ਗਉੜੀ ॥
Gauree:
ਗਉੜੀ।
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
O mother, I do not know any other, except Him.
ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ, ਮਾਈ = ਹੇ ਮਾਂ! ਮੋਹਿ = ਮੈਂ। ਅਵਰੁ = ਹੋਰ। ਨ ਜਾਨਿਓ = ਨਹੀਂ ਜਾਣਿਆ, ਜੀਵਨ ਦਾ ਆਸਰਾ ਨਹੀਂ ਸਮਝਿਆ। ਆਨਾਨਾਂ = ਆਨ, ਅਨ੍ਯ, ਕੋਈ ਹੋਰ।
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
My breath of life resides in Him, whose praises are sung by Shiva and Sanak and so many others. ||Pause||
(ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ਰਹਾਉ॥ ਸਨਕਾਦਿ = ਸਨਕ ਆਦਿ, ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਜਾਸੁ ਗੁਨ = ਜਿਸ ਦੇ ਗੁਣ। ਤਾਸੁ = ਉਸ (ਪ੍ਰਭੂ) ਵਿਚ। ਪ੍ਰਾਨਾਨਾਂ = ਪ੍ਰਾਨ ਰਹਾਉ॥
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥
My heart is illuminated by spiritual wisdom; meeting the Guru, I meditate in the Sky of the Tenth Gate.
ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ। ਪ੍ਰਗਾਸੁ = ਚਾਨਣ। ਗੰਮਤਿ = ਅਪੜਾਇਆ, ਦਿੱਤਾ, ਬਖ਼ਸ਼ਿਆ {ਸੰ: ਗਮ = ਜਾਣਾ, ਅੱਪੜਨਾ। ਕ੍ਰਿਆ: 'ਗਮ' ਤੋਂ 'ਪ੍ਰੇਰਣਾਰਥਕ ਕ੍ਰਿਆ' ਗਮਯ ਦਾ ਅਰਥ ਹੈ ਅਪੜਾਉਣਾ, ਦੇਣਾ, ਬਖ਼ਸ਼ਣਾ}। ਗਗਨ ਮਹਿ = ਆਕਾਸ਼ ਵਿਚ (ਭਾਵ, ਦੁਨੀਆ ਦੇ ਪਦਾਰਥਾਂ ਵਿਚੋਂ ਉੱਠ ਕੇ ਉੱਚੇ ਮੰਡਲਾਂ ਵਿਚ, ਪ੍ਰਭੂ-ਚਰਨਾਂ ਵਿਚ)। ਧਿਆਨਾਨਾਂ = ਧਿਆਨ (ਲੱਗ ਗਿਆ)।
ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥
The diseases of corruption, fear and bondage have run away; my mind has come to know peace in its own true home. ||1||
ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥ ਬਿਖੈ = ਵਿਸ਼ੇ। ਨਿਜ ਘਰਿ = ਆਪਣੇ ਘਰ ਵਿਚ, ਅੰਦਰ ਹੀ। ਜਾਨਾਨਾ = ਜਾਨਾ, ਜਾਣ ਲਿਆ ॥੧॥
ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
Imbued with a balanced single-mindedness, I know and obey God; nothing else enters my mind.
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ)। ਏਕਸੁ = ਇਕ (ਪ੍ਰਭੂ) ਵਿਚ ਹੀ। ਮਤਿ = ਬੁੱਧ। ਰਤਿ = ਪਿਆਰ, ਲਗਨ। ਜਾਨਿ = ਜਾਣ ਕੇ, ਸਮਝ ਕੇ। ਮਾਨਿ = ਮੰਨ ਕੇ, ਪਤੀਜ ਕੇ। ਮਨਹਿ = ਮਨ ਵਿਚ। ਆਨਾਨਾ = ਆਨਾ, ਆਨਿਆ, ਲਿਆਂਦਾ।
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥
My mind has become fragrant with the scent of sandalwood; I have renounced egotistical selfishness and conceit. ||2||
ਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ॥੨॥ ਬਾਸੁ = ਸੁਗੰਧੀ। ਮਨ ਬਾਸਨ = ਮਨ ਦੀਆਂ ਵਾਸ਼ਨਾਂ। ਤਿਆਗਿ = ਤਿਆਗ ਕੇ।੨। {❀ ਨੋਟ: ਲਫ਼ਜ਼ 'ਤਿਆਗਿ' ਦਾ ਅਰਥ ਹੈ 'ਤਿਆਗ ਕੇ'। ਲਫ਼ਜ਼ 'ਘਟਿਓ' ਵਿਆਕਰਣ ਅਨੁਸਾਰ "ਭੂਤਕਾਲ" ਹੈ, ਜਿਵੇਂ ਇਸੇ ਹੀ ਸ਼ਬਦ ਦੇ ਲਫ਼ਜ਼ 'ਜਾਨਿਓ', 'ਬਸਿਓ' ਅਤੇ 'ਪ੍ਰਗਾਸਿਓ' ਹਨ; ਘਟਿਓ = ਘਟ ਗਿਆ, ਘਟਿਆ। ਜਾਨਿਓ = ਜਾਨਿਆ, ਜਾਣ ਲਿਆ। ਬਸਿਓ = ਵੱਸਿਆ, ਵੱਸ ਪਿਆ। ਪ੍ਰਗਾਸਿ = ਪ੍ਰਗਾਸਿਆ, ਚਮਕ ਪਿਆ। ਸੋ, ਲਫ਼ਜ਼ 'ਘਟਿਓ' ਦਾ ਅਰਥ "ਘਟਦਾ ਘਟਦਾ" ਨਹੀਂ ਹੋ ਸਕਦਾ। ਨਾਹ ਹੀ ਇਸ ਦਾ ਅਰਥ "ਘਟ ਵਿਚੋਂ" ਹੋ ਸਕਦਾ ਹੈ; ਉਸ ਹਾਲਤ ਵਿਚ ਲਫ਼ਜ਼ "ਘਟਹੁ" ਹੁੰਦਾ ਹੈ, ਜਿਵੇਂ "ਮਨਹੁ" = ਮਨ ਤੋਂ, ਮਨ ਵਿਚੋਂ। ਲਫ਼ਜ਼ 'ਤਿਆਗਿ' ਵਾਂਗ ਹੀ ਜਾਨਿ = ਜਾਣ ਕੇ। ਮਾਨਿ = ਮੰਨ ਕੇ। ਕਾਟਿ = ਕੱਟ ਕੇ। ਭੇਟਿ = ਭੇਟ ਕੇ ਮਿਲ ਕੇ} ॥੨॥
ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
That humble being, who sings and meditates on the Praises of his Lord and Master, is the dwelling-place of God.
ਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ। ਤਾਸੁ = ਉਸ (ਮਨੁੱਖ ਦੇ ਹਿਰਦੇ) ਵਿਚ। ਪ੍ਰਭੂ ਥਾਨਾਨਾਂ = ਪ੍ਰਭੂ ਦਾ ਥਾਂ, ਪ੍ਰਭੂ ਦਾ ਨਿਵਾਸ।
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥
He is blessed with great good fortune; the Lord abides in his mind. Good karma radiates from his forehead. ||3||
ਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥ ਮਨਿ ਜਾ ਕੈ = ਜਿਸ ਮਨੁੱਖ ਦੇ ਮਨ ਵਿਚ। ਕਰਮ ਪ੍ਰਧਾਨ = (ਉੱਚ) ਕਰਮ ਉੱਘੜ ਆਏ ਹਨ। ਮਥਾਨਾਨਾ = ਮੱਥੇ ਤੇ ॥੩॥
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
I have broken the bonds of Maya; the intuitive peace and poise of Shiva has dawned within me, and I am merged in oneness with the One.
ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ। ਕਾਟਿ = ਕੱਟ ਕੇ, ਦੂਰ ਕਰ ਕੇ। ਸਕਤਿ = ਮਾਇਆ (ਦਾ ਪ੍ਰਭਾਵ)। ਸਿਵ ਸਹਜੁ = ਸ਼ਿਵ ਦੀ ਸਹਜਿ ਅਵਸਥਾ, ਪਰਮਾਤਮਾ ਦਾ ਗਿਆਨ, ਪ੍ਰਭੂ ਦਾ ਪ੍ਰਕਾਸ਼। ਏਕੈ ਏਕ = ਨਿਰੋਲ ਇੱਕ ਪ੍ਰਭੂ ਵਿਚ।
ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
Says Kabeer, meeting the Guru, I have found absolute peace. My mind has ceased its wanderings; I am happy. ||4||23||74||
ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥ ਗੁਰ ਭੇਟਿ = ਗੁਰੂ ਨੂੰ ਮਿਲ ਕੇ। ਭ੍ਰਮਤ ਰਹੇ = ਭਟਕਣਾ ਦੂਰ ਹੋ ਜਾਂਦੀ ਹੈ। ਮਾਨਾਨਾਂ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ ॥੪॥੨੩॥੭੪॥