ਬਿਲਾਵਲੁ ਮਹਲਾ ੪ ॥
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥
My mind wears the ear-rings of the True Guru's acquaintance; I apply the ashes of the Word of the Guru's Shabad to my body.
ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ। ਪਰਚੈ = ਪ੍ਰਸੰਨ ਹੋ ਜਾਂਦਾ ਹੈ (ਜਿਨ੍ਹਾਂ ਮਨੁੱਖਾਂ ਉਤੇ)। ਮਨਿ = ਮਨ ਵਿਚ। ਤਨਿ = ਸਰੀਰ ਉਤੇ। ਭਸਮ = ਸੁਆਹ। ਦ੍ਰਿੜਈਆ = ਹਿਰਦੇ ਵਿਚ ਪੱਕੇ ਤੌਰ ਤੇ ਵਸਾ ਲਿਆ।
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥
My body has become immortal, in the Saadh Sangat, the Company of the Holy. Both birth and death have come to an end for me. ||1||
(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥ ਅਮਰ = ਅ-ਮਰ, ਨਾਹ ਮਰਨ ਵਾਲੇ। ਪਿੰਡ = ਸਰੀਰ। ਅਮਰ ਪਿੰਡ = ਮੌਤ-ਰਹਿਤ ਸਰੀਰਾਂ ਵਾਲੇ, ਜਨਮ ਮਰਨ ਦੇ ਗੇੜ ਤੋਂ ਬਚੇ ਹੋਏ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਦੋਊ = ਦੋਵੇਂ ਹੀ ॥੧॥
ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥
O my mind, remain united with the Saadh Sangat.
ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ) ਮਨ = ਹੇ ਮਨ! ਮਿਲਿ = ਮਿਲ ਕੇ।
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥
Be merciful to me, O Lord; each and every instant, let me wash the Feet of the Holy. ||1||Pause||
ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ॥੧॥ ਰਹਾਉ ॥ ਮਧ ਸੂਦਨ = ਹੇ ਮਧ ਸੂਦਨ! ਹੇ ਮਧੂ-ਰਾਖਸ਼ ਨੂੰ ਮਾਰਨ ਵਾਲੇ! ਮਾਧਉ = ਹੇ ਮਾਇਆ ਦੇ ਪਤੀ! (ਧਵ = ਪਤੀ)। ਪਖਈਆ = ਮੈਂ ਧੋਂਦਾ ਰਹਾਂ ॥੧॥ ਰਹਾਉ ॥
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥
Forsaking family life, he wanders in the forest, but his mind does not remain at rest, even for an instant.
ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ। ਤਜੈ = ਤਿਆਗਦਾ ਹੈ, ਛੱਡ ਜਾਂਦਾ ਹੈ। ਬਨਵਾਸੀ = ਜੰਗਲ ਦਾ ਵਾਸੀ।
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥
The wandering mind returns home, only when it seeks the Sanctuary of the Lord's Holy people. ||2||
ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥ ਧਾਵਤੁ = ਭਟਕਦਾ ਮਨ। ਧਾਇ = ਭਟਕ ਕੇ, ਦੌੜ ਕੇ। ਤਦੇ = ਤਦੋਂ ਹੀ। ਘਰਿ = ਘਰ ਵਿਚ। ਸਾਧੂ = ਗੁਰੂ ॥੨॥
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥
The Sannyaasi renounces his daughters and sons, but his mind still conjures up all sorts of hopes and desires.
ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ, ਛੋਡਿ = ਛੱਡ ਕੇ। ਮਨਿ = ਮਨ ਵਿਚ।
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥
With these hopes and desires, he still does not understand, that only through the Word of the Guru's Shabad does one become free of desires, and find peace. ||3||
ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥ ਕਰੈ = ਕਰਦਾ ਹੈ। ਬੂਝੈ = ਸਮਝਦਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਿਰਾਸ = ਆਸਾ-ਰਹਿਤ ਹੋ ਕੇ ॥੩॥
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥
When detachment from the world wells up within, he become a naked hermit, but still, his mind roams, wanders and rambles in the ten directions.
ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ, ਤਰਕ = ਨਫ਼ਰਤ। ਦਿਗੰਬਰ = {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ} ਜਿਸ ਨੇ ਚੌਂਹਾਂ ਤਰਫ਼ਾਂ ਨੂੰ ਹੀ ਕੱਪੜਾ ਬਣਾਇਆ ਹੈ, ਨਾਂਗਾ, ਜੈਨੀ। ਦਹਦਿਸ = ਦਸੀਂ ਪਾਸੀਂ। ਚਲਿ ਚਲਿ = ਜਾ ਜਾ ਕੇ, ਭਟਕ ਭਟਕ ਕੇ। ਗਵਨੁ = ਰਟਨ, ਦੌੜ-ਭੱਜ।
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥
He wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||
(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥ ਪ੍ਰਭਵਨੁ = (ਸਾਰੇ ਦੇਸ ਦਾ) ਰਟਨ। ਮਿਲਿ = ਮਿਲ ਕੇ। ਦਇਆ ਘਰੁ = ਦਇਆ ਦਾ ਘਰ, ਦਇਆ ਦਾ ਸੋਮਾ ਹਰੀ ॥੪॥
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥
The Siddhas learn many Yogis postures, but their minds still yearn for riches, miraculous powers and energy.
ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)। ਸਿਧ = ਸਿੱਧ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਿਖਹਿ = ਸਿੱਖਦੇ ਹਨ। ਮਨਿ = ਮਨ ਵਿਚ। ਮਾਗਹਿ = ਮੰਗਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਚੇਟਕ = ਕਰਾਮਾਤੀ ਤਮਾਸ਼ੇ।
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥
Satisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||
(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥ ਤ੍ਰਿਪਤਿ = (ਮਾਇਆ ਵਲੋਂ) ਰਜੇਵਾਂ। ਮਨਿ = ਮਨ ਵਿਚ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਸਿਧਿ = ਸਫਲਤਾ ॥੫॥
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥
Life is born from the egg, from the womb, from sweat and from the earth; God created the beings and creatures of all colors and forms.
ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ। ਅੰਡਜ = ਅੰਡਿਆਂ ਤੋਂ ਪੈਦਾ ਹੋਣ ਵਾਲੇ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = {डद्भिज्ज} ਧਰਤੀ ਵਿਚੋਂ ਫੁੱਟਣ ਵਾਲੇ। ਸਭਿ = ਸਾਰੇ। ਵਰਨ = ਰੰਗ। ਪਰੈ = ਪੈਂਦਾ ਹੈ।
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥
One who seeks the Sanctuary of the Holy is saved, whether he is a Kh'shaatriya, a Brahmin, a Soodra, a Vaishya or the most untouchable of the untouchables. ||6||
(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥ ਉਬਰੈ = (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ ॥੬॥
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥
Naam Dayv, Jai Dayv, Kabeer, Trilochan and Ravi Daas the low-caste leather-worker,
ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ, ਅੳਜਾਤਿ = ਨੀਵੀਂ ਜਾਤਿ ਵਾਲਾ।
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥
blessed Dhanna and Sain; all those who joined the humble Saadh Sangat, met the Merciful Lord. ||7||
ਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥ ਸਾਧੂ ਜਨ ਸੰਗਤਿ = ਸੰਤ ਜਨਾਂ ਦੀ ਸੰਗਤਿ ਵਿਚ। ਧਨੁ = ਧੰਨ, ਭਾਗਾਂ ਵਾਲਾ। ਦਈਆ = ਦਇਆ ਦਾ ਘਰ ਪ੍ਰਭੂ ॥੭॥
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥
The Lord protects the honor of His humble servants; He is the Lover of His devotees - He makes them His own.
(ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ। ਪੈਜ = ਇੱਜ਼ਤ, ਲਾਜ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਹਰੀ। ਅੰਗੀਕਾਰੁ = ਪੱਖ।
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥
Nanak has entered the Sanctuary of the Lord, the Life of the world, who has showered His Mercy upon him, and saved him. ||8||||4||7||
ਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥ ਸਰਣਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਸਰਨ। ਰਖਈਆ = ਰੱਖਿਆ ਕਰਦਾ ਹੈ ॥੮॥੪॥੭॥