੜੀ ਭੁਇਂ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ। ਥਾਨਕ = {स्थानक} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) ॥੨੩॥
ਦਦਾ ਦੇਖਿ ਜੁ ਬਿਨਸਨਹਾਰਾ ॥
DADDA: Whatever is seen shall perish.
ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ, ਦੇਖਿ = {ਸੰ: ਦ੍ਰਿਸ਼੍ਯ} ਜੋ ਵੇਖਣ ਵਿਚ ਆ ਰਿਹਾ ਹੈ। ਜੁ = ਜੋ।
ਜਸ ਅਦੇਖਿ ਤਸ ਰਾਖਿ ਬਿਚਾਰਾ ॥
Contemplate the One who is unseen.
(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)। ਜਸ ਅਦੇਖਿ = ਜੋ ਅਦ੍ਰਿਸ਼ਯ ਹੈ, ਜੋ ਅੱਖਾਂ ਨਾਲ ਨਹੀਂ ਦਿੱਸਦਾ। ਤਸ = ਉਸ (ਪ੍ਰਭੂ) ਨੂੰ। ਰਾਖਿ ਬਿਚਾਰਾ = ਆਪਣੀ ਵਿਚਾਰ ਵਿਚ ਰੱਖ, ਉਸ ਵਿਚ ਸੁਰਤ ਜੋੜ।
ਦਸਵੈ ਦੁਆਰਿ ਕੁੰਚੀ ਜਬ ਦੀਜੈ ॥
When the key is inserted in the Tenth Gate,
ਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ), ਦਸਵੈ ਦੁਆਰਿ = ਦਸਵੇਂ ਦਰ ਵਿਚ {ਨੋਟ: ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇਕ ਮੂੰਹ, ਇੰਦ੍ਰੀ, ਗੁਦਾ; ਇਹ ਨੌ ਗੋਲਕਾਂ, ਸਰੀਰ ਦੇ ਇਹ ਨੌਂ ਦਰਵਾਜ਼ੇ ਸਰੀਰ ਦੀ ਸਥੂਲ ਕ੍ਰਿਆ ਨਿਭਾਉਂਦੇ ਹਨ। ਇਹਨਾਂ ਤੋਂ ਮਨੁੱਖਾ ਸਰੀਰ ਦਾ ਇਕ ਹੋਰ ਦਰਵਾਜ਼ਾ ਮੰਨਿਆ ਗਿਆ ਹੈ, ਉਹ ਹੈ ਮਨੁੱਖ ਦਾ ਦਿਮਾਗ਼, ਜੋ ਵਿਚਾਰ-ਕੇਂਦਰ ਹੈ}। ਕੁੰਜੀ = (ਭਾਵ) ਗੁਰੂ, ਗੁਰਬਾਣੀ।
ਤਉ ਦਇਆਲ ਕੋ ਦਰਸਨੁ ਕੀਜੈ ॥੨੪॥
then the Blessed Vision of the Merciful Lord's Darshan is seen. ||24||
ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥
ਧਧਾ ਅਰਧਹਿ ਉਰਧ ਨਿਬੇਰਾ ॥
DHADHA: When one ascends from the lower realms of the earth to the higher realms of the heavens, then everything is resolved.
ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ), ਉਰਧ {ऊध्र्व} ਉੱਚਾ (ਭਾਵ, ਪਰਮਾਤਮਾ)। ਅਰਧਹਿ = {ਨੋਟ: ਸੰਸਕ੍ਰਿਤ ਲਫ਼ਜ਼ ਹੈ अर्ध, ਇਸ ਦਾ ਅਰਥ ਹੈ 'ਅੱਧਾ'; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ। ਸੰਸਕ੍ਰਿਤ ਲਫ਼ਜ਼ "ਉਰਧ੍ਵ" (ਜਿਸ ਦਾ ਅਰਥ ਹੈ "ਉੱਚਾ") ਦੇ ਮੁਕਾਬਲੇ ਤੇ ਲਫ਼ਜ਼ ਹੈ "ਅਧਹ" (ਇਸ ਦਾ ਅਰਥ ਹੈ "ਨੀਵਾਂ") ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ "ਅਧੋਗਤੀ।" ਇਸ ਬੰਦ ਵਿਚ ਭੀ ਲਫ਼ਜ਼ 'ਅਰਧਹਿ' ਸੰਸਕ੍ਰਿਤ ਲਫ਼ਜ਼ "ਅਧਹ" ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ)। ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ।
ਅਰਧਹਿ ਉਰਧਹ ਮੰਝਿ ਬਸੇਰਾ ॥
The Lord dwells in both the lower and higher worlds.
ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)। ਉਰਧਹ ਮੰਝਿ = ਉੱਚੇ ਪ੍ਰਭੂ ਵਿਚ। ਬਸੇਰਾ = ਨਿਵਾਸ।
ਅਰਧਹ ਛਾਡਿ ਉਰਧ ਜਉ ਆਵਾ ॥
Leaving the earth, the soul ascends to the heavens;
ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ, ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ। ਜਉ = ਜਦੋਂ। ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ।
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥
then, the lower and higher join together, and peace is obtained. ||25||
ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
ਨੰਨਾ ਨਿਸਿ ਦਿਨੁ ਨਿਰਖਤ ਜਾਈ ॥
NANNA: The days and nights go by; I am looking for the Lord.
(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ, ਨਿਸਿ = ਰਾਤ। ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ। ਜਾਈ = ਲੰਘਦਾ ਹੈ, ਗੁਜ਼ਰਦਾ ਹੈ।
ਨਿਰਖਤ ਨੈਨ ਰਹੇ ਰਤਵਾਈ ॥
Looking for Him, my eyes have become blood-shot.
ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ। ਨੈਨ = ਅੱਖਾਂ। ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ।
ਨਿਰਖਤ ਨਿਰਖਤ ਜਬ ਜਾਇ ਪਾਵਾ ॥
After looking and looking,when He is finally found,
ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ, ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ।
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
then the one who was looking merges into the One who was looked for. ||26||
ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥ ਨਿਰਖਹਿ = {ਸੰ: ਨਿਰੀਖ੍ਹ੍ਹਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ। ਨਿਰਖ = {ਸੰ: ਨਿਰੀਖ੍ਹ੍ਹ} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ ॥੨੬॥
ਪਪਾ ਅਪਰ ਪਾਰੁ ਨਹੀ ਪਾਵਾ ॥
PAPPA: He is limitless; His limits cannot be found.
ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ। ਅਪਰ = {ਅ-ਪਰ, (ਸੰ: नास्ति परों यस्मात्) ਜਿਸ ਤੋਂ ਪਰੇ ਹੋਰ ਕੋਈ ਨਹੀਂ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪਾਰੁ = ਪਾਰਲਾ ਬੰਨਾ, ਅੰਤ। ਪਾਵਾ = ਪਾਇਆ।
ਪਰਮ ਜੋਤਿ ਸਿਉ ਪਰਚਉ ਲਾਵਾ ॥
I have attuned myself to the Supreme Light.
ਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ, ਪਰਚਉ = {ਸੰ: ਪਰਿਚਯ} ਪਿਆਰ, ਸਾਂਝ।
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
One who controls his five senses
ਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ, ਨਿਗ੍ਰਹ ਕਰਈ = ਰੋਕ ਲੈਂਦਾ ਹੈ।
ਪਾਪੁ ਪੁੰਨੁ ਦੋਊ ਨਿਰਵਰਈ ॥੨੭॥
rises above both sin and virtue. ||27||
ਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥ ਨਿਰਵਰਈ = ਨਿਵਾਰ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਪਰਮ ਜੋਤਿ = ਉਹ ਚਾਨਣ ਜੋ ਸਭ ਤੋਂ ਉੱਚਾ ਹੈ, ਸਭ ਨੂੰ ਚਾਨਣ ਦੇਣ ਵਾਲੀ ਜੋਤ ॥੨੭॥
ਫਫਾ ਬਿਨੁ ਫੂਲਹ ਫਲੁ ਹੋਈ ॥
FAFFA: Even without the flower, the fruit is produced.
ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)। ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ। ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ।
ਤਾ ਫਲ ਫੰਕ ਲਖੈ ਜਉ ਕੋਈ ॥
One who looks at a slice of that fruit
ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ। ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ। ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ, ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ। ਜਉ = ਜੇ। ਲਖੈ = ਸਮਝ ਲਏ।
ਦੂਣਿ ਨ ਪਰਈ ਫੰਕ ਬਿਚਾਰੈ ॥
and reflects on it, will not be consigned to reincarnation.
ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ, ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ। ਪਰਈ = ਪਰੈ, ਪੈਂਦਾ। ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ।
ਤਾ ਫਲ ਫੰਕ ਸਭੈ ਤਨ ਫਾਰੈ ॥੨੮॥
A slice of that fruit slices all bodies. ||28||
(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥ ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ। ਫਾਰੈ = ਫਾੜੈ, ਨਾਸ ਕਰ ਦੇਂਦਾ ਹੈ ॥੨੮॥
ਬਬਾ ਬਿੰਦਹਿ ਬਿੰਦ ਮਿਲਾਵਾ ॥
BABBA: When one drop blends with another drop,
(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ) ਬਿੰਦਹਿ = (ਪਾਣੀ ਦੀ) ਬੂੰਦ ਵਿਚ। ਬਿੰਦ = ਪਾਣੀ ਦੀ ਬੂੰਦ। ਮਿਲਾਵਾ = ਮਿਲ ਗਈ।
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
then these drops cannot be separated again.
(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ। ਬਿੰਦਹਿ = ਬਿੰਦ-ਮਾਤ੍ਰ, ਨਿਮਖ-ਮਾਤ੍ਰ, ਥੋੜੇ ਜਿਹੇ ਸਮੇ ਲਈ ਭੀ। ਬਿੰਦਿ = ਬਿੰਦ ਕੇ, ਜਾਣ ਕੇ, ਸਾਂਝ ਪਾ ਕੇ {ਸੰ: ਵਿੰਦਤਿ, विन्दति = ਜਾਣਦਾ ਹੈ}
ਬੰਦਉ ਹੋਇ ਬੰਦਗੀ ਗਹੈ ॥
Become the Lord's slave, and hold tight to His meditation.
(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ, ਬੰਦਉ = ਬੰਦਾ, ਗ਼ੁਲਾਮ, ਸੇਵਕ। ਹੋਇ = ਹੋ ਕੇ, ਬਣ ਕੇ। ਗਹੈ = ਗ੍ਰਹਿਣ ਕਰਦਾ ਹੈ, ਪਕੜ ਲੈਂਦਾ ਹੈ, ਪ੍ਰੇਮ ਨਾਲ ਕਰਦਾ ਹੈ।
ਬੰਦਕ ਹੋਇ ਬੰਧ ਸੁਧਿ ਲਹੈ ॥੨੯॥
If you turn your thoughts to the Lord, the Lord will take care of you like a relative. ||29||
ਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥ ਬੰਦਕ = {ਸੰ: ਵੰਦਕ} ਉਸਤਤ ਕਰਨ ਵਾਲਾ, ਸਿਫ਼ਤਿ-ਸਾਲਾਹ ਕਰਨ ਵਾਲਾ, ਢਾਡੀ। ਬੰਧ = ਜਕੜ, ਜ਼ੰਜੀਰ। ਸੁਧਿ = ਸੂਝ, ਸਮਝ। ਬੰਧ ਸੁਧਿ = ਬੰਦਾਂ ਦੀ ਸੂਝ, (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦੀ ਸਮਝ। ਲਹੈ = ਲੱਭ ਲੈਂਦਾ ਹੈ ॥੨੯॥
ਭਭਾ ਭੇਦਹਿ ਭੇਦ ਮਿਲਾਵਾ ॥
BHABHA: When doubt is pierced, union is achieved.
ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ, ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ।
ਅਬ ਭਉ ਭਾਨਿ ਭਰੋਸਉ ਆਵਾ ॥
I have shattered my fear, and now I have come to have faith.
ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ। ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ।
ਜੋ ਬਾਹਰਿ ਸੋ ਭੀਤਰਿ ਜਾਨਿਆ ॥
I thought that He was outside of me, but now I know that He is within me.
ਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥
When I came to understand this mystery, then I recognized the Lord. ||30||
(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥ ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ = ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ॥੩੦॥
ਮਮਾ ਮੂਲ ਗਹਿਆ ਮਨੁ ਮਾਨੈ ॥
MAMMA: Clinging to the source, the mind is satisfied.
ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ। ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ।
ਮਰਮੀ ਹੋਇ ਸੁ ਮਨ ਕਉ ਜਾਨੈ ॥
One who knows this mystery understands his own mind.
ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ। ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ)। ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ।
ਮਤ ਕੋਈ ਮਨ ਮਿਲਤਾ ਬਿਲਮਾਵੈ ॥
Let no one delay in uniting his mind.
(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ; ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ।
ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥
Those who obtain the True Lord are immersed in delight. ||31||
(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥ ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ ॥੩੧॥
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
MAMMA: The mortal's business is with his own mind; one who disciplines his mind attains perfection.
(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ। ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ।
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥
Only the mind can deal with the mind; says Kabeer, I have not met anything like the mind. ||32||
ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥ ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ)। ਮਨ ਸਾ = ਮਨ ਵਰਗਾ ॥੩੨॥
ਇਹੁ ਮਨੁ ਸਕਤੀ ਇਹੁ ਮਨੁ ਸੀਉ ॥
This mind is Shakti; this mind is Shiva.
(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ। ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ।
ਇਹੁ ਮਨੁ ਪੰਚ ਤਤ ਕੋ ਜੀਉ ॥
This mind is the life of the five elements.
(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)। ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ।
ਇਹੁ ਮਨੁ ਲੇ ਜਉ ਉਨਮਨਿ ਰਹੈ ॥
When this mind is channeled, and guided to enlightenment,
ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ, ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ = ਟਿਕਦਾ ਹੈ।
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
it can describe the secrets of the three worlds. ||33||
ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥ ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ = ਆਖਦਾ ਹੈ ॥੩੩॥
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
YAYYA: If you know anything, then destroy your evil-mindedness, and subjugate the body-village.
(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)। ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ।
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥
When you are engaged in the battle, don't run away; then, you shall be known as a spiritual hero. ||34||
(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥ ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ ॥੩੪॥
ਰਾਰਾ ਰਸੁ ਨਿਰਸ ਕਰਿ ਜਾਨਿਆ ॥
RARRA: I have found tastes to be tasteless.
ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ, ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ।
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
Becoming tasteless, I have realized that taste.
ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ। ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ
ਇਹ ਰਸ ਛਾਡੇ ਉਹ ਰਸੁ ਆਵਾ ॥
Abandoning these tastes, I have found that taste.
ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ; ਆਵਾ = ਆਗਿਆ।
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥
Drinking in that taste, this taste is no longer pleasing. ||35||
(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥ ਭਾਵਾ = ਚੰਗਾ ਲੱਗਾ ॥੩੫॥
ਲਲਾ ਐਸੇ ਲਿਵ ਮਨੁ ਲਾਵੈ ॥
LALLA: Embrace such love for the Lord in your mind,
ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ, ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ।
ਅਨਤ ਨ ਜਾਇ ਪਰਮ ਸਚੁ ਪਾਵੈ ॥
that you shall not have to go to any other; you shall attain the supreme truth.
ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ; ਅਨਤ = {अन्यत्र} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ।
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
And if you embrace love and affection for Him there,
ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ) ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ।
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥
then you shall obtain the Lord; obtaining Him, you shall be absorbed in His Feet. ||36||
ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥ ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ = ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ॥੩੬॥
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
WAWA: Time and time again, dwell upon the Lord.
(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ- ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ।
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
Dwelling upon the Lord, defeat shall not come to you.
(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ। ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ।
ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥
I am a sacrifice, a sacrifice to those, who sing the praises of the Saints, the sons of the Lord.
ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ। ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ।
ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥
Meeting the Lord, total Truth is obtained. ||37||
ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥ ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੩੭॥
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
WAWA: Know Him. By knowing Him, this mortal becomes Him.
(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ। ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ।
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥
When this soul and that Lord are blended, then, having been blended, they cannot be known separately. ||38||
ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥ ਓਹੁ = ਉਹ ਪ੍ਰਭੂ। ਅਰੁ = ਅਤੇ ॥੩੮॥
ਸਸਾ ਸੋ ਨੀਕਾ ਕਰਿ ਸੋਧਹੁ ॥
SASSA: Discipline your mind with sublime perfection.
ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ। ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ।
ਘਟ ਪਰਚਾ ਕੀ ਬਾਤ ਨਿਰੋਧਹੁ ॥
Refrain from that talk which attracts the heart.
ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ। ਪਰਚਾ = (skt. परिचय) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ।
ਘਟ ਪਰਚੈ ਜਉ ਉਪਜੈ ਭਾਉ ॥
The heart is attracted, when love wells up.
ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ, ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ।
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥
The King of the three worlds is perfectly pervading and permeating there. ||39||
ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥ ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ॥੩੯॥
ਖਖਾ ਖੋਜਿ ਪਰੈ ਜਉ ਕੋਈ ॥
KHAKHA: Anyone who seeks Him, and by seeking Him,
ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ, ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ।
ਜੋ ਖੋਜੈ ਸੋ ਬਹੁਰਿ ਨ ਹੋਈ ॥
finds Him, shall not be born again.
(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ। ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ)।
ਖੋਜ ਬੂਝਿ ਜਉ ਕਰੈ ਬੀਚਾਰਾ ॥
When someone seeks Him, and comes to understand and contemplate Him,
ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ, ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ)। ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ।
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥
then he crosses over the terrifying world-ocean in an instant. ||40||
ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥ ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ ॥੪੦॥
ਸਸਾ ਸੋ ਸਹ ਸੇਜ ਸਵਾਰੈ ॥
SASSA: The bed of the soul-bride is adorned by her Husband Lord;
ਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ, ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ)। ਸੋ = ਉਹ (ਸਖੀ)।
ਸੋਈ ਸਹੀ ਸੰਦੇਹ ਨਿਵਾਰੈ ॥
her skepticism is dispelled.
ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ, ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ।
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
Renouncing the shallow pleasures of the world, she obtains the supreme delight.
ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ। ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ।
ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥
Then, she is the soul-bride; He is called her Husband Lord. ||41||
(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥ ਤ੍ਰੀਅ = ਇਸਤ੍ਰੀ। ਕੰਤੁ = ਖਸਮ ॥੪੧॥
ਹਾਹਾ ਹੋਤ ਹੋਇ ਨਹੀ ਜਾਨਾ ॥
HAHA: He exists, but He is not known to exist.
ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ। ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ), ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ।
ਜਬ ਹੀ ਹੋਇ ਤਬਹਿ ਮਨੁ ਮਾਨਾ ॥
When He is known to exist, then the mind is pleased and appeased.
ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ। ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।
ਹੈ ਤਉ ਸਹੀ ਲਖੈ ਜਉ ਕੋਈ ॥
Of course the Lord exists, if one could only understand Him.
(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ। ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ।
ਤਬ ਓਹੀ ਉਹੁ ਏਹੁ ਨ ਹੋਈ ॥੪੨॥
Then, He alone exists, and not this mortal being. ||42||
ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥ ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ ॥੪੨॥
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
Everyone goes around saying, I'll take this, and I'll take that.
ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ। ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ।
ਤਾ ਕਾਰਣਿ ਬਿਆਪੈ ਬਹੁ ਸੋਗੁ ॥
Because of that, they suffer in terrible pain.
ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ। ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ।
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
When someone comes to love the Lord of Lakhshmi,
ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ, ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ।
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥
his sorrow departs, and he obtains total peace. ||43||
ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥
ਖਖਾ ਖਿਰਤ ਖਪਤ ਗਏ ਕੇਤੇ ॥
KHAKHA: Many have wasted their lives, and then perished.
ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ; ਖਿਰਤ = {Skt. क्षर = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ)। ਅਜਹੂੰ = ਅਜੇ ਤਕ।
ਖਿਰਤ ਖਪਤ ਅਜਹੂੰ ਨਹ ਚੇਤੇ ॥
Wasting away, they do not remember the Lord, even now.
ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ। ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ।
ਅਬ ਜਗੁ ਜਾਨਿ ਜਉ ਮਨਾ ਰਹੈ ॥
But if someone, even now, comes to know the transitory nature of the world and restrain his mind,
ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ, ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ = ਟਿਕ ਜਾਏ।
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥
he shall find his permanent home, from which he was separated. ||44||
ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥ ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ ॥੪੪॥
ਬਾਵਨ ਅਖਰ ਜੋਰੇ ਆਨਿ ॥
The fifty-two letters have been joined together.
(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ, ਬਾਵਨ = ਬਵੰਜਾ। ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ।
ਸਕਿਆ ਨ ਅਖਰੁ ਏਕੁ ਪਛਾਨਿ ॥
But people cannot recognize the One Word of God.
ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ। ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ। ਅਖਰੁ = {Skt. अ-क्षर} ਨਾਸ-ਰਹਿਤ।
ਸਤ ਕਾ ਸਬਦੁ ਕਬੀਰਾ ਕਹੈ ॥
Kabeer speaks the Shabad, the Word of Truth.
ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਬੀਰਾ = ਹੇ ਕਬੀਰ! ਕਹੈ = (ਜੋ ਮਨੁੱਖ) ਆਖਦਾ ਹੈ।
ਪੰਡਿਤ ਹੋਇ ਸੁ ਅਨਭੈ ਰਹੈ ॥
One who is a Pandit, a religious scholar, must remain fearless.
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਸੁ = ਉਹ ਮਨੁੱਖ। ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ। ਰਹੈ = ਟਿਕਿਆ ਰਹਿੰਦਾ ਹੈ।
ਪੰਡਿਤ ਲੋਗਹ ਕਉ ਬਿਉਹਾਰ ॥
It is the business of the scholarly person to join letters.
ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ), ਕਉ = ਨੂੰ, ਦਾ। ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ।
ਗਿਆਨਵੰਤ ਕਉ ਤਤੁ ਬੀਚਾਰ ॥
The spiritual person contemplates the essence of reality.
ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ। ਤਤੁ = ਅਸਲੀਅਤ।
ਜਾ ਕੈ ਜੀਅ ਜੈਸੀ ਬੁਧਿ ਹੋਈ ॥
According to the wisdom within the mind,
ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ, ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ। ਜੈਸੀ ਬੁਧਿ = ਜਿਹੋ ਜਿਹੀ ਅਕਲ।
ਕਹਿ ਕਬੀਰ ਜਾਨੈਗਾ ਸੋਈ ॥੪੫॥
says Kabeer, so does one come to understand. ||45||
ਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥ ਸੋਈ = ਉਹੀ ਕੁਝ। ਕਹਿ = ਕਹੈ, ਆਖਦਾ ਹੈ ॥੪੫॥