ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥
Raag Gond, The Word Of Kabeer Jee, Second House:
ਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥
They tied my arms, bundled me up, and threw me before an elephant.
ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ, ਭੁਜਾ = ਬਾਂਹ। ਭਿਲਾ = ਢੀਮ। ਭਿਲਾ ਕਰਿ = ਢੀਮ ਬਣਾ ਕੇ, ਢੀਮ ਵਾਂਗ। ਡਾਰਿਓ = ਸੁੱਟ ਦਿੱਤਾ।
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥
The elephant driver struck him on the head, and infuriated him.
(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ। ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ)। ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ।
ਹਸਤਿ ਭਾਗਿ ਕੈ ਚੀਸਾ ਮਾਰੈ ॥
But the elephant ran away, trumpeting,
ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
ਇਆ ਮੂਰਤਿ ਕੈ ਹਉ ਬਲਿਹਾਰੈ ॥੧॥
"I am a sacrifice to this image of the Lord." ||1||
(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥ ਹਉ = ਮੈਂ ॥੧॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥
O my Lord and Master, You are my strength.
ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)। ਆਹਿ = ਹੈ। ਠਾਕੁਰ = ਹੇ ਠਾਕੁਰ! ਜੋਰੁ = ਤਾਣ, ਆਸਰਾ।
ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥
The Qazi shouted at the driver to drive the elephant on. ||1||Pause||
ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥ ਬਕਿਬੋ = ਬੋਲਦਾ ਹੈ। ਤੋਰੁ = ਚੱਲਾ ॥੧॥ ਰਹਾਉ ॥
ਰੇ ਮਹਾਵਤ ਤੁਝੁ ਡਾਰਉ ਕਾਟਿ ॥
He yelled out, "O driver, I shall cut you into pieces.
(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ, ਰੇ = ਹੇ!
ਇਸਹਿ ਤੁਰਾਵਹੁ ਘਾਲਹੁ ਸਾਟਿ ॥
Hit him, and drive him on!"
ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
ਹਸਤਿ ਨ ਤੋਰੈ ਧਰੈ ਧਿਆਨੁ ॥
But the elephant did not move; instead, he began to meditate.
ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
ਵਾ ਕੈ ਰਿਦੈ ਬਸੈ ਭਗਵਾਨੁ ॥੨॥
The Lord God abides within his mind. ||2||
(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥ ਵਾ ਕੈ = ਉਸ ਦੇ ॥੨॥
ਕਿਆ ਅਪਰਾਧੁ ਸੰਤ ਹੈ ਕੀਨੑਾ ॥
What sin has this Saint committed,
ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
ਬਾਂਧਿ ਪੋਟ ਕੁੰਚਰ ਕਉ ਦੀਨੑਾ ॥
that you have made him into a bundle and thrown him before the elephant?
ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ। ਪੋਟ = ਪੋਟਲੀ। ਕੁੰਚਰੁ = ਹਾਥੀ।
ਕੁੰਚਰੁ ਪੋਟ ਲੈ ਲੈ ਨਮਸਕਾਰੈ ॥
Lifting up the bundle, the elephant bows down before it.
(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
ਬੂਝੀ ਨਹੀ ਕਾਜੀ ਅੰਧਿਆਰੈ ॥੩॥
The Qazi could not understand it; he was blind. ||3||
ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥ ਅੰਧਿਆਰੈ = ਹਨੇਰੇ ਵਿਚ ॥੩॥
ਤੀਨਿ ਬਾਰ ਪਤੀਆ ਭਰਿ ਲੀਨਾ ॥
Three times, he tried to do it.
(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ, ਪਤੀਆ = ਪਰਤਾਵਾ, ਅਜ਼ਮਾਇਸ਼।
ਮਨ ਕਠੋਰੁ ਅਜਹੂ ਨ ਪਤੀਨਾ ॥
Even then, his hardened mind was not satisfied.
ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ। ਪਤੀਨਾ = ਪਤੀਜਿਆ, ਤਸੱਲੀ ਹੋਈ।
ਕਹਿ ਕਬੀਰ ਹਮਰਾ ਗੋਬਿੰਦੁ ॥
Says Kabeer, such is my Lord and Master.
ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,
ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥
The soul of His humble servant dwells in the fourth state. ||4||1||4||
ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥ ਚਉਥੇ ਪਦ ਮਹਿ = ਉਸ ਅਵਸਥਾ ਵਿਚ ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ॥੪॥੧॥੪॥