ਸਾਰੰਗ ਮਹਲਾ ੫ ਚਉਪਦੇ ਘਰੁ ੫ ॥
Saarang, Fifth Mehl, Chau-Padhay, Fifth House:
ਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਭਜਿ ਆਨ ਕਰਮ ਬਿਕਾਰ ॥
Meditate, vibrate on the Lord; other actions are corrupt.
ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ। ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ।
ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥
Pride, attachment and desire are not quenched; the world is in the grip of death. ||1||Pause||
(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥ ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ ॥੧॥ ਰਹਾਉ ॥
ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥
Eating, drinking, laughing and sleeping, life passes uselessly.
ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ। ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ।
ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥
The mortal wanders in reincarnation, burning in the hellish environment of the womb; in the end, he is destroyed by death. ||1||
ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥ ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ ॥੧॥
ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥
He practices fraud, cruelty and slander against others; he sins, and washes his hands.
(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ। ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ।
ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥
Without the True Guru, he has no understanding; he is lost in the utter darkness of anger and attachment. ||2||
ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥ ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ ॥੨॥
ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥
He takes the intoxicating drugs of cruelty and corruption, and is plundered. He is not conscious of the Creator Lord God.
ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ।
ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥
The Lord of the Universe is hidden and unattached. The mortal is like a wild elephant, intoxicated with the wine of egotism. ||3||
ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥ ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ ॥੩॥
ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥
In His Mercy, God saves His Saints; they have the Support of His Lotus Feet.
ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ। ਕਰਿ = ਕਰ ਕੇ। ਅਧਾਰ = ਆਸਰਾ।
ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥
With his palms pressed together, Nanak has come to the Sanctuary of the Primal Being, the Infinite Lord God. ||4||1||129||
ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥ ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ ॥੪॥੧॥੧੨੯॥