ਗਉੜੀ ਕਬੀਰ ਜੀ

Gauree, Kabeer Jee:

ਗਉੜੀ ਕਬੀਰ ਜੀ।

ਗਗਨਿ ਰਸਾਲ ਚੁਐ ਮੇਰੀ ਭਾਠੀ

From the Sky of the Tenth Gate, the nectar trickles down, distilled from my furnace.

ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ), ਗਗਨ = ਅਕਾਸ਼, ਦਸਮ-ਦੁਆਰ। ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ। ਗਗਨਿ ਭਾਠੀ = ਦਸਮ ਦੁਆਰ-ਰੂਪ ਭੱਠੀ ਵਿਚੋਂ। ਰਸਾਲ = ਰਸੀਲਾ, ਸੁਆਦਲਾ। ਚੁਐ = ਚੋ ਰਿਹਾ ਹੈ (ਅੰਮ੍ਰਿਤ)।

ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥

I have gathered in this most sublime essence, making my body into firewood. ||1||

ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥ ਸੰਚਿ = ਇਕੱਠਾ ਕਰ ਕੇ। ਕਾਠੀ = ਲੱਕੜੀਆਂ। ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ ॥੧॥

ਉਆ ਕਉ ਕਹੀਐ ਸਹਜ ਮਤਵਾਰਾ

He alone is called intoxicated with intuitive peace and poise,

ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ, ਉਆ ਕਉ = ਉਸ ਮਨੁੱਖ ਨੂੰ। ਸਹਜ = ਕੁਦਰਤੀ ਤੌਰ ਤੇ। ਮਤਵਾਰਾ = ਮਤਵਾਲਾ, ਮਸਤ।

ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ

who drinks in the juice of the Lord's essence, contemplating spiritual wisdom. ||1||Pause||

ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥ ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ ॥੧॥ ਰਹਾਉ ॥

ਸਹਜ ਕਲਾਲਨਿ ਜਉ ਮਿਲਿ ਆਈ

Intuitive poise is the bar-maid who comes to serve it.

ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ, ਸਹਜ = ਸਹਿਜ ਅਵਸਥਾ, ਅਡੋਲਤਾ। ਕਲਾਲਨਿ = ਸ਼ਰਾਬ ਪਿਲਾਉਣ ਵਾਲੀ। ਜਉ = ਜਦੋਂ।

ਆਨੰਦਿ ਮਾਤੇ ਅਨਦਿਨੁ ਜਾਈ ॥੨॥

I pass my nights and days in ecstasy. ||2||

ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥ ਮਾਤੇ = ਮਸਤ ਹੋ ਕੇ। ਅਨਦਿਨੁ = ਹਰ ਰੋਜ਼। ਜਾਈ = ਲੰਘਦਾ ਹੈ, ਬੀਤਦਾ ਹੈ ॥੨॥

ਚੀਨਤ ਚੀਤੁ ਨਿਰੰਜਨ ਲਾਇਆ

Through conscious meditation, I linked my consciousness with the Immaculate Lord.

(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ, ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ।

ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥

Says Kabeer, then I obtained the Fearless Lord. ||3||27||

ਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥ ਤੌ = ਤਦੋਂ। ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ ॥੩॥੨੭॥