ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
Raag Bilaaval, First Mehl, Chau-Padhay, First House:
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥
You are the Emperor, and I call You a chief - how does this add to Your greatness?
ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ, (ਇਹ ਤਾਂ ਇਉਂ ਹੀ ਹੈ ਕਿ) ਤੂੰ ਬਾਦਸ਼ਾਹ ਹੈਂ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ। ਕਹਾ ਹਉ = ਮੈਂ ਆਖਦਾ ਹਾਂ। ਕਵਨ ਵਡਾਈ = ਕੋਈ ਵਡਿਆਈ ਨਹੀਂ।
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥
As You permit me, I praise You, O Lord and Master; I am ignorant, and I cannot chant Your Praises. ||1||
(ਪਰ ਇਤਨੀ ਕੁ ਸਿਫ਼ਤਿ-ਸਾਲਾਹ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ) ਹੇ ਮਾਲਕ-ਪ੍ਰਭੂ! (ਸਿਫ਼ਤਿ-ਸਾਲਾਹ ਕਰਨ ਦਾ) ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ॥੧॥ ਕਹਾ = ਮੈਂ ਆਖਦਾ ਹਾਂ ॥੧॥
ਤੇਰੇ ਗੁਣ ਗਾਵਾ ਦੇਹਿ ਬੁਝਾਈ ॥
Please bless me with such understanding, that I may sing Your Glorious Praises.
ਹੇ ਪ੍ਰਭੂ! ਮੈਨੂੰ (ਅਜੇਹੀ) ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ। ਗਾਵਾ = ਮੈਂ ਗਾਵਾਂ। ਬੁਝਾਈ = ਸਮਝ, ਅਕਲ।
ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥
May I dwell in Truth, according to Your Will. ||1||Pause||
ਹੇ ਰਜ਼ਾ ਦੇ ਮਾਲਕ-ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ (ਚਰਨਾਂ) ਵਿਚ ਟਿਕਿਆ ਰਹਿ ਸਕਾਂ ॥੧॥ ਰਹਾਉ ॥ ਜੈਸੇ = ਜਿਸ ਤਰ੍ਹਾਂ, ਤਾਂ ਜੋ। ਰਹਉ = ਮੈਂ ਟਿਕਿਆ ਰਹਾਂ। ਰਜਾਈ = ਹੇ ਰਜ਼ਾ ਦੇ ਮਾਲਕ-ਪ੍ਰਭੂ! ॥੧॥ ਰਹਾਉ ॥
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
Whatever has happened, has all come from You. You are All-knowing.
ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ। ਤੁਝ ਤੇ = ਤੈਥੋਂ। ਅਸਨਾਈ = ਨਾਈ, ਵਡਿਆਈ {'ਸ੍ਨਾ' ਅਰਬੀ ਲਫ਼ਜ਼ ਹੈ, ਅਰਥ ਹੈ 'ਵਡਿਆਈ'}। {ਨੋਟ: ਜਦੋਂ ਕਿਸੇ ਲਫ਼ਜ਼ ਦੇ ਸ਼ੁਰੂ ਵਿਚ ਦੋ ਜੁੜਵੇਂ ਅੱਖਰ ਹੋਣ ਜਿਨ੍ਹਾਂ ਵਿਚ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ-ਉਚਾਰਨ ਵਿਚ ਉਹਨਾਂ ਦੋਹਾਂ ਅੱਖਰਾਂ ਨੂੰ ਵਖ ਵਖ ਕਰ ਕੇ 'ਸ' ਦੇ ਪਹਿਲਾਂ 'ਅ' ਵਰਤ ਲਈਦਾ ਹੈ। ਜਾਂ, 'ਸ' ਉਡਾ ਹੀ ਦੇਈਦਾ ਹੈ; ਜਿਵੇਂ: (स्थान) ਸਾਨ = ਅਸਥਾਨ, ਥਾਨ। (स्तम्भ) ਸ੍ਤੰਭ = ਅਸਥੰਭ, ਥੰਭ, ਥੰਮ੍ਹ੍ਹ। (स्टेशन) ਸ੍ਟੇਸ਼ਨ = ਅਸਟੇਸ਼ਨ, ਟੇਸ਼ਨ। (स्ना) ਸ੍ਨਾ = ਅਸਨਾਈ, ਨਾਈ (ਅਰਬੀ ਲਫ਼ਜ਼)}।
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥
Your limits cannot be known, O my Lord and Master; I am blind - what wisdom do I have? ||2||
ਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ (ਤੁੱਛ-ਅਕਲ ਹਾਂ) ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ (ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ ॥੨॥ ਸਾਹਿਬ = ਹੇ ਸਾਹਿਬ! ਚਤੁਰਾਈ = ਅਕਲ, ਚਲਾਕੀ ॥੨॥
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥
What should I say? While talking, I talk of seeing, but I cannot describe the indescribable.
ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ। ਹਉ = ਮੈਂ। ਕਥੀ = ਮੈਂ ਬਿਆਨ ਕਰਾਂ। ਕਥੇ ਕਥਿ = ਕਥਿ ਕਥਿ, ਕਥ ਕੇ ਕਥ ਕੇ। ਦੇਖਾ = ਮੈਂ ਵੇਖਦਾ ਹਾਂ। ਅਕਥੁ = ਜਿਸ ਦੇ ਗੁਣ ਕਹੇ ਨ ਜਾ ਸਕਣ।
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥
As it pleases Your Will, I speak; it is just the tiniest bit of Your greatness. ||3||
ਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ (ਭਾਵ, ਜਿਤਨੀ ਕੁ ਤੂੰ ਬਿਆਨ ਕਰਨ ਲਈ ਆਪ ਹੀ ਸਮਝ ਦੇਂਦਾ ਹੈਂ) ॥੩॥ ਤਿਲੁ = ਰਤਾ ਕੁ ॥੩॥
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥
Among so many dogs, I am an outcast; I bark for my body's belly.
(ਹੇ ਪ੍ਰਭੂ! ਇਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ)। ਏਤੇ = ਇਤਨੇ, ਅਨੇਕਾਂ। ਕੂਕਰ = ਕੁੱਤੇ, ਕਾਮਾਦਿਕ ਵਿਕਾਰ। ਬੇਗਾਨਾ = ਓਪਰਾ। ਭਉਕਾ = ਮੈਂ ਭੌਂਕਦਾ ਹਾਂ। ਇਸੁ ਤਨ ਤਾਈ = ਇਸ ਸਰੀਰ ਨੂੰ ਬਚਾਣ ਵਾਸਤੇ।
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥
Without devotional worship, O Nanak, even so, still, my Master's Name does not leave me. ||4||1||
(ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸੱਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ) ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ) ॥੪॥੧॥ ਖਸਮੈ ਨਾਉ = ਖਸਮ ਦਾ ਨਾਮ, ਖਸਮ ਦੀ ਬਜ਼ੁਰਗੀ, ਖਸਮ ਦੀ ਵਡਿਆਈ। ਨ ਜਾਈ = ਦੂਰ ਨਹੀਂ ਹੋ ਸਕਦੀ ॥੪॥੧॥