ਮਾਰੂ ਮਹਲਾ

Maaroo, Third Mehl:

ਮਾਰੂ ਤੀਜੀ ਪਾਤਿਸ਼ਾਹੀ।

ਏਕੋ ਏਕੁ ਵਰਤੈ ਸਭੁ ਸੋਈ

The One and only Lord is pervading and permeating everywhere.

ਸਿਰਫ਼ ਇਕ ਉਹ ਪਰਮਾਤਮਾ ਹੀ ਹਰ ਥਾਂ ਮੌਜੂਦ ਹੈ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ। ਸੋਈ = ਉਹ ਹੀ।

ਗੁਰਮੁਖਿ ਵਿਰਲਾ ਬੂਝੈ ਕੋਈ

How rare is that person, who as Gurmukh, understands this.

ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ, ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਕੋਈ ਹੇ ॥੧॥

The One Lord is permeating and pervading, deep within the nucleus of all. Without Him, there is no other at all. ||1||

ਕਿ ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ, ਉਸ (ਪਰਾਮਤਮਾ) ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ॥੧॥ ਰਵਿ ਰਹਿਆ = ਵਿਆਪਕ ਹੈ। ਅੰਤਰਿ = ਅੰਦਰ। ਅਵਰੁ = ਕੋਈ ਹੋਰ ॥੧॥

ਲਖ ਚਉਰਾਸੀਹ ਜੀਅ ਉਪਾਏ

He created the 8.4 millions species of beings.

(ਉਸ ਪਰਮਾਤਮਾ ਨੇ ਹੀ) ਚੌਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

ਗਿਆਨੀ ਧਿਆਨੀ ਆਖਿ ਸੁਣਾਏ

The spiritual teachers and meditators proclaim this.

ਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ। ਆਖਿ = ਆਖ ਕੇ।

ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਹੋਈ ਹੇ ॥੨॥

He Himself nourishes all; no one else can estimate His value. ||2||

ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ॥੨॥ ਸਮਾਹੇ = ਅਪੜਾਂਦਾ ਹੈ। ਆਪੇ = ਆਪ ਹੀ। ਹੋਰ = ਕਿਸੇ ਹੋਰ ਪਾਸੋਂ। ਕੀਮਤਿ = ਮੁੱਲ ॥੨॥

ਮਾਇਆ ਮੋਹੁ ਅੰਧੁ ਅੰਧਾਰਾ

Love and attachment to Maya are utter darkness.

(ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੁੱਪ ਹਨੇਰਾ ਬਣਿਆ ਪਿਆ ਹੈ। ਅੰਧੁ ਅੰਧਾਰਾ = ਘੁੱਪ ਹਨੇਰਾ।

ਹਉਮੈ ਮੇਰਾ ਪਸਰਿਆ ਪਾਸਾਰਾ

Egotism and possessiveness have spread throughout the expanse of the universe.

(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ। ਹਉਮੈ ਮੇਰਾ ਪਾਸਾਰਾ = ਹਉਮੈ ਅਤੇ ਮਮਤਾ ਦਾ ਖਿਲਾਰਾ।

ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਹੋਈ ਹੇ ॥੩॥

Night and day, they burn, day and night; without the Guru, there is no peace or tranquility. ||3||

ਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ। ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ॥੩॥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਲਤ ਰਹੈ = ਸੜਦਾ ਰਹਿੰਦਾ ਹੈ ॥੩॥

ਆਪੇ ਜੋੜਿ ਵਿਛੋੜੇ ਆਪੇ

He Himself unites, and He Himself separates.

ਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ।

ਆਪੇ ਥਾਪਿ ਉਥਾਪੇ ਆਪੇ

He Himself establishes, and He Himself disestablishes.

ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ। ਥਾਪਿ = ਪੈਦਾ ਕਰ ਕੇ। ਉਥਾਪੈ = ਨਾਸ ਕਰਦਾ ਹੈ।

ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਹੋਈ ਹੇ ॥੪॥

True is the Hukam of His Command, and True is the expanse of His universe. No one else can issue any Command. ||4||

ਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ। ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ॥੪॥ ਸਚਾ = ਸਦਾ ਕਾਇਮ ਰਹਿਣ ਵਾਲਾ। ਹੋਰਨਿ = ਕਿਸੇ ਹੋਰ ਪਾਸੋਂ ॥੪॥

ਆਪੇ ਲਾਇ ਲਏ ਸੋ ਲਾਗੈ

He alone is attached to the Lord, whom the Lord attaches to Himself.

ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ। ਆਪੇ = (ਪ੍ਰਭੂ) ਆਪ ਹੀ। ਸੋ = ਉਹ ਮਨੁੱਖ।

ਗੁਰ ਪਰਸਾਦੀ ਜਮ ਕਾ ਭਉ ਭਾਗੈ

By Guru's Grace, the fear of death runs away.

ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਮ = ਮੌਤ।

ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥

The Shabad, the Giver of peace, dwells forever deep within the nucleus of the self. One who is Gurmukh understands. ||5||

ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ॥੫॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਈ = ਵਿਰਲਾ ॥੫॥

ਆਪੇ ਮੇਲੇ ਮੇਲਿ ਮਿਲਾਏ

God Himself unites those united in His Union.

ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ। ਮੇਲਿ = (ਗੁਰੂ ਨਾਲ) ਮਿਲਾ ਕੇ।

ਪੁਰਬਿ ਲਿਖਿਆ ਸੋ ਮੇਟਣਾ ਜਾਏ

Whatever is pre-ordained by destiny, cannot be erased.

ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ। ਪੁਰਬਿ = ਪੂਰਬਲੇ ਜਨਮ ਵਿਚ। ਸੋ = ਉਹ ਲੇਖ।

ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥

Night and day, His devotees worship Him, day and night; one who becomes Gurmukh serves Him. ||6||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ॥੬॥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸੇਵਾ = ਭਗਤੀ ॥੬॥

ਸਤਿਗੁਰੁ ਸੇਵਿ ਸਦਾ ਸੁਖੁ ਜਾਤਾ

Serving the True Guru, lasting peace is experienced.

ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ, ਸੇਵਿ = ਸੇਵ ਕੇ, ਸਰਨ ਪੈ ਕੇ। ਜਾਤਾ = ਪਛਾਣ ਲਿਆ, ਸਾਂਝ ਪਾ ਲਈ।

ਆਪੇ ਆਇ ਮਿਲਿਆ ਸਭਨਾ ਕਾ ਦਾਤਾ

He Himself, the Giver of all, has come and met me.

ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ। ਆਇ = ਆ ਕੇ।

ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥

Subduing egotism, the fire of thirst has been extinguished; contemplating the Word of the Shabad, peace is found. ||7||

(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ॥੭॥ ਮਾਰਿ = ਮਾਰ ਕੇ। ਨਿਵਾਰੀ = ਦੂਰ ਕਰ ਲਈ। ਚੀਨਿ = ਪਛਾਣ ਕੇ ॥੭॥

ਕਾਇਆ ਕੁਟੰਬੁ ਮੋਹੁ ਬੂਝੈ

One who is attached to his body and family, does not understand.

(ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ। ਕਾਇਆ = ਸਰੀਰ। ਕੁਟੰਬੁ = ਪਰਵਾਰ।

ਗੁਰਮੁਖਿ ਹੋਵੈ ਆਖੀ ਸੂਝੈ

But one who becomes Gurmukh, sees the Lord with his eyes.

ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ। ਅਖੀ = ਅੱਖਾਂ ਨਾਲ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ।

ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥

Night and day, he chants the Naam, day and night; meeting with his Beloved, he finds peace. ||8||

ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥ ਰਵੈ = ਸਿਮਰਦਾ ਹੈ। ਮਿਲਿ = ਮਿਲ ਕੇ ॥੮॥

ਮਨਮੁਖ ਧਾਤੁ ਦੂਜੈ ਹੈ ਲਾਗਾ

The self-willed manmukh wanders distracted, attached to duality.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਾਤੁ = ਮਾਇਆ। ਦੂਜੈ = ਮਾਇਆ (ਦੇ ਪਿਆਰ) ਵਿਚ।

ਜਨਮਤ ਕੀ ਮੂਓ ਆਭਾਗਾ

That unfortunate wretch - why didn't he just die as soon as he was born?

ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ? ਜਨਮਤ = ਜੰਮਦਾ ਹੀ। ਕੀ ਨ = ਕਿਉਂ ਨਾਹ? ਆਭਾਗਾ = ਬਦ-ਨਸੀਬ।

ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਹੋਈ ਹੇ ॥੯॥

Coming and going, he wastes away his life in vain. Without the Guru, liberation is not obtained. ||9||

ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ। ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ॥੯॥ ਆਵਤ ਜਾਤ = ਜੰਮਦਿਆਂ ਮਰਦਿਆਂ। ਮੁਕਤਿ = (ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ॥੯॥

ਕਾਇਆ ਕੁਸੁਧ ਹਉਮੈ ਮਲੁ ਲਾਈ

That body which is stained with the filth of egotism is false and impure.

ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ। ਕਾਇਆ = ਸਰੀਰ। ਕੁਸੁਧ = ਅਪਵਿੱਤਰ।

ਜੇ ਸਉ ਧੋਵਹਿ ਤਾ ਮੈਲੁ ਜਾਈ

It may be washed a hundred times, but its filth is still not removed.

ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ। ਸਉ = ਸੌ ਵਾਰੀ। ਧੋਵਹਿ = ਧੋਂਦੇ ਰਹਿਣ।

ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਹੋਈ ਹੇ ॥੧੦॥

But if it is washed with the Word of the Shabad, then it is truly cleansed, and it shall never be soiled again. ||10||

(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ॥੧੦॥ ਸਬਦਿ = ਸ਼ਬਦ ਦੀ ਰਾਹੀਂ। ਧੋਪੈ = ਧੋਤੀ ਜਾਏ। ਮੂਲਿ ਨ = ਬਿਲਕੁਲ ਨਹੀਂ ॥੧੦॥

ਪੰਚ ਦੂਤ ਕਾਇਆ ਸੰਘਾਰਹਿ

The five demons destroy the body.

ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ, ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰਹਿ = ਨਾਸ ਕਰਦੇ ਰਹਿੰਦੇ ਹਨ।

ਮਰਿ ਮਰਿ ਜੰਮਹਿ ਸਬਦੁ ਵੀਚਾਰਹਿ

He dies and dies again, only to be reincarnated; he does not contemplate the Shabad.

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ। ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਰਿ = ਮਰ ਕੇ। ਮਰਿ ਮਰਿ = ਮਰ ਮਰ ਕੇ, ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ। ਵੀਚਾਰਹਿ = {ਬਹੁ-ਵਚਨ} ਵਿਚਾਰਦੇ।

ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਹੋਈ ਹੇ ॥੧੧॥

The darkness of emotional attachment to Maya is within his inner being; as if in a dream, he does not understand. ||11||

ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ॥੧੧॥ ਗੁਬਾਰਾ = ਹਨੇਰਾ। ਸੁਧਿ = ਸੂਝ ॥੧੧॥

ਇਕਿ ਪੰਚਾ ਮਾਰਿ ਸਬਦਿ ਹੈ ਲਾਗੇ

Some conquer the five demons, by being attached to the Shabad.

ਉਹ ਮਨੁੱਖ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ; ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਾਰਿ = ਮਾਰ ਕੇ। ਸਬਦਿ = ਸ਼ਬਦ ਵਿਚ।

ਸਤਿਗੁਰੁ ਆਇ ਮਿਲਿਆ ਵਡਭਾਗੇ

They are blessed and very fortunate; the True Guru comes to meet them.

ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਆ ਮਿਲਿਆ ਹੈ। ਆਇ = ਆ ਕੇ।

ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥

Within the nucleus of their inner being, they dwell upon the Truth; attuned to the Lord's Love, they intuitively merge in Him. ||12||

ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। (ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੨॥ ਅੰਤਰਿ = ਹਿਰਦੇ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਰਵਹਿ = ਸਿਮਰਦੇ ਹਨ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ। ਸੋਈ = ਉਹੀ ਮਨੁੱਖ ॥੧੨॥

ਗੁਰ ਕੀ ਚਾਲ ਗੁਰੂ ਤੇ ਜਾਪੈ

The Guru's Way is known through the Guru.

ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ। ਚਾਲ = ਜੀਵਨ-ਚਾਲ, ਜੀਵਨ-ਜੁਗਤਿ। ਤੇ = ਤੋਂ, ਪਾਸੋਂ। ਜਾਪੈ = ਸਿੱਖੀ ਜਾ ਸਕਦੀ ਹੈ।

ਪੂਰਾ ਸੇਵਕੁ ਸਬਦਿ ਸਿਞਾਪੈ

His perfect servant attains realization through the Shabad.

ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ; ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਨ ਨਾਲ ਹੀ। ਸਿਞਾਪੈ = ਸਿੰਞਾਣਿਆ ਜਾਂਦਾ ਹੈ।

ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥

Deep within his heart, he dwells forever upon the Shabad; he tastes the sublime essence of the True Lord with his tongue. ||13||

ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ॥੧੩॥ ਰਵੈ = ਵਸਾਈ ਰੱਖਦਾ ਹੈ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਰਸੁ ਸਚੁ = ਸਦਾ-ਥਿਰ ਰਸ, ਸਦਾ-ਥਿਰ ਪ੍ਰਭੂ ਦਾ ਨਾਮ-ਰਸ। ਚਾਖੈ = ਚੱਖਦਾ ਹੈ {ਇਕ-ਵਚਨ} ॥੧੩॥

ਹਉਮੈ ਮਾਰੇ ਸਬਦਿ ਨਿਵਾਰੇ

Egotism is conquered and subdued by the Shabad.

(ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ, ਮਾਰੇ = ਮੁਕਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = ਆਪਾ-ਭਾਵ ਦੂਰ ਕਰਦਾ ਹੈ।

ਹਰਿ ਕਾ ਨਾਮੁ ਰਖੈ ਉਰਿ ਧਾਰੇ

I have enshrined the Name of the Lord within my heart.

ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਰਿ = ਹਿਰਦੇ ਵਿਚ। ਰਖੈ ਧਾਰੇ = ਧਾਰਿ, ਰਖੈ, ਟਿਕਾਈ ਰੱਖਦਾ ਹੈ।

ਏਕਸੁ ਬਿਨੁ ਹਉ ਹੋਰੁ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥

Other than the One Lord, I know nothing at all. Whatever will be, will automatically be. ||14||

(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ॥੧੪॥ ਹਉ = ਹਉਂ, ਮੈਂ। ਜਾਣਾ = ਜਾਣਾਂ, ਮੈਂ ਜਾਣਦਾ। ਸਹਜੇ = ਅਡੋਲਤਾ ਵਿਚ, ਰਜ਼ਾ ਵਿਚ ਹੀ ॥੧੪॥

ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ

Without the True Guru, no one obtains intuitive wisdom.

ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ। ਸਹਜੁ = ਆਤਮਕ ਅਡੋਲਤਾ। ਕਿਨੈ = ਕਿਸੇ ਨੇ ਭੀ।

ਗੁਰਮੁਖਿ ਬੂਝੈ ਸਚਿ ਸਮਾਇਆ

The Gurmukh understands, and is immersed in the True Lord.

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਚਿ = ਸਦਾ-ਥਿਰ ਪ੍ਰਭੂ ਵਿਚ।

ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥

He serves the True Lord, and is attuned to the True Shabad. The Shabad banishes egotism. ||15||

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ॥੧੫॥ ਸੇਵਿ = ਸਿਮਰ ਕੇ। ਸਬਦਿ ਸਚ = ਸੱਚੇ ਦੇ ਸ਼ਬਦ ਵਿਚ, ਸਦਾ-ਥਿਰ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਰਾਤੇ = ਮਸਤ। ਸਬਦੇ = ਸ਼ਬਦ ਦੀ ਰਾਹੀਂ ਹੀ ॥੧੫॥

ਆਪੇ ਗੁਣਦਾਤਾ ਬੀਚਾਰੀ

He Himself is the Giver of virtue, the Contemplative Lord.

ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤ ਦੇਣ ਵਾਲਾ ਹੈਂ; ਆਪੇ = (ਤੂੰ) ਆਪ ਹੀ। ਬੀਚਾਰੀ = ਬੀਚਾਰਿ, ਵਿਚਾਰ ਕੇ, ਯੋਗ ਸਮਝ ਕੇ।

ਗੁਰਮੁਖਿ ਦੇਵਹਿ ਪਕੀ ਸਾਰੀ

The Gurmukh is given the winning dice.

ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ। ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = ਤੂੰ ਦੇਂਦਾ ਹੈਂ। ਪਕੀ ਸਾਰੀ = ਪੱਕੀਆਂ ਨਰਦਾਂ, ਜੀਵਨ-ਖੇਡ ਵਿਚ ਪੁੱਗੇ ਹੋਏ।

ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥

O Nanak, immersed in the Naam, the Name of the Lord, one becomes true; from the True Lord, honor is obtained. ||16||2||

ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੧੬॥੨॥ ਨਾਮਿ ਸਾਚੈ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਮਾਵਹਿ = ਲੀਨ ਰਹਿੰਦੇ ਹਨ। ਤੇ = ਤੋਂ, ਪਾਸੋਂ। ਪਤਿ = ਇੱਜ਼ਤ ॥੧੬॥੨॥