ਗਉੜੀ ॥
Gauree:
ਗਉੜੀ।
ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥
He fashioned the body chamber with six rings, and placed within it the incomparable thing.
ਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ; ਖਟ = ਛੇ। ਨੇਮ = {ਸੰ: ਨੇਮਿ} ਚੱਕਰ, ਪਹੀਏ ਦਾ ਉਪਰਲਾ ਘੇਰਾ। ਖਟ ਨੇਮ = ਛੇ ਚੱਕਰ {ਵੇਖੋ ਸ਼ਬਦ ਨੰ: ੪੭; ਜੋਗੀ-ਲੋਕ ਸਰੀਰ ਦੇ ਛੇ ਚੱਕਰ ਮੰਨਦੇ ਹਨ, ਪ੍ਰਾਣਾਯਾਮ ਵੇਲੇ ਪ੍ਰਾਣਾਂ ਨੂੰ ਹੇਠਲੇ ਚੱਕਰ ਤੋਂ ਖਿੱਚ ਕੇ ਉੱਪਰਲੇ ਚੱਕਰ ਵਿਚ ਅਪੜਾਉਂਦੇ ਹਨ। ਪਰ ਇਸ ਸ਼ਬਦ ਵਿਚ ਜੋਗੀਆਂ ਦੇ ਇਹਨਾਂ ਚੱਕਰਾਂ ਵਲ ਇਸ਼ਾਰਾ ਨਹੀਂ ਜਾਪਦਾ}; ਪੰਜ ਤੱਤ ਤੇ ਛੇਵਾਂ ਮਨ {ਸਰੀਰ ਦੀ ਬਣਤਰ ਪੰਜ ਤੱਤਾਂ ਤੋਂ ਮੰਨੀ ਜਾਂਦੀ ਹੈ, ਤੇ ਜੀਵ ਨੂੰ ਜਨਮ ਵਿਚ ਲਿਆਉਣ ਵਾਲਾ ਇਸ ਦਾ 'ਮਨ' ਹੀ ਮੂਲ-ਕਾਰਨ ਹੈ, ਕਿਉਂਕਿ ਮਨ ਦੀਆਂ ਵਾਸ਼ਨਾਂ ਜੀਵ ਨੂੰ ਭਟਕਾਉਂਦੀਆਂ ਫਿਰਦੀਆਂ ਹਨ। ਸੋ, ਇੱਥੇ 'ਖਟ ਨੇਮ' ਤੋਂ ਭਾਵ ਹੈ ਪੰਜ ਤੱਤ ਤੇ ਛੇਵਾਂ ਮਨ}। ਕੋਠੜੀ = ਸਰੀਰ-ਰੂਪ ਨਿੱਕਾ ਜਿਹਾ ਘਰ। ਬਾਂਧੀ = ਬਣਾਈ। ਬਸਤੁ = ਚੀਜ਼। ਅਨੂਪ = {ਅਨ-ਊਪ। ਊਪ = ਉਪਮਾ} ਜਿਸ ਦੀ ਉਪਮਾ ਨਹੀਂ ਹੋ ਸਕਦੀ, ਜਿਸ ਵਰਗੀ ਹੋਰ ਕੋਈ ਚੀਜ਼ ਨਹੀਂ। ਬਸਤੁ ਅਨੂਪ = ਉਹ ਸ਼ੈ ਜਿਸ ਵਰਗੀ ਹੋਰ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਦੀ ਆਪਣੀ ਜੋਤ। ਬੀਚ = (ਉਸ 'ਕੋਠੜੀ') ਵਿਚ।
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
He made the breath of life the watchman, with lock and key to protect it; the Creator did this in no time at all. ||1||
(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥ ਕੁਲਫੁ = ਜੰਦਰਾ। ਕਰਤੇ = ਕਰਦਿਆਂ, ਬਣਾਉਂਦਿਆਂ। ਬਾਰ ਨ ਲਾਈ = ਦੇਰ ਨਹੀਂ ਲਾਈ (ਲਫ਼ਜ਼ 'ਬਾਰ' ਇਸਤ੍ਰੀ ਲਿੰਗ ਹੈ, ਕਿਉਂਕਿ ਇਸ ਦੀ ਕ੍ਰਿਆ 'ਲਾਈ' ਭੀ ਇਸਤ੍ਰੀ ਲਿੰਗ ਹੈ; ਸੋ ਇਸ ਦਾ ਅਰਥ 'ਦਰਵਾਜ਼ੇ' ਫਬਦਾ ਨਹੀਂ ਹੈ) ॥੧॥
ਅਬ ਮਨ ਜਾਗਤ ਰਹੁ ਰੇ ਭਾਈ ॥
Keep your mind awake and aware now, O Sibling of Destiny.
(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ, ਮਨ = ਹੇ ਮਨ! ਰੇ ਭਾਈ = ਹੇ ਵੀਰ! ਰੇ ਭਾਈ ਮਨ = ਹੇ ਪਿਆਰੇ ਮਨ!
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
You were careless, and you have wasted your life; your home is being plundered by thieves. ||1||Pause||
ਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥ ਗਾਫਲੁ = ਬੇ-ਪਰਵਾਹ। ਮੁਸੈ ਘਰੁ = ਘਰ ਨੂੰ ਲੁੱਟਦਾ ਹੈ। ਜਾਈ = ਜਾਇ, ਜਾ ਕੇ ॥੧॥ ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
The five senses stand as guards at the gate, but now can they be trusted?
(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ। ਪੰਚ ਪਹਰੂਆ = ਪੰਜ ਪਹਿਰੇਦਾਰ, ਪੰਜ ਗਿਆਨ ਇੰਦਰੇ (ਅੱਖਾਂ, ਕੰਨ, ਨੱਕ, ਜੀਭ, ਚਮੜੀ; ਇਹਨਾਂ ਪੰਜਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦੀ ਖ਼ਬਰ ਦਿਮਾਗ਼ ਵਿਚ ਅੱਪੜਦੀ ਹੈ। ਸਰੀਰ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਆਉਂਦਾ ਹੋਵੇ, ਉਹ ਭੀ ਇਹਨਾਂ ਦੀ ਰਾਹੀਂ ਹੀ ਪਤਾ ਲੱਗਦਾ ਹੈ, ਪਰ ਕਿਸੇ ਚਸਕੇ ਵਲ, ਕਿਸੇ ਵਿਕਾਰ ਵਲ ਪ੍ਰੇਰਨਾ ਭੀ ਇਹਨਾਂ ਦੀ ਰਾਹੀਂ ਹੀ ਹੁੰਦਾ ਹੈ। ਅੱਖਾਂ ਜੇ ਪਰਾਇਆ ਰੂਪ ਤੱਕਣ ਦੇ ਚਸਕੇ ਵਿਚ ਫਸੀਆਂ ਹੋਈਆਂ ਹਨ ਤਾਂ ਨੇਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਇਹ ਵਿਕਾਰ ਵਲ ਪ੍ਰੇਰਨਗੀਆਂ। ਇਸੇ ਤਰ੍ਹਾਂ ਬਾਕੀ ਦੇ ਗਿਆਨ-ਇੰਦ੍ਰੇ)। ਦਰ ਮਹਿ = ਸਰੀਰ-ਰੂਪ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਤੇ। ਪਤੀਆਰਾ = ਇਤਬਾਰ, ਵਿਸਾਹ।
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
When you are conscious in your consciousness, you shall be enlightened and illuminated. ||2||
ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥ ਸੁਚੇਤ ਚਿਤ ਹੋਇ = ਹੁਸ਼ਿਆਰ ਹੋ ਕੇ। ਉਜਾਰਾ = ਉਜਾਲਾ, ਨਿਖਾਰ। ਲੈ ਉਜਾਰਾ = ਨਿਖਰ ਆਉਣਾ ਹੈ। ਪਰਗਾਸੁ = ਚਾਨਣ ॥੨॥
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
Seeing the nine openings of the body, the soul-bride is led astray; she does not obtain that incomparable thing.
ਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)। ਨਉ ਘਰ = ਨੌ ਗੋਲਕਾਂ = {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਇੰਦ੍ਰੀ, ਗੁਦਾ; ਇਹ ਨੌ ਹੀ ਰੰਧ੍ਰ ਜੋ ਸਰੀਰ ਦੀਆਂ ਕ੍ਰਿਆ ਚਲਾ ਰਹੇ ਹਨ}। ਦੇਖਿ = ਵੇਖ ਕੇ। ਜੁ = ਜਿਹੜੀ। ਕਾਮਨਿ = ਜੀਵ-ਇਸਤ੍ਰੀ।
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥
Says Kabeer, the nine openings of the body are being plundered; rise up to the Tenth Gate, and discover the true essence. ||3||22||73||
ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥ ਨਵੈ ਘਰ ਮੂਸੇ = ਜਦੋਂ ਨੌ ਹੀ ਗੋਲਕਾਂ ਠੱਗੀਆਂ ਜਾਂਦੀਆਂ ਹਨ, ਜਦੋਂ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ। ਦਸਵੈਂ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ, ਦਿਮਾਗ਼ ਵਿਚ {ਸੋਚ-ਵਿਚਾਰ ਦਾ ਕੰਮ ਮਨੁੱਖ ਦੇ ਦਿਮਾਗ਼ ਨੂੰ ਕੁਦਰਤ ਨੇ ਸੌਂਪਿਆ ਹੈ, ਇਸ ਲਈ ਇਸ ਨੂੰ ਦਸਵਾਂ ਘਰ, ਦਸਵਾਂ ਦੁਆਰ ਕਿਹਾ ਜਾਂਦਾ ਹੈ। ਜਿਤਨਾ ਚਿਰ ਸਰੀਰ ਦੀਆਂ ਨੌ ਗੋਲਕਾਂ ਨਿਰੇ ਸਰੀਰਕ ਕ੍ਰਿਆ ਵਲ ਮਨ ਨੂੰ ਲਾਈ ਰੱਖਦੀਆਂ ਹਨ, ਨਿਰੇ ਸੰਸਾਰੀ ਕੰਮਾਂ-ਧੰਧਿਆਂ ਵਿਚ ਜੋੜੀ ਰੱਖਦੀਆਂ ਹਨ, ਉਤਨਾ ਚਿਰ ਮਨੁੱਖ ਆਪਣੇ ਆਪ ਨੂੰ ਨਿਰਾ ਸਰੀਰ ਹੀ ਸਮਝੀ ਰੱਖਦਾ ਹੈ, ਨਿਰਾ ਸਰੀਰ ਦੀ ਪਰਵਰਿਸ਼ ਵਿਚ ਹੀ ਮਸਤ ਰਹਿੰਦਾ ਹੈ, ਅੰਦਰ-ਵੱਸਦੀ ਆਤਮਕ ਜੋਤਿ ਦਾ ਖ਼ਿਆਲ ਕਦੇ ਨਹੀਂ ਆਉਂਦਾ}। ਤਤੁ = ਅਸਲੀਅਤ, ਪਰਮਾਤਮਾ ਦੀ ਜੋਤਿ ॥੩॥੨੨॥੭੩॥