ਰਤਨੁ ਤਿਆਗਿ ਕਉਡੀ ਸੰਗਿ ਰਚੈ ॥

Forsaking the jewel, they are engrossed with a shell.

(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ। ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ।

ਸਾਚੁ ਛੋਡਿ ਝੂਠ ਸੰਗਿ ਮਚੈ ॥

They renounce Truth and embrace falsehood.

ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ। ਛੋਡਿ = ਛੱਡ ਕੇ। ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ।

ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥

That which passes away, they believe to be permanent.

ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ; ਜੋ = ਜੋ (ਧਨ ਪਦਾਰਥ)। ਸੁ = ਉਸ ਨੂੰ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

ਜੋ ਹੋਵਨੁ ਸੋ ਦੂਰਿ ਪਰਾਨੈ ॥

That which is immanent, they believe to be far off.

ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ। ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ)। ਪਰਾਨੈ = ਪਛਾਣਦਾ ਹੈ, ਸਮਝਦਾ ਹੈ।

ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥

They struggle for what they must eventually leave.

ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ; ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ।

ਸੰਗਿ ਸਹਾਈ ਤਿਸੁ ਪਰਹਰੈ ॥

They turn away from the Lord, their Help and Support, who is always with them.

ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ। ਸਹਾਈ = ਸਹਾਇਤਾ ਕਰਨ ਵਾਲਾ। ਪਰਹਰੈ = ਛੱਡ ਦੇਂਦਾ ਹੈ।

ਚੰਦਨ ਲੇਪੁ ਉਤਾਰੈ ਧੋਇ ॥

They wash off the sandalwood paste;

(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ, ਉਤਾਰੈ = ਲਾਹ ਦੇਂਦਾ ਹੈ।

ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥

like donkeys, they are in love with the mud.

(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ। ਗਰਧਬ ਪ੍ਰੀਤਿ = ਖੋਤੇ ਦਾ ਪਿਆਰ। ਭਸਮ = ਸੁਆਹ।

ਅੰਧ ਕੂਪ ਮਹਿ ਪਤਿਤ ਬਿਕਰਾਲ ॥

They have fallen into the deep, dark pit.

(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ; ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ।

ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

Nanak: lift them up and save them, O Merciful Lord God! ||4||

ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥ ਪ੍ਰਭ = ਹੇ ਪ੍ਰਭੂ! ॥੪॥