ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਜਿਸ ਕੀ ਤਿਸ ਕੀ ਕਰਿ ਮਾਨੁ ॥
Honor the One, to whom everything belongs.
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ। ਤਿਸ ਕੀ, ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ (ੁ) ਉਡ ਗਿਆ ਹੈ}। ਜਿਸ ਕੀ = ਜਿਸ ਕੀ ਦੇਹੀ, ਜਿਸ ਦਾ ਦਿੱਤਾ ਹੋਇਆ ਸਰੀਰ। ਕਰਿ = ਕਰ ਕੇ, ਸਮਝ ਕੇ। ਮਾਨੁ = ਮੰਨ, ਯਕੀਨ ਬਣਾ।
ਆਪਨ ਲਾਹਿ ਗੁਮਾਨੁ ॥
Leave your egotistical pride behind.
(ਇਹ ਸਰੀਰ ਆਦਿਕ ਮੇਰਾ ਹੈ ਮੇਰਾ ਹੈ) ਆਪਣਾ (ਇਹ ਅਹੰਕਾਰ ਦੂਰ ਕਰ)। ਗੁਮਾਨੁ = ਅਹੰਕਾਰ। ਲਾਹਿ = ਦੂਰ ਕਰ।
ਜਿਸ ਕਾ ਤੂ ਤਿਸ ਕਾ ਸਭੁ ਕੋਇ ॥
You belong to Him; everyone belongs to Him.
ਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ। ਸਭੁ ਕੋਇ = ਹਰੇਕ ਜੀਵ।
ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
Worship and adore Him, and you shall be at peace forever. ||1||
ਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ ॥੧॥ ਅਰਾਧਿ = ਯਾਦ ਕਰਦਾ ਰਹੁ ॥੧॥
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
Why do you wander in doubt, you fool?
ਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ? ਕਾਹੇ = ਕਿਉਂ? ਭ੍ਰਮਿ = ਭਰਮ ਵਿਚ, ਭੁਲੇਖੇ ਵਿਚ। ਭ੍ਰਮਹਿ = ਤੂੰ ਭਟਕਦਾ ਹੈਂ। ਬਿਗਾਨੇ = ਹੇ ਓਪਰੇ ਬਣੇ ਹੋਏ! ਪਰਮਾਤਮਾ ਤੋਂ ਵਿਛੁੜੇ ਹੋਏ ਹੇ ਜੀਵ!
ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
Without the Naam, the Name of the Lord, nothing is of any use at all. Crying out, 'Mine, mine', a great many have departed, regretfully repenting. ||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ)-ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ ॥੧॥ ਰਹਾਉ ॥ ਕਾਮਿ = ਕੰਮ ਵਿਚ। ਪਛੁਤਾਨੇ = ਪਛੁਤਾਏ ਗਏ ॥੧॥ ਰਹਾਉ ॥
ਜੋ ਜੋ ਕਰੈ ਸੋਈ ਮਾਨਿ ਲੇਹੁ ॥
Whatever the Lord has done, accept that as good.
ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ। ਮਾਨਿ ਲੇਹੁ = ਮੰਨ ਲੈ, ਭਲਾ ਕਰਕੇ ਮੰਨ।
ਬਿਨੁ ਮਾਨੇ ਰਲਿ ਹੋਵਹਿ ਖੇਹ ॥
Without accepting, you shall mingle with dust.
(ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ। ਰਲਿ = ਮਿਲ ਕੇ।
ਤਿਸ ਕਾ ਭਾਣਾ ਲਾਗੈ ਮੀਠਾ ॥
His Will seems sweet to me.
ਹੇ ਭਾਈ! ਜਿਸ ਕਿਸੇ ਬੰਦੇ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ, ਭਾਣਾ = ਰਜ਼ਾ।
ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
By Guru's Grace, He comes to dwell in the mind. ||2||
ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੨॥ ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵੂਠਾ = ਵੱਸਿਆ ਹੈ ॥੨॥
ਵੇਪਰਵਾਹੁ ਅਗੋਚਰੁ ਆਪਿ ॥
He Himself is carefree and independent, imperceptible.
ਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ, ਵੇ ਪਰਵਾਹੁ = ਬੇ-ਮੁਥਾਜ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
ਆਠ ਪਹਰ ਮਨ ਤਾ ਕਉ ਜਾਪਿ ॥
Twenty-four hours a day, O mind, meditate on Him.
ਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ। ਤਾ ਕਉ = ਉਸ (ਪ੍ਰਭੂ) ਨੂੰ।
ਜਿਸੁ ਚਿਤਿ ਆਏ ਬਿਨਸਹਿ ਦੁਖਾ ॥
When He comes into the consciousness, pain is dispelled.
ਜੇ ਉਹ ਪਰਮਾਤਮਾ (ਤੇਰੇ) ਚਿੱਤ ਵਿਚ ਆ ਵੱਸੇ, ਤਾਂ ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ, ਚਿਤਿ = ਚਿੱਤ ਵਿਚ। ਚਿਤਿ ਆਏ = ਚਿੱਤ ਵਿਚ ਵੱਸਿਆਂ। ਜਿਸੁ ਚਿਤਿ ਆਏ = ਜਿਸ (ਪ੍ਰਭੂ ਦੇ ਸਾਡੇ) ਚਿੱਤ ਵਿਚ ਵੱਸਿਆਂ, ਜੇ ਉਹ ਪ੍ਰਭੂ ਸਾਡੇ ਚਿੱਤ ਵਿਚ ਆ ਵੱਸੇ।
ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
Here and hereafter, your face shall be radiant and bright. ||3||
ਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਰਹੇਗਾ ॥੩॥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਸਾਫ਼, ਬੇ-ਦਾਗ਼। ਮੁਖਾ = ਮੂੰਹ ॥੩॥
ਕਉਨ ਕਉਨ ਉਧਰੇ ਗੁਨ ਗਾਇ ॥
Who, and how many have been saved, singing the Glorious Praises of the Lord?
ਹੇ ਭਾਈ! ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਧਰੇ = ਪਾਰ ਲੰਘ ਗਏ। ਗਾਇ = ਗਾ ਕੇ।
ਗਨਣੁ ਨ ਜਾਈ ਕੀਮ ਨ ਪਾਇ ॥
They cannot be counted or evaluated.
ਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ। ਗਨਣੁ ਨ ਜਾਈ = ਇਹ ਲੇਖਾ ਗਿਣਿਆ ਨਹੀਂ ਜਾ ਸਕਦਾ। ਕੀਮ = (ਗੁਣ ਗਾਣ ਦੀ) ਕੀਮਤ।
ਬੂਡਤ ਲੋਹ ਸਾਧਸੰਗਿ ਤਰੈ ॥
Even the sinking iron is saved, in the Saadh Sangat, the Company of the Holy,
ਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ। ਬੂਡਤ = ਡੁੱਬਦਾ। ਲੋਹ = ਲੋਹਾ, ਕਠੋਰ-ਚਿੱਤ ਬੰਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਰੈ = ਗਾਵਣ ਦਾ ਉੱਦਮ ਕਰਦਾ ਹੈ।
ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
O Nanak, as His Grace is received. ||4||31||42||
ਪਰ, ਹੇ ਨਾਨਕ! (ਗੁਣ ਗਾਣ ਦਾ ਉੱਦਮ ਉਹੀ ਮਨੁੱਖ) ਕਰਦਾ ਹੈ ਜਿਸ ਨੂੰ ਧੁਰੋਂ ਇਹ ਦਾਤ ਪ੍ਰਾਪਤ ਹੋਵੇ ॥੪॥੩੧॥੪੨॥ ਜਿਸਹਿ ਪਰਾਪਤਿ = ਜਿਸ ਨੂੰ (ਇਹ ਦਾਤਿ) ਮਿਲਣੀ ਹੋਵੇ ॥੪॥੩੧॥੪੨॥