ਪਉੜੀ ॥

Pauree:

ਪਉੜੀ

ਨਉਮੀ ਨਵੇ ਛਿਦ੍ਰ ਅਪਵੀਤ ॥

The ninth day of the lunar cycle: The nine holes of the body are defiled.

(ਉਹਨਾਂ ਮਨੁੱਖਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ, ਨਵੇ = ਨੌ ਹੀ। ਛਿਦ੍ਰ = ਛੇਕ, ਗੋਲਕਾਂ (ਕੰਨ, ਨੱਕ ਆਦਿਕ)। ਅਪਵੀਤ = ਅਪਵਿਤ੍ਰ, ਗੰਦੇ।

ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥

People do not chant the Lord's Name; instead, they practice evil.

ਜੇਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ। ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ। ਬਿਪਰੀਤਿ = ਉਲਟੀ ਰੀਤਿ।

ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥

They commit adultery, slander the Saints,

(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ, ਪਰ = ਪਰਾਈ। ਤ੍ਰਿਅ = ਇਸਤ੍ਰੀਆਂ। ਰਮਹਿ = ਭੋਗਦੇ ਹਨ। ਬਕਹਿ = ਬੋਲਦੇ ਹਨ।

ਕਰਨ ਨ ਸੁਨਹੀ ਹਰਿ ਜਸੁ ਬਿੰਦ ॥

and do not listen to even a tiny bit of the Lord's Praise.

ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ। ਕਰਨ = ਕੰਨਾਂ ਨਾਲ। ਸੁਨਹੀ = ਸੁਨਹਿ, ਸੁਣਦੇ। ਬਿੰਦ = ਥੋੜਾ ਸਮਾ ਭੀ।

ਹਿਰਹਿ ਪਰ ਦਰਬੁ ਉਦਰ ਕੈ ਤਾਈ ॥

They steal others' wealth for the sake of their own bellies,

(ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ, ਹਿਰਹਿ = ਚੁਰਾਂਦੇ ਹਨ। ਪਰਦਰਬੁ = ਪਰਾਇਆ ਧਨ {द्रव्य}। ਉਦਰ = ਪੇਟ। ਕੈ ਤਾਈ = ਦੀ ਖ਼ਾਤਰ।

ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥

but the fire is not extinguished, and their thirst is not quenched.

(ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ। ਅਗਨਿ = ਲਾਲਚ ਦੀ ਅੱਗ। ਨਿਵਰੈ = ਦੂਰ ਹੁੰਦੀ।

ਹਰਿ ਸੇਵਾ ਬਿਨੁ ਏਹ ਫਲ ਲਾਗੇ ॥

Without serving the Lord, these are their rewards.

ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ। ਏਹ ਫਲ = {ਬਹੁ-ਵਚਨ}।

ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥

O Nanak, forgetting God, the unfortunate people are born, only to die. ||9||

ਹੇ ਨਾਨਕ! ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੯॥ ਮਰਿ = ਮਰ ਕੇ। ਜਮਹਿ = ਜੰਮਦੇ ਹਨ। ਅਭਾਗੇ = ਬਦ-ਨਸੀਬ, ਭਾਗ-ਹੀਣ ॥੯॥