ਆਸਾ

Aasaa:

ਆਸਾ।

ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ

I make my body the dying vat, and within it, I dye my mind. I make the five elements my marriage guests.

ਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ)। ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ। ਰੈਨੀ = ਕੱਪੜੇ ਰੰਗਣ ਵਾਲੀ ਮੱਟੀ। ਪੁਨ = ਭਲੇ ਗੁਣਾਂ ਨਾਲ, ਪੁੰਨਾਂ ਨਾਲ {ਨੋਟ: ਲਫ਼ਜ਼ 'ਪੁਨਰਪਿ' ਇਕੱਠਾ ਇਕ ਲਫ਼ਜ਼ ਦੀ ਸ਼ਕਲ ਵਿਚ ਕਈ ਵਾਰੀ ਆਇਆ ਹੈ, ਇਹ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦਾ ਜੋੜ ਹੈ: "ਪੁਨ:+ਅਪਿ।" ਪੁਨ = (ਪੁਨਹ) ਮੁੜ, ਫਿਰ। ਅਪਿ = ਭੀ। ਪਰ ਇੱਥੇ ਇਸ ਸ਼ਬਦ ਵਿਚ ਇਹ ਇੱਕੋ ਲਫ਼ਜ਼ ਨਹੀਂ ਹੈ। ਇੱਥੇ ਮਨ ਨੂੰ ਰੰਗਣ ਦਾ ਜ਼ਿਕਰ ਹੈ, ਅਤੇ ਰੰਗਣ ਵਾਸਤੇ ਲਫ਼ਜ਼ ਹੈ "ਰਪਿ।" 'ਪੁਨ' ਦਾ ਅਰਥ 'ਫਿਰ' ਮੁੜ' ਨਹੀਂ ਹੋ ਸਕਦਾ। ਇਸ ਅਰਥ ਵਿਚ ਲਫ਼ਜ਼ ਦਾ ਜੋੜ 'ਪੁਨਿ' ਹੀ ਸਦਾ ਆਵੇਗਾ, ਵੇਖੋ 'ਰਾਗ ਮਾਲਾ'। ਗੁਰਬਾਣੀ ਵਿਚ ਲਫ਼ਜ਼ 'ਪੁਨਹ' ਹੈ ਜਾਂ 'ਫੁਨਿ'। ਸੋ, ਲਫ਼ਜ਼ 'ਪੁਨ' ਇਹਨਾਂ ਤੋਂ ਵੱਖਰਾ ਲਫ਼ਜ਼ ਹੈ: "ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ"; ਇਥੇ ਲਫ਼ਜ਼ 'ਪੁਨੁ' ਇਕ-ਵਚਨ ਹੈ, ਇਸ ਦਾ ਬਹੁ-ਵਚਨ ਹੈ 'ਪੁਨ'}। ਰਪਿ ਕਰਿ ਹਉ = ਮੈਂ ਰੰਗ ਲਵਾਂਗੀ। ਪਾਚਉ ਤਤ = ਪੰਜਾਂ ਤੱਤਾਂ ਦੇ ਦੈਵੀ ਗੁਣ ("ਜਿਤੁ ਕਾਰਜਿ ਸਤੁ ਸੰਤੋਖ ਦਇਆ ਧਰਮੁ ਹੈ", ਆਸਾ ਮਹਲਾ ੧), ਦਇਆ ਧਰਮ ਆਦਿਕ ਗੁਣ। ਬਰਾਤੀ = ਮੇਲੀ।

ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥

I take my marriage vows with the Lord, my King; my soul is imbued with His Love. ||1||

ਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ ॥੧॥ ਸਿਉ = ਨਾਲ। ਭਾਵਰਿ = ਫੇਰੇ, ਲਾਵਾਂ। ਲੈ ਹਉ = ਮੈਂ ਲਵਾਂਗੀ। ਤਿਹ ਰੰਗਿ ਰਾਤੀ = ਉਸ ਪਤੀ ਦੇ ਪਿਆਰ ਨਾਲ ਰੰਗੀ ਹੋਈ ॥੧॥

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ

Sing, sing, O brides of the Lord, the marriage songs of the Lord.

ਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦ੍ਰਿਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ, ਦੁਲਹਨੀ = ਹੇ ਨਵੀਓਂ ਵਹੁਟੀਓ! ਮੰਗਲਚਾਰਾ = ਸ਼ਗਨਾਂ ਦੇ ਗੀਤ, ਸੁਹਾਗ। ਰੀ = ਹੇ! ਲਫ਼ਜ਼ 'ਦੁਲਹਨੀ' ਇਸਤ੍ਰੀ-ਲਿੰਗ ਹੈ, ਇਸ ਵਾਸਤੇ 'ਰੀ' ਵਰਤਿਆ ਹੈ, ਵੇਖੋ ਸ਼ਬਦ "ਕਰਵਤੁ ਭਲਾ......" ਵਿਚ 'ਰੇ ਲੋਈ!'।

ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ

The Lord, my King, has come to my house as my Husband. ||1||Pause||

(ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ ॥੧॥ ਰਹਾਉ ॥

ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ

Within the lotus of my heart, I have made my bridal pavilion, and I have spoken the wisdom of God.

ਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ। ਨਾਭਿ = ਧੁੰਨੀ, ਜਿਥੋਂ ਤਕ ਸਾਹ ਲੈਣ ਲੱਗਿਆਂ ਪ੍ਰਾਣ (ਹਵਾ) ਅੱਪੜਦੇ ਮੰਨੇ ਗਏ ਹਨ। ਬੇਦੀ = ਵੇਦੀ, ਚਾਰ ਡੰਡੇ ਚੌਰਸ ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ ਇਸ ਵਿਚ ਦੋ ਟੋਕਰੇ (ਖਾਰੇ) ਮੂਧੇ ਰੱਖ ਕੇ ਉਹਨਾਂ ਉੱਤੇ ਵਿਆਹ ਵੇਲੇ ਕੁੜੀ ਮੁੰਡੇ ਨੂੰ ਬਿਠਾਉਂਦੇ ਹਨ। ਨਾਭਿ...ਲੇ = ਮੈਂ ਆਪਣੀ ਧੁੰਨੀ-ਰੂਪ ਕੌਲ ਫੁੱਲ ਵਿਚ ਵੇਦੀ ਗੱਡ ਲਈ ਹੈ; ਮੈਂ ਸੁਆਸ ਸੁਆਸ ਦੀ ਰਾਹੀਂ ਆਪਣੀ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜ ਲਈ ਹੈ: ਇਹ ਮੇਰੇ ਵਿਆਹ ਦੀ ਵੇਦੀ ਬਣੀ ਹੈ। ਬ੍ਰਹਮ ਗਿਆਨ = ਪਰਮਾਤਮਾ ਦੀ ਜਾਣ-ਪਛਾਣ ਗੁਰੂ ਦਾ ਸ਼ਬਦ ਜੋ ਪਰਮਾਤਮਾ ਦੀ ਜਾਣ-ਪਛਾਣ ਕਰਾਉਂਦਾ ਹੈ। ਉਚਾਰਾ = (ਇਹ ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ।

ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥

I have obtained the Lord King as my Husband - such is my great good fortune. ||2||

ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ॥੨॥ ਸੋ = ਵਰਗਾ। ਦੂਲਹੁ = ਲਾੜਾ। ਅਸ ਬਡ = ਅਜਿਹੇ ਵੱਡੇ। ਭਾਗ = ਕਿਸਮਤ ॥੨॥

ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ

The angles, holy men, silent sages, and the 330,000,000 deities have come in their heavenly chariots to see this spectacle.

ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ। ਕਉਤਕ = ਕਾਰਜ, ਵਿਆਹ ਦੀ ਰਸਮ। ਕੋਟਿ ਤੇਤੀਸ = ਤੇਤੀ ਕ੍ਰੋੜ। ਉਜਾਨਾਂ = {Skt. ਉਦ-ਯਾਨ} ਬਿਬਾਣ। ਸੁਰਿ ਨਰ = ਦੈਵੀ ਗੁਣਾਂ ਵਾਲੇ ਬੰਦੇ। ਆਏ ਉਜਾਨਾਂ = ਬਿਬਾਣਾਂ ਵਿਚ ਚੜ੍ਹ ਕੇ ਆਏ ਹਨ, ਉੱਚੀਆਂ ਉਡਾਰੀਆਂ ਲਾਉਣ ਵਾਲੇ ਆਏ ਹਨ, ਪ੍ਰਭੂ ਚਰਨਾਂ ਵਿਚ ਜੁੜਨ ਵਾਲੇ ਆਏ ਹਨ। ਸੁਰਿ ਨਰ, ਮੁਨਿ ਜਨ, ਕੋਟਿ ਤੇਤੀਸ = ਸਤਸੰਗੀ।

ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥

Says Kabeer, I have been taken in marriage by the One Supreme Being, the Lord God. ||3||2||24||

ਕਬੀਰ ਆਖਦਾ ਹੈ-ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ॥੩॥੨॥੨੪॥ ਪੁਰਖ = ਖਸਮ ॥੩॥੨॥੨੪॥