ਬਿਲਾਵਲੁ ਮਹਲਾ ੪ ॥
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥
The Gurmukh meditates on the Inaccessible, Unfathomable Lord. I am a sacrifice, a sacrifice to the True Guru, the True Primal Being.
ਹੇ ਭਾਈ! ਮੈਂ ਗੁਰੂ ਮਹਾ ਪੁਰਖ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰੂ ਦੀ ਸਰਨ ਪੈ ਕੇ ਮੈਂ ਉਸ ਅਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਹਉ = ਹਉਂ, ਮੈਂ। ਬਲਿ ਬਲਿ = ਸਦਕੇ।
ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥
He has brought the Lord's Name to dwell upon my breath of life; meeting with the True Guru, I am absorbed into the Lord's Name. ||1||
ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸੁਆਸ ਵਿਚ ਵਸਾ ਦਿੱਤਾ ਹੈ। ਗੁਰੂ (ਦੇ ਚਰਨਾਂ) ਨੂੰ ਛੁਹ ਕੇ ਪਰਮਾਤਮਾ ਦੇ ਨਾਮ ਵਿਚ ਮੈਂ ਲੀਨ ਰਹਿੰਦਾ ਹਾਂ ॥੧॥ ਮੇਰੈ ਪ੍ਰਾਣਿ = ਮੇਰੀ ਜਿੰਦ ਵਿਚ, ਮੇਰੇ ਹਰੇਕ ਸੁਆਸ ਵਿਚ। ਪਰਸਿ = ਛੁਹ ਕੇ। ਨਾਮਿ = ਨਾਮ ਵਿਚ ॥੧॥
ਜਨ ਕੀ ਟੇਕ ਹਰਿ ਨਾਮੁ ਟਿਕਈਆ ॥
The Name of the Lord is the only Support of His humble servants.
ਹੇ ਭਾਈ! (ਗੁਰੂ ਨੇ) ਪਰਮਾਤਮਾ ਦਾ ਨਾਮ (ਮੈਂ) ਦਾਸ (ਦੀ ਜ਼ਿੰਦਗੀ) ਦਾ ਸਹਾਰਾ ਬਣਾ ਦਿੱਤਾ ਹੈ। ਟੇਕ = ਆਸਰਾ। ਟਿਕਈਆ = ਟਿਕਾ ਦਿੱਤੀ ਹੈ, ਬਣਾ ਦਿੱਤੀ ਹੈ।
ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥
I shall live under the protection of the True Guru. By Guru's Grace, I shall attain the Court of the Lord. ||1||Pause||
ਮੈਂ ਗੁਰੂ ਦਾ ਪੱਲਾ ਫੜ ਕੇ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ, ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ (ਦੇ ਮਹਲ) ਦਾ ਦਰਵਾਜ਼ਾ ਲੱਭ ਲਿਆ ਹੈ ॥੧॥ ਰਹਾਉ ॥ ਧਰ = ਆਸਰਾ। ਜਾਵਾ = ਜਾਵਾਂ, ਮੈਂ ਜਾਂਦਾ ਹਾਂ, ਮੈਂ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ। ਧਰ ਲਾਗਾ = ਪੱਲਾ ਫੜੀ। ਤੇ = ਤੋਂ, ਦੀ ਰਾਹੀਂ। ਲਹੀਆ = ਲੱਭ ਲਿਆ ਹੈ ॥੧॥ ਰਹਾਉ ॥
ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥
This body is the field of karma; the Gurmukhs plow and work it, and harvest the essence.
ਹੇ ਭਾਈ! ਇਹ (ਮਨੁੱਖਾ) ਸਰੀਰ (ਇਕ ਅਜਿਹੀ) ਧਰਤੀ ਹੈ ਜਿਸ ਵਿਚ (ਰੋਜ਼ਾਨਾ ਕੀਤੇ ਜਾ ਰਹੇ) ਕਰਮ (-ਬੀਜ) ਬੀਜੇ ਜਾ ਰਹੇ ਹਨ। (ਜਿਵੇਂ) ਦੁੱਧ ਨੂੰ ਰਿੜਕ ਰਿੜਕ ਕੇ ਮੱਖਣ ਕੱਢ ਲਈਦਾ ਹੈ (ਤਿਵੇਂ,) ਗੁਰੂ ਦੀ ਸਰਨ ਪੈ ਕੇ (ਇਹਨਾਂ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ ਸੋਧ ਕੇ ਉੱਚਾ ਆਤਮਕ ਜੀਵਨ ਪ੍ਰਾਪਤ ਕਰ ਲਈਦਾ ਹੈ)। ਮਥਿ = ਰਿੜਕ ਕੇ, ਸੋਧ ਕੇ। ਤਤੁ = ਮੱਖਣ, ਉੱਚਾ ਆਤਮਕ ਜੀਵਨ।
ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥
The priceless jewel of the Naam becomes manifest, and it pours into their vessels of love. ||2||
(ਜਿਸ ਹਿਰਦੇ-ਰੂਪ ਭਾਂਡੇ ਵਿਚ ਗੁਰੂ ਪਰਮਾਤਮਾ ਦਾ) ਮਹਾਨ ਕੀਮਤੀ ਨਾਮ ਪਰਗਟ ਕਰ ਦੇਂਦਾ ਹੈ, ਉਸ (ਹਿਰਦਾ-) ਭਾਂਡੇ ਵਿਚ ਪ੍ਰੇਮ ਆ ਵੱਸਦਾ ਹੈ ॥੨॥ ਪ੍ਰਗਾਸਿਆ = ਪਰਕਾਸ਼ ਕਰ ਦਿੱਤਾ ਹੈ (ਗੁਰੂ ਨੇ), ਪਰਗਟ ਕਰ ਦਿੱਤਾ ਹੈ। ਭਾਂਡੈ ਤਿਤੁ = ਤਿਤੁ ਭਾਂਡੈ, ਉਸ (ਹਿਰਦਾ-) ਭਾਂਡੇ ਵਿਚ। ਭਾਉ = ਪਿਆਰ, ਪ੍ਰੇਮ। ਅਈਆ = ਆ ਪਿਆ ਹੈ ॥੨॥
ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥
Become the slave of the slave of the slave, of that humble being who has become the devotee of the Lord.
ਹੇ ਭਾਈ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਖ਼ਾਸ ਭਗਤ ਬਣ ਜਾਂਦੇ ਹਨ, ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ। ਹੋਇ = ਹੋ ਕੇ, ਬਣ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜੋ ਜਨ = ਜਿਹੜੇ ਮਨੁੱਖ। ਨਿਜ = ਆਪਣੇ ਖ਼ਾਸ।
ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥
I dedicate my mind and intellect, and place them in offering before my Guru; by Guru's Grace, I speak the Unspoken. ||3||
ਮੈਂ (ਆਪਣੇ) ਗੁਰੂ ਦੇ ਅੱਗੇ (ਆਪਣਾ) ਮਨ ਭੇਟਾ ਕਰ ਦਿੱਤਾ ਹੈ, ਆਪਣੀ ਅਕਲ ਭੇਟਾ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੩॥ ਅਰਪਿ = ਅਰਪਣ ਕਰ ਕੇ, ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਪਰਸਾਦੀ = ਕਿਰਪਾ ਨਾਲ ਹੀ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਥਈਆ = ਮੈਂ ਸਿਫ਼ਤਿ-ਸਾਲਾਹ ਕਰ ਰਿਹਾ ਹਾਂ ॥੩॥
ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥
The self-willed manmukhs are engrossed in attachment to Maya; their minds are thirsty, burning with desire.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੋਹਿ = ਮੋਹ ਵਿਚ। ਵਿਆਪੇ = ਫਸੇ ਰਹਿੰਦੇ ਹਨ। ਤਿਖਈਆ = ਤਿਖਾ, ਤ੍ਰਿਸ਼ਨਾ।
ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥
Following the Guru's Teachings, I have obtained the Ambrosial Water of the Naam, and the fire has been put out. The Word of the Guru's Shabad has put it out. ||4||
(ਜਿਸ ਮਨੁੱਖ ਨੇ) ਗੁਰੂ ਦੀ ਸਿੱਖਿਆ ਲੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭ ਲਿਆ, (ਉਸ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ, ਗੁਰੂ ਦੇ ਸ਼ਬਦ ਨੇ ਬੁਝਾ ਦਿੱਤੀ ॥੪॥ ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ। ਅਗਨਿ = (ਤ੍ਰਿਸ਼ਨਾ ਦੀ) ਅੱਗ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੪॥
ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥
This mind dances before the True Guru. The unstruck sound current of the Shabad resounds, vibrating the celestial melody.
ਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਜਿਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ, (ਉਸ ਦੇ ਅੰਦਰ) ਸਿਫ਼ਤਿ-ਸਾਲਾਹ ਦੀ ਬਾਣੀ ਦੀ ਰੌ ਦੇ ਇਕ-ਰਸ (ਮਾਨੋ) ਵਾਜੇ ਵੱਜਦੇ ਰਹਿੰਦੇ ਹਨ। ਨਾਚੈ = ਨੱਚਦਾ ਹੈ। ਨਾਚੈ ਸਤਿਗੁਰ ਆਗੈ = ਗੁਰੂ ਦੇ ਅੱਗੇ ਨੱਚਦਾ ਹੈ, ਜਿਧਰ ਗੁਰੂ ਤੋਰੇ ਉਧਰ ਤੁਰਦਾ ਹੈ {ਆਮ ਤੌਰ ਤੇ ਮਨੁੱਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ)। ਅਨਹਦ = {अन्हद} ਬਿਨਾ ਵਜਾਏ ਵੱਜਣ ਵਾਲਾ, ਇਕ ਰਸ, ਲਗਾਤਾਰ। ਧੁਨਿ = ਰੌ। ਤੂਰ = ਵਾਜੇ।
ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥
I praise the Lord, day and night, moving my feet to the beat of the drum. ||5||
ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥ ਉਸਤਤਿ = ਸਿਫ਼ਤਿ-ਸਾਲਾਹ। ਚਰਣ ਹਰਿ = ਹਰੀ ਦੇ ਚਰਨ। ਰਖਿ ਰਖਿ = ਮੁੜ ਮੁੜ ਰੱਖ ਕੇ, ਹਰ ਵੇਲੇ ਰੱਖ ਕੇ। {ਨੋਟ: ਤਾਲ-ਸਿਰ ਨੱਚਣ ਵਾਲੇ ਦੇ ਨਾਲ ਰਾਗ ਦੇ ਸਾਜ਼ ਭੀ ਵਜਾਏ ਜਾਂਦੇ ਹਨ। ਗੁਰੂ ਦੀ ਰਜ਼ਾ ਵਿਚ ਤੁਰਨਾ, ਇਹ ਹੈ ਨੱਚਣਾ। ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਲਗਨ, ਇਹ ਹਨ ਵਾਜੇ। ਪ੍ਰਭੂ ਦੀ ਯਾਦ ਹਰ ਵੇਲੇ ਮਨ ਵਿਚ ਵਸਾਈ ਰੱਖਣੀ, ਇਹ ਹੈ ਤਾਲ-ਸਿਰ ਕਦਮ ਚੁੱਕਣੇ} ॥੫॥
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
Imbued with the Lord's Love, my mind sings His Praise, joyfully chanting the Shabad, the source of nectar and bliss.
ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ, ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਤਾ = ਰੰਗਿਆ ਹੋਇਆ। ਰਸਿ = ਸੁਆਦ ਨਾਲ। ਰਸਾਲ = {ਰਸ-ਆਲਯ} ਰਸਾਂ ਦਾ ਸੋਮਾ ਪ੍ਰਭੂ। ਰਸਾਲ ਰਸਿ = ਪਰਮਾਤਮਾ ਦੇ ਪ੍ਰੇਮ ਵਿਚ। ਰਵਿਆ = ਹਿਰਦੇ ਵਿਚ ਵਸਾਈ ਰੱਖਦਾ ਹੈ।
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥
The stream of immaculate purity flows through the home of the self within; one who drinks it in, finds peace. ||6||
ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥ ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਚੁਐ = ਚੋਂਦੀ ਰਹਿੰਦੀ ਹੈ। ਅਤਿ = ਬਹੁਤ। ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ ॥੬॥
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥
The stubborn-minded, egotistical, proud-minded person performs rituals, but these are like sand castles built by children.
(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ। ਮਨ ਹਠਿ = (ਆਪਣੇ) ਮਨ ਦੇ ਹਠ ਨਾਲ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਅਭਿਮਾਨੀ = ਅਹੰਕਾਰੀ (ਹੋ ਜਾਂਦਾ ਹੈ)। ਬਾਲੂ = ਰੇਤ।
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥
When the waves of the ocean come in, they crumble and dissolve in an instant. ||7||
ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥
The Lord is the pool, and the Lord Himself is the ocean; this world is all a play which He has staged.
ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)। ਸਰੁ = ਸਰੋਵਰ, ਤਾਲਾਬ। ਸਾਗਰੁ = ਸਮੁੰਦਰ। ਆਪੇ = ਆਪ ਹੀ। ਸਭੁ = ਸਾਰਾ।
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥
As the waves of water merge into the water again, O Nanak, so does He merge into Himself. ||8||3||6||
ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥ ਤਰੰਗ = ਲਹਿਰਾਂ। ਜਲਹਿ = ਪਾਣੀ ਵਿਚ ਹੀ {ਜਲਹਿ = ਜਲਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਲਿ' ਦੀ 'ਿ' ਉੱਡ ਗਈ ਹੈ}। ਸਮਾਵਹਿ = ਲੀਨ ਹੋ ਜਾਂਦੀਆਂ ਹਨ ॥੮॥੩॥੬॥