ਭੈਰਉ ਮਹਲਾ

Bhairao, Third Mehl:

ਭੈਰਉ ਤੀਜੀ ਪਾਤਿਸ਼ਾਹੀ।

ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ

Serving the Guru, I obtain the Ambrosial Fruit; my egotism and desire have been quenched.

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ। ਤੇ = ਤੋਂ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਤੋਂ, ਗੁਰੂ ਦੀ ਸਰਨ ਪੈਣ ਨਾਲ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਤ੍ਰਿਸਨ = ਤ੍ਰਿਸ਼ਨਾ, ਮਾਇਆ ਦਾ ਲਾਲਚ।

ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥

The Name of the Lord dwells within my heart and mind, and the desires of my mind are quieted. ||1||

ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ॥੧॥ ਹ੍ਰਿਦੈ = ਹਿਰਦੇ ਵਿਚ। ਮਨਿ = ਮਨ ਵਿਚ। ਮਨਸਾ = ਮਨ ਦਾ ਫੁਰਨਾ {मनीषा}। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਈ = ਲੀਨ ਹੋ ਜਾਂਦੀ ਹੈ ॥੧॥

ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ

O Dear Lord, my Beloved, please bless me with Your Mercy.

ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ। ਹਰਿ = ਹੇ ਹਰੀ!

ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ

Night and day, Your humble servant begs for Your Glorious Praises; through the Word of the Guru's Shabad, he is saved. ||1||Pause||

(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ॥੧॥ ਰਹਾਉ ॥ ਅਨਦਿਨੁ = ਹਰ ਰੋਜ਼, ਹਰ ਵੇਲੇ। ਦੀਨ ਜਨੁ = ਗਰੀਬ ਸੇਵਕ। ਮਾਂਗੈ = ਮੰਗਦਾ ਹੈ {ਇਕ-ਵਚਨ}। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਉਧਾਰੇ = ਉਧਾਰਿ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥

ਸੰਤ ਜਨਾ ਕਉ ਜਮੁ ਜੋਹਿ ਸਾਕੈ ਰਤੀ ਅੰਚ ਦੂਖ ਲਾਈ

The Messenger of Death cannot even touch the humble Saints; it does not cause them even an iota of suffering or pain.

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ। ਕਉ = ਨੂੰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਰਤੀ = ਰਤਾ ਭਰ ਭੀ। ਅੰਚ = ਸੇਕ। ਨ ਲਾਈ = ਨਹੀਂ ਲਾਂਦਾ।

ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥

Those who enter Your Sanctuary, Lord, save themselves, and save all their ancestors as well. ||2||

ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ॥੨॥ ਤਰਹਿ = ਤਰ ਜਾਂਦੇ ਹਨ {ਬਹੁ-ਵਚਨ}। ਸਗਲੇ = ਸਾਰੇ ॥੨॥

ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ

You Yourself save the honor of Your devotees; this is Your Glory, O Lord.

ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ। ਪੈਜ = ਲਾਜ, ਇੱਜ਼ਤ। ਆਪੇ = ਆਪ ਹੀ। ਵਡਿਆਈ = ਵਡ-ਦਿਲੀ।

ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਰਾਈ ॥੩॥

You cleanse them of the sins and the pains of countless incarnations; You love them without even an iota of duality. ||3||

ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ॥੩॥ ਕਿਲਵਿਖ = ਪਾਪ। ਕਾਟਹਿ = ਤੂੰ ਕੱਟ ਦੇਂਦਾ ਹੈਂ। ਦੁਬਿਧਾ = ਮੇਰ-ਤੇਰ, ਦੁ-ਕਿਸਮਾ-ਪਨ। ਰਾਈ = ਰਤਾ ਭੀ ॥੩॥

ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ

I am foolish and ignorant, and understand nothing. You Yourself bless me with understanding.

ਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ। ਹਮ = ਅਸੀਂ ਜੀਵ। ਮੁਗਧ = ਮੂਰਖ। ਬੂਝਹਿ = (ਅਸੀ) ਸਮਝਦੇ। ਦੇਹਿ = ਤੂੰ ਦੇਂਦਾ ਹੈਂ। ਬੁਝਾਈ = ਆਤਮਕ ਜੀਵਨ ਦੀ) ਸਮਝ।

ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਕਰਣਾ ਜਾਈ ॥੪॥

You do whatever You please; nothing else can be done at all. ||4||

ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ॥੪॥ ਜੋ = ਜੋ ਕੰਮ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਕਰਸੀ = (ਹਰੇਕ ਜੀਵ) ਕਰੇਗਾ। ਅਵਰੁ = ਹੋਰ ਕੰਮ ॥੪॥

ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ

Creating the world, You have linked all to their tasks - even the evil deeds which men do.

ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ। ਉਪਾਇ = ਪੈਦਾ ਕਰ ਕੇ। ਧੰਧੈ = (ਦੁਨੀਆ ਦੇ) ਧੰਧੇ ਵਿਚ। ਭੂੰਡੀ = ਭੈੜੀ।

ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਪਾਈ ॥੫॥

They lose this precious human life in the gamble, and do not understand the Word of the Shabad. ||5||

(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ॥੫॥ ਜੂਐ = ਜੂਏ ਵਿਚ। ਸਬਦੈ = ਸ਼ਬਦ ਦੀ ਰਾਹੀਂ। ਸੁਰਤਿ = ਆਤਮਕ ਜੀਵਨ ਦੀ ਸੂਝ ॥੫॥

ਮਨਮੁਖਿ ਮਰਹਿ ਤਿਨ ਕਿਛੂ ਸੂਝੈ ਦੁਰਮਤਿ ਅਗਿਆਨ ਅੰਧਾਰਾ

The self-willed manmukhs die, understanding nothing; they are enveloped by the darkness of evil-mindedness and ignorance.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮੱਤ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਮਰ ਜਾਂਦੇ ਹਨ, ਆਤਮਕ ਮੌਤ ਸਹੇੜ ਲੈਂਦੇ ਹਨ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ।

ਭਵਜਲੁ ਪਾਰਿ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥

They do not cross over the terrible world-ocean; without the Guru, they drown and die. ||6||

ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ॥੬॥ ਭਵਜਲੁ = ਸੰਸਾਰ-ਸਮੁੰਦਰ। ਡੂਬਿ ਮੁਏ = (ਵਿਕਾਰਾਂ ਵਿਚ) ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਸਿਰਿ ਭਾਰਾ = ਸਿਰ-ਪਰਨੇ ॥੬॥

ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ

True are those humble beings who are imbued with the True Shabad; the Lord God unites them with Himself.

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਰਤੇ = ਰੱਤੇ, ਰੰਗੇ ਹੋਏ। ਪ੍ਰਭਿ = ਪ੍ਰਭੂ ਨੇ।

ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥

Through the Word of the Guru's Bani, they come to understand the Shabad. They remain lovingly focused on the True Lord. ||7||

ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦੇ ਹਨ ॥੭॥ ਬਾਣੀ = ਆਤਮ ਤਰੰਗ, ਵਲਵਲਾ। ਸਬਦਿ = ਸ਼ਬਦ ਦੀ ਰਾਹੀਂ। ਪਛਾਤੀ = ਸਾਂਝ ਪਾ ਲਈ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹੇ ਲਾਏ = ਲਾਇ ਰਹੇ, ਲਾਈ ਰੱਖਦੇ ਹਨ ॥੭॥

ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ

You Yourself are Immaculate and Pure, and pure are Your humble servants who contemplate the Word of the Guru's Shabad.

ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਨਿਰਮਲੁ = ਪਵਿੱਤਰ {'ਨਿਰਮਲੁ' ਇਕ-ਵਚਨ; 'ਨਿਰਮਲ' ਬਹੁ-ਵਚਨ}। ਹੈ = ਹੈਂ, ਹਨ। ਵੀਚਾਰੇ = ਵਿਚਾਰਿ, ਗੁਣਾਂ ਦੀ ਵਿਚਾਰ ਕਰ ਕੇ।

ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥

Nanak is forever a sacrifice to those, who enshrine the Lord's Name within their hearts. ||8||2||3||

ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ॥੮॥੨॥੩॥ ਸਦ = ਸਦਾ। ਬਲਿਹਾਰੈ = ਸਦਕੇ। ਉਰਿ = ਹਿਰਦੇ ਵਿਚ ॥੮॥੨॥੩॥