ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ

My teeth, feet, eyes and ears have stopped working.

(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ। ਚਬਣ = ਦੰਦ, ਚੱਬਣ। ਚਲਣ = ਲੱਤਾਂ। ਰਤੰਨ = ਅੱਖਾਂ। ਸੁਣੀਅਰ = ਕੰਨ। ਸੇ = ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ)। ਬਹਿ ਗਏ = ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ।

ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥

My body cries out, "Those whom I knew have left me!" ||77||

(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥ ਹੇੜੇ = ਸਰੀਰ ਨੇ। ਧਾਹ ਮੁਤੀ = ਢਾਹ ਮਾਰੀ। ਸੇ ਜਾਨੀ = ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ॥੭੭॥