ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਜਗਜੀਵਨੁ ਸਾਚਾ ਏਕੋ ਦਾਤਾ ॥
One One True Lord is the Life of the World, the Great Giver.
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਸਹਾਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।
ਗੁਰ ਸੇਵਾ ਤੇ ਸਬਦਿ ਪਛਾਤਾ ॥
Serving the Guru, through the Word of the Shabad, He is realized.
ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ। ਤੇ = ਤੋਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾਂਦਾ ਹੈ, ਸਾਂਝ ਪਾਈ ਜਾ ਸਕਦੀ ਹੈ।
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
There is only One Command, and there is only One Supreme King. In each and every age, He links each to their tasks. ||1||
ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ। ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ॥੧॥ ਅਮਰੁ = ਹੁਕਮ। ਪਤਿਸਾਹੀ = ਰਾਜ। ਜੁਗੁ ਜੁਗੁ = ਹਰੇਕ ਜੁਗ ਵਿਚ। ਸਿਰਿ = (ਹਰੇਕ ਜੀਵ ਦੇ) ਸਿਰ ਉੱਤੇ। ਕਾਰ ਬਣਾਈ = ਕਰਨ-ਯੋਗ ਕਾਰ ਮੁਕਰਰ ਕੀਤੀ ਹੋਈ ਹੈ ॥੧॥
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥
That humble being is immaculate, who knows his own self.
ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ; ਜਿਨਿ = ਜਿਸ (ਮਨੁੱਖ) ਨੇ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਤਾ = ਪੜਤਾਲਿਆ।
ਆਪੇ ਆਇ ਮਿਲਿਆ ਸੁਖਦਾਤਾ ॥
The Lord, the Giver of peace, Himself comes and meets him.
ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ। ਆਪੇ = ਆਪ ਹੀ। ਆਇ = ਆ ਕੇ।
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥
His tongue is imbued with the Shabad, and he sings the Glorious Praises of the Lord; he is honored in the Court of the True Lord. ||2||
ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ॥੨॥ ਰਸਨਾ = ਜੀਭ। ਸਬਦਿ = ਸ਼ਬਦ ਵਿਚ। ਰਤੀ = ਰੰਗੀ ਹੋਈ। ਗਾਵੈ = ਗਾਂਦਾ ਹੈ {ਇਕ-ਵਚਨ}। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ ॥੨॥
ਗੁਰਮੁਖਿ ਨਾਮਿ ਮਿਲੈ ਵਡਿਆਈ ॥
The Gurmukh is blessed with the glorious greatness of the Naam.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਦੀ ਰਾਹੀਂ।
ਮਨਮੁਖਿ ਨਿੰਦਕਿ ਪਤਿ ਗਵਾਈ ॥
The self-willed manmukh, the slanderer, loses his honor.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਨਿੰਦਕਿ = ਨਿੰਦਕ ਨੇ।
ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥
Attuned to the Naam, the supreme soul-swans remain detached; in the home of the self, they remain absorbed in deep meditative trance. ||3||
ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੩॥ ਨਾਮਿ = ਨਾਮ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ {ਦੁੱਧ ਤੇ ਪਾਣੀ ਨੂੰ ਚੁੰਝ ਨਾਲ ਨਿਖੇੜ ਸਕਣ ਵਾਲੇ ਹੰਸਾਂ ਵਾਂਗ ਭਲਾਈ ਤੇ ਬੁਰਾਈ ਦੀ ਪਰਖ ਕਰ ਸਕਣ ਵਾਲੇ ਮਨੁੱਖ}। ਬੈਰਾਗੀ = ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ (ਅਸਲ) ਘਰ ਵਿਚ ॥੩॥
ਸਬਦਿ ਮਰੈ ਸੋਈ ਜਨੁ ਪੂਰਾ ॥
That humble being who dies in the Shabad is perfect.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ। ਸਬਦਿ = ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ ਜਿਹੜਾ ਮਨੁੱਖ) ਮਰਦਾ ਹੈ।
ਸਤਿਗੁਰੁ ਆਖਿ ਸੁਣਾਏ ਸੂਰਾ ॥
The brave, heroic True Guru chants and proclaims this.
(ਇਹ ਗੱਲ ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤੀ ਹੈ। ਆਖਿ = ਆਖ ਕੇ। ਸੂਰਾ = ਸੂਰਮਾ।
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥
Deep within the body is the true pool of Ambrosial Nectar; the mind drinks it in with loving devotion. ||4||
ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ॥੪॥ ਕਾਇਆ = ਸਰੀਰ। ਅੰਮ੍ਰਿਤ ਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਤਾਲਾਬ (ਚਸ਼ਮਾ)। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੀਵੈ = ਪੀਂਦਾ ਹੈ। ਭਾਇ = ਪਿਆਰ ਨਾਲ। ਸੁਭਾਈ = ਸੁਭਾਇ, ਬੜੇ ਪ੍ਰੇਮ ਨਾਲ ॥੪॥
ਪੜਿ ਪੰਡਿਤੁ ਅਵਰਾ ਸਮਝਾਏ ॥
The Pandit, the religious scholar, reads and instructs others,
ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ, ਪੜਿ = ਪੜ੍ਹ ਕੇ। ਪੰਡਿਤੁ = {ਇਕ-ਵਚਨ}। ਅਵਰਾ = ਅਵਰਾਂ, ਹੋਰਨਾਂ ਨੂੰ।
ਘਰ ਜਲਤੇ ਕੀ ਖਬਰਿ ਨ ਪਾਏ ॥
but he does not realize that his own home is on fire.
ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ। ਜਲਤੇ ਕੀ = ਸੜ ਰਹੇ ਦੀ।
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥
Without serving the True Guru, the Naam is not obtained. You can read until you are exhausted, but you shall not find peace and tranquility. ||5||
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ)। ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ॥੫॥ ਨ ਪਾਈਐ = ਨਹੀਂ ਪਾਇਆ ਜਾ ਸਕਦਾ ॥੫॥
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥
Some smear their bodies with ashes, and wander around in religious disguises.
ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਲਗਾਇ = ਲਾ ਕੇ। ਭੇਖ ਧਾਰੀ = ਸਾਧੂਆਂ ਵਾਲਾ ਪਹਿਰਾਵਾ ਵਰਤਣ ਵਾਲੇ।
ਬਿਨੁ ਸਬਦੈ ਹਉਮੈ ਕਿਨਿ ਮਾਰੀ ॥
Without the Word of the Shabad, who has ever subdued egotism?
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ। ਕਿਨਿ = ਕਿਸ ਨੇ?
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥
Night and day, they continue burning, day and night; they are deluded and confused by their doubt and religious costumes. ||6||
(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ॥੬॥ ਅਨਦਿਨੁ = ਹਰ ਰੋਜ਼, ਹਰ ਵੇਲੇ। ਭਰਮਿ = ਭਟਕਣਾ ਵਿਚ। ਭੇਖਿ = ਧਾਰਮਿਕ ਪਹਿਰਾਵੇ ਵਿਚ ॥੬॥
ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥
Some, in the midst of their household and family, remain always unattached.
ਪਰ, ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ, ਉਦਾਸੀ = ਨਿਰਮੋਹ।
ਸਬਦਿ ਮੁਏ ਹਰਿ ਨਾਮਿ ਨਿਵਾਸੀ ॥
They die in the Shabad, and dwell in the Lord's Name.
ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ। ਮੁਏ = ਦੁਨੀਆ ਵਲੋਂ ਮਰੇ ਹੋਏ। ਨਾਮਿ = ਨਾਮ ਵਿਚ।
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
Night and day, they remain forever attuned to His Love; they focus their consciousness on loving devotion and the Fear of God. ||7||
ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ॥੭॥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਭੈ = ਅਦਬ ਦੀ ਰਾਹੀਂ। ਭਾਇ = ਪ੍ਰੇਮ ਦੀ ਰਾਹੀਂ ॥੭॥
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
The self-willed manmukh indulges in slander, and is ruined.
ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ, ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਕਰਿ = ਕਰ ਕੇ। ਵਿਗੁਤਾ = ਖ਼ੁਆਰ ਹੁੰਦਾ ਹੈ।
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
The dog of greed barks within him.
ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ। ਅੰਤਰਿ ਜਿਸੁ = ਜਿਸ ਦੇ ਅੰਦਰ। ਭਉਕੈ = ਭੌਂਕਦਾ ਹੈ, ਹੋਰ ਮਾਇਆ ਮੰਗਦਾ ਹੈ।
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥
The Messenger of Death never leaves him, and in the end, he leaves, regretting and repenting. ||8||
ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ॥੮॥ ਜਮਕਾਲੁ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੮॥
ਸਚੈ ਸਬਦਿ ਸਚੀ ਪਤਿ ਹੋਈ ॥
Through the True Word of the Shabad, true honor is obtained.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ, ਸਬਦਿ = ਸ਼ਬਦ ਵਿਚ (ਲੀਨ ਹੋਇਆਂ)। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ। ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ।
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥
Without the Name, no one attains liberation.
ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਮੁਕਤਿ = (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ।
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥
Without the True Guru, no one finds the Name. Such is the making which God has made. ||9||
ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ॥੯॥ ਕੋ = ਕਈ ਮਨੁੱਖ। ਪ੍ਰਭਿ = ਪ੍ਰਭੂ ਨੇ। ਬਣਤ = ਮਰਯਾਦਾ ॥੯॥
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
Some are Siddhas and seekers, and great contemplators.
ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਵੀਚਾਰੀ = ਚਰਚਾ ਕਰਨ ਵਾਲੇ।
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
Some remain imbued with the Naam, the Name of the Formless Lord, day and night.
ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ। ਅਹਿ = ਦਿਨ। ਨਿਸਿ = ਰਾਤ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ।
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥
He alone understands, whom the Lord unites with Himself; through loving devotional worship, fear is dispelled. ||10||
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ। ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧੦॥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਭਾਇ = ਪ੍ਰੇਮ ਦੀ ਰਾਹੀਂ ॥੧੦॥
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥
Some take cleansing baths and give donations to charities, but they do not understand.
ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ। ਕਰਹਿ = ਕਰਦੇ ਹਨ {ਬਹੁ-ਵਚਨ}। ਬੂਝਹਿ = {ਬਹੁ-ਵਚਨ। 'ਬੂਝੈ' ਇਕ-ਵਚਨ}।
ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥
Some struggle with their minds, and conquer and subdue their minds.
ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ। ਮਨੂਆ = ਕੋਝਾ ਮਨ। ਮਾਰਿ = ਮਾਰ ਕੇ। ਮਨੈ ਸਿਉ = ਮਨ ਹੀ ਨਾਲ। ਲੂਝਹਿ = ਜੁੱਧ ਕਰਦੇ ਹਨ।
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥
Some are imbued with love for the True Word of the Shabad; they merge with the True Shabad. ||11||
ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ॥੧੧॥ ਇਕ ਰੰਗੀ = ਇੱਕ (ਪ੍ਰਭੂ) ਦੇ ਪ੍ਰੇਮ-ਰੰਗ ਵਾਲੇ ॥੧੧॥
ਆਪੇ ਸਿਰਜੇ ਦੇ ਵਡਿਆਈ ॥
He Himself creates and bestows glorious greatness.
(ਪਰ, ਜੀਵਾਂ ਦੇ ਵੱਸ ਦੀ ਗੱਲ ਨਹੀਂ)। ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ; ਆਪੇ = ਆਪ ਹੀ। ਸਿਰਜੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ।
ਆਪੇ ਭਾਣੈ ਦੇਇ ਮਿਲਾਈ ॥
By the Pleasure of His Will, He bestows union.
ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਭਾਣੈ = ਰਜ਼ਾ ਵਿਚ। ਦੇਇ ਮਿਲਾਈ = ਮਿਲਾਇ ਦੇਇ, ਮਿਲਾ ਦੇਂਦਾ ਹੈ।
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥
Bestowing His Grace, He comes to dwell in the mind; such is the Command ordained by my God. ||12||
ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ-ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ॥੧੨॥ ਨਦਰਿ = ਮਿਹਰ ਦੀ ਨਿਗਾਹ। ਮਨਿ = ਮਨ ਵਿਚ। ਮੇਰੈ ਪ੍ਰਭਿ = ਮੇਰੇ ਪ੍ਰਭੂ ਨੇ ॥੧੨॥
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
Those humble beings who serve the True Guru are true.
ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਸੇਵਹਿ = ਸੇਵਾ ਕਰਦੇ ਹਨ, ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਟਿਕਵੇਂ ਆਤਮਕ ਜੀਵਨ ਵਾਲੇ।
ਮਨਮੁਖ ਸੇਵਿ ਨ ਜਾਣਨਿ ਕਾਚੇ ॥
The false, self-willed manmukhs do not know how to serve the Guru.
ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ। ਮਨਮੁਖ = ਮਨ ਦੇ ਮੁਰੀਦ ਬੰਦੇ। ਸੇਵਿ ਨ ਜਾਣਨਿ = ਸੇਵਾ ਕਰਨੀ ਨਹੀਂ ਜਾਣਦੇ, ਸਰਨ ਪੈਣਾ ਨਹੀਂ ਜਾਣਦੇ। ਕਾਚੇ = ਕਮਜ਼ੋਰ ਆਤਮਕ ਜੀਵਨ ਵਾਲੇ।
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥
The Creator Himself creates the creation and watches over it; he attaches all according to the Pleasure of His Will. ||13||
(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ॥੧੩॥ ਆਪੇ = ਆਪ ਹੀ। ਕਰਿ = ਕਰ ਕੇ। ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ॥੧੩॥
ਜੁਗਿ ਜੁਗਿ ਸਾਚਾ ਏਕੋ ਦਾਤਾ ॥
In each and every age, the True Lord is the one and only Giver.
ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ। ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ।
ਪੂਰੈ ਭਾਗਿ ਗੁਰਸਬਦੁ ਪਛਾਤਾ ॥
Through perfect destiny, one realizes the Word of the Guru's Shabad.
(ਜਿਸ ਨੂੰ ਇਹ ਦਾਤ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ। ਪੂਰੈ ਭਾਗਿ = ਵੱਡੀ ਕਿਸਮਤ ਨਾਲ। ਗੁਰ ਸਬਦੁ = ਗੁਰੂ ਦਾ ਸ਼ਬਦ। ਪਛਾਤਾ = ਕਦਰ ਸਮਝਦਾ ਹੈ।
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥
Those who are immersed in the Shabad are not separated again. By His Grace, they are intuitively immersed in the Lord. ||14||
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ। ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ॥੧੪॥ ਸਬਦਿ = ਸ਼ਬਦ ਵਿਚ। ਨਦਰੀ = ਮਿਹਰ ਦੀ ਨਿਗਾਹ ਨਾਲ। ਸਹਜਿ = ਆਤਮਕ ਅਡੋਲਤਾ ਵਿਚ ॥੧੪॥
ਹਉਮੈ ਮਾਇਆ ਮੈਲੁ ਕਮਾਇਆ ॥
Acting in egotism, they are stained with the filth of Maya.
ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ, ਮੈਲੁ = ਵਿਕਾਰਾਂ ਦੀ ਮੈਲ। ਕਮਾਇਆ = ਇਕੱਠੀ ਕੀਤੀ।
ਮਰਿ ਮਰਿ ਜੰਮਹਿ ਦੂਜਾ ਭਾਇਆ ॥
They die and die again, only to be reborn in the love of duality.
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ। ਮਰਿ = ਮਰ ਕੇ। ਮਰਿ ਮਰਿ = ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ {ਬਹੁ-ਵਚਨ}। ਦੂਜਾ = ਦੂਜਾ ਪਾਸਾ, ਮਾਇਆ ਦਾ ਮੋਹ। ਭਾਇਆ = ਪਿਆਰਾ ਲੱਗਦਾ ਹੈ।
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥
Without serving the True Guru, no one finds liberation. O mind, tune into this, and see. ||15||
ਪਰ ਤੁਸੀਂ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧੫॥ ਮੁਕਤਿ = ਖ਼ਲਾਸੀ। ਮਨਿ = ਮਨ ਵਿਚ। ਲਾਈ = ਲਾਇ, ਲਾ ਕੇ। ਮਨਿ ਲਿਵ ਲਾਈ = ਮਨਿ ਲਿਵ ਲਾਇ, ਮਨ ਵਿਚ ਲਿਵ ਲਾ ਕੇ, ਮਨ ਵਿਚ ਡੂੰਘੀ ਵਿਚਾਰ ਕਰ ਕੇ ॥੧੫॥
ਜੋ ਤਿਸੁ ਭਾਵੈ ਸੋਈ ਕਰਸੀ ॥
He does whatever He pleases.
(ਇਹ ਸਾਰੀ ਜਗਤ-ਖੇਡ ਪ੍ਰਭੂ ਦੇ ਹੱਥ ਵਿਚ ਹੈ) ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰੇਗਾ। ਤਿਸੁ = ਉਸ (ਪ੍ਰਭੂ) ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਉਹ ਕਰੇਗਾ।
ਆਪਹੁ ਹੋਆ ਨਾ ਕਿਛੁ ਹੋਸੀ ॥
No one has done, or can do anything by himself.
ਜੀਵ ਦੇ ਆਪਣੇ ਉੱਦਮ ਨਾਲ ਨਾਹ ਹੁਣ ਤਕ ਕੁਝ ਹੋ ਸਕਿਆ ਹੈ ਨਾਹ ਹੀ ਅਗਾਂਹ ਨੂੰ ਕੁਝ ਹੋ ਸਕੇਗਾ। ਆਪਹੁ = ਆਪਣੇ ਆਪ ਤੋਂ, ਜੀਵ ਦੇ ਆਪਣੇ ਉੱਦਮ ਨਾਲ। ਹੋਸੀ = ਹੋਵੇਗਾ।
ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥
O Nanak, through the Name, one is blessed with glorious greatness, and obtains honor in the Court of the True Lord. ||16||3||
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੬॥੩॥ ਨਾਨਕ = ਹੇ ਨਾਨਕ! ਦਰਿ ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ ॥੧੬॥੩॥