ਚੌਪਈ ॥

ਚੌਪਈ:

ਏਕ ਦਿਵਸ ਐਸੋ ਤਹ ਭਯੋ ॥

ਇਕ ਦਿਨ ਉਥੇ ਇਸ ਤਰ੍ਹਾਂ ਹੋਇਆ।

ਅਥ੍ਰਯੋ ਸੂਰ ਚੰਦ੍ਰ ਪ੍ਰਗਟਯੋ ॥

ਸੂਰਜ ਡੁਬਿਆ ਅਤੇ ਚੰਦ੍ਰਮਾ ਚੜ੍ਹਿਆ।

ਅਕਸਮਾਤ੍ਰ ਬਾਨੀ ਤਿਹ ਭਈ ॥

(ਤਾਂ) ਉਥੇ ਅਚਾਨਕ ਆਕਾਸ਼-ਬਾਣੀ ਹੋਈ

ਸੋ ਦਿਜਬਰ ਸ੍ਰਵਨਨ ਸੁਨਿ ਲਈ ॥੭॥

ਜੋ ਬ੍ਰਾਹਮਣ ਨੇ ਕੰਨਾਂ ਨਾਲ ਸੁਣ ਲਈ ॥੭॥

ਪ੍ਰਾਤ ਭਏ ਰਾਜਾ ਇਹ ਮਰਿ ਹੈ ॥

ਸਵੇਰ ਹੁੰਦਿਆਂ ਹੀ ਇਹ ਰਾਜਾ ਮਰ ਜਾਏਗਾ।

ਕੋਟਿ ਉਪਾਵ ਕਿਸੈ ਨ ਉਬਰਿ ਹੈ ॥

ਕਰੋੜਾਂ ਉਪਾ ਕਰਨ ਨਾਲ ਵੀ ਨਹੀਂ ਬਚੇਗਾ।

ਜੋ ਕੋਊ ਸਾਤ ਪੂਤ ਹ︀ਯਾਂ ਮਾਰੈ ॥

ਜੇ ਕੋਈ (ਆਪਣੇ) ਸੱਤ ਪੁੱਤਰਾਂ ਦੀ ਬਲੀ ਇਥੇ ਦੇਵੇ

ਤੌ ਅਪਨੌ ਯਹ ਰਾਵ ਉਬਾਰੇ ॥੮॥

ਤਾਂ (ਉਹ) ਆਪਣੇ ਇਸ ਰਾਜੇ ਨੂੰ ਬਚਾ ਸਕਦਾ ਹੈ ॥੮॥

ਦਿਜਬਰ ਸੁਨਿ ਬਚਨਨ ਗ੍ਰਿਹ ਆਯੋ ॥

ਬ੍ਰਾਹਮਣ ਇਹ ਬੋਲ ਸੁਣ ਕੇ ਘਰ ਆਇਆ।

ਨਿਜੁ ਨਾਰੀ ਤਨ ਭੇਦ ਜਤਾਯੋ ॥

ਆਪਣੀ ਇਸਤਰੀ ਨੂੰ ਸਾਰੀ ਗੱਲ ਦਸੀ।

ਤਬ ਤ੍ਰਿਯ ਸਾਤ ਪੂਤ ਸੰਗ ਲੀਨੇ ॥

ਤਦ ਇਸਤਰੀ ਨੇ (ਆਪਣੇ) ਸੱਤ ਪੁੱਤਰ ਨਾਲ ਲਏ।

ਸਰਬ ਮੰਗਲਾ ਕੀ ਬਲਿ ਦੀਨੇ ॥੯॥

ਸਾਰੇ ਦੇਵੀ ('ਮੰਗਲਾ') ਦੀ ਬਲੀ ਚੜ੍ਹਾ ਦਿੱਤੇ ॥੯॥

ਸਾਤ ਪੂਤ ਪਿਤ ਹਨੇ ਨਿਹਾਰੇ ॥

ਜਦ ਪਿਤਾ ਨੇ ਸੱਤ ਪੁੱਤਰਾਂ ਨੂੰ ਮਰਿਆ ਹੋਇਆ ਵੇਖਿਆ

ਅਸਿ ਲੈ ਕੰਠ ਆਪਨੇ ਮਾਰੇ ॥

ਤਾਂ ਤਲਵਾਰ ਲੈ ਕੇ ਆਪਣੇ ਗਲੇ ਉਤੇ ਮਾਰੀ।

ਸੁਰ ਪੁਰ ਬਾਟ ਜਬੈ ਤਿਨ ਲਈ ॥

ਜਦੋਂ ਉਸ ਨੇ ਸਵਰਗ ਦਾ ਰਾਹ ਫੜਿਆ

ਠਾਢੀ ਨਾਰਿ ਨਿਹਾਰਤ ਭਈ ॥੧੦॥

ਤਦੋਂ ਉਹ ਇਸਤਰੀ ਖੜੋਤੀ ਵੇਖ ਰਹੀ ਸੀ ॥੧੦॥

ਵਹੈ ਹਾਥ ਅਪਨੇ ਅਸਿ ਲੀਨੋ ॥

ਉਸ ਨੇ ਵੀ ਆਪਣੇ ਹੱਥ ਵਿਚ ਤਲਵਾਰ ਲੈ ਲਈ

ਨਿਜੁ ਪ੍ਰਾਨਨ ਕੋ ਤ੍ਰਾਸ ਨ ਕੀਨੋ ॥

ਅਤੇ ਆਪਣੇ ਪ੍ਰਾਣਾਂ ਦਾ ਡਰ ਨਾ ਮੰਨਿਆ।

ਰਾਵ ਬਚੈ ਕਹਿ ਤਾਹਿ ਸੰਭਾਰਿਯੋ ॥

ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜਾ ਬਚ ਜਾਏ।

ਗਹਿ ਕਰਿ ਕੰਠ ਆਪਨੇ ਮਾਰਿਯੋ ॥੧੧॥

(ਉਸ ਨੇ ਤਲਵਾਰ ਨੂੰ) ਪਕੜ ਕੇ ਆਪਣੇ ਗਲੇ ਉਤੇ ਮਾਰੀ ॥੧੧॥

ਸਾਤ ਪੂਤ ਹਨਿ ਪਤਹਿ ਸੰਘਾਰਿਯੋ ॥

ਸੱਤ ਪੁੱਤਰਾਂ ਨੂੰ ਮਾਰ ਕੇ ਫਿਰ ਪਤੀ ਨੂੰ ਸੰਘਾਰਿਆ।

ਬਹੁਰਿ ਮੂੰਡ ਅਪਨੋ ਕਟਿ ਡਾਰਿਯੋ ॥

ਫਿਰ ਆਪਣਾ ਸਿਰ ਕਟ ਦਿੱਤਾ।

ਰਾਵ ਚਕ੍ਰਯੋ ਕੌਤਕ ਜਬ ਲਹਿਯੋ ॥

ਰਾਜੇ ਨੇ ਜਦ ਕੌਤਕ ਵੇਖਿਆ ਤਾਂ ਹੈਰਾਨ ਹੋ ਗਿਆ।

ਸੋਈ ਖੜਗ ਹਾਥ ਮੈ ਗਹਿਯੋ ॥੧੨॥

(ਉਸ ਨੇ) ਉਹ ਤਲਵਾਰ ਹੱਥ ਵਿਚ ਪਕੜ ਲਈ ॥੧੨॥

ਸਾਤ ਪੂਤ ਹਮਰੇ ਹਿਤ ਮਾਰੇ ॥

(ਰਾਜੇ ਨੇ ਕਿਹਾ ਕਿ ਇਸ ਇਸਤਰੀ ਨੇ) ਮੇਰੇ ਲਈ (ਪਹਿਲਾਂ) ਸੱਤ ਪੁੱਤਰ ਮਾਰੇ

ਬਹੁਰਿ ਆਪੁਨੇ ਨਾਥ ਸੰਘਾਰੇ ॥

ਅਤੇ ਫਿਰ ਆਪਣੇ ਨਾਥ ਨੂੰ ਮਾਰ ਦਿੱਤਾ।

ਪੁਨਿ ਇਨ ਦੇਹ ਨੇਹ ਮਮ ਦਿਯੋ ॥

ਫਿਰ ਮੇਰੇ ਪਿਆਰ ਲਈ ਆਪਣੀ ਦੇਹ ਵੀ ਕੁਰਬਾਨ ਕਰ ਦਿੱਤੀ।

ਧ੍ਰਿਗ ਇਹ ਰਾਜ ਹਮਾਰੋ ਕਿਯੋ ॥੧੩॥

ਇਸ ਤਰ੍ਹਾਂ ਦਾ ਰਾਜ ਕਰਨਾ ਮੇਰੇ ਲਈ ਧਿੱਕਾਰ ਹੈ ॥੧੩॥

ਸੋਈ ਖੜਗ ਕੰਠੀ ਪਰ ਧਰਿਯੋ ॥

ਉਹੀ ਤਲਵਾਰ (ਉਸ ਨੇ) ਆਪਣੇ ਗਲੇ ਉਤੇ ਧਰ ਲਈ

ਮਾਰਨ ਅਪਨੋ ਆਪੁ ਬਿਚਰਿਯੋ ॥

ਅਤੇ ਆਪਣੇ ਆਪ ਨੂੰ ਮਾਰਨ ਦਾ ਵਿਚਾਰ ਬਣਾਇਆ।

ਕ੍ਰਿਪਾ ਕਰੀ ਤਬ ਤਾਹਿ ਭਵਾਨੀ ॥

ਤਦ ਭਵਾਨੀ ਨੇ ਉਸ ਉਤੇ ਕ੍ਰਿਪਾ ਕੀਤੀ

ਐਸੀ ਭਾਤਿ ਬਖਾਨੀ ਬਾਨੀ ॥੧੪॥

ਅਤੇ ਇਸ ਤਰ੍ਹਾਂ ਬਚਨ ਉਚਾਰੇ ॥੧੪॥