ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਆਨ ਰਸਾ ਜੇਤੇ ਤੈ ਚਾਖੇ ॥
You may taste the other flavors,
(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ, ਆਨ = ਹੋਰ {अन्य}। ਜੇਤੇ = ਜਿਤਨੇ (ਭੀ)। ਤੈ = ਤੂੰ (ਹੇ ਮੇਰੀ ਜੀਭ!)।
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥
but your thirst shall not depart, even for an instant.
(ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}।
ਹਰਿ ਰਸ ਕਾ ਤੂੰ ਚਾਖਹਿ ਸਾਦੁ ॥
But when you taste the sweet flavor the the Lord's sublime essence
ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ, ਸਾਦੁ = ਸੁਆਦ।
ਚਾਖਤ ਹੋਇ ਰਹਹਿ ਬਿਸਮਾਦੁ ॥੧॥
- upon tasting it, you shall be wonder-struck and amazed. ||1||
ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ॥੧॥ ਬਿਸਮਾਦੁ = ਅਸਚਰਜ, ਮਸਤ ॥੧॥
ਅੰਮ੍ਰਿਤੁ ਰਸਨਾ ਪੀਉ ਪਿਆਰੀ ॥
O dear beloved tongue, drink in the Ambrosial Nectar.
ਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ। ਰਸਨਾ = ਹੇ ਜੀਭ!
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥
Imbued with this sublime essence, you shall be satisfied. ||1||Pause||
ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ॥੧॥ ਰਹਾਉ ॥ ਤ੍ਰਿਪਤਾਰੀ = ਤ੍ਰਿਪਤ, ਸੰਤੁਸ਼ਟ ॥੧॥ ਰਹਾਉ ॥
ਹੇ ਜਿਹਵੇ ਤੂੰ ਰਾਮ ਗੁਣ ਗਾਉ ॥
O tongue, sing the Glorious Praises of the Lord.
ਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ। ਹੇ ਜਿਹਵੇ = ਹੇ ਜੀਭ!
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥
Each and every moment, meditate on the Lord, Har, Har, Har.
(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ।
ਆਨ ਨ ਸੁਨੀਐ ਕਤਹੂੰ ਜਾਈਐ ॥
Do not listen to any other, and do not go anywhere else.
(ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ। ਆਨ = ਹੋਰ। ਕਤ ਹੂੰ = ਕਿਤੇ ਭੀ।
ਸਾਧਸੰਗਤਿ ਵਡਭਾਗੀ ਪਾਈਐ ॥੨॥
By great good fortune, you shall find the Saadh Sangat, the Company of the Holy. ||2||
(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ॥੨॥
ਆਠ ਪਹਰ ਜਿਹਵੇ ਆਰਾਧਿ ॥
Twenty-four hours a day, O tongue, dwell upon God,
ਹੇ (ਮੇਰੀ) ਜੀਭ! ਅੱਠੇ ਪਹਰ ਸਿਮਰਨ ਕਰ, ਆਰਾਧਿ = ਸਿਮਰ।
ਪਾਰਬ੍ਰਹਮ ਠਾਕੁਰ ਆਗਾਧਿ ॥
The Unfathomable, Supreme Lord and Master.
ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ। ਆਗਾਧਿ = ਅਥਾਹ।
ਈਹਾ ਊਹਾ ਸਦਾ ਸੁਹੇਲੀ ॥
Here and hereafter, you shall be happy forever.
(ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲੀ = ਸੁਖੀ।
ਹਰਿ ਗੁਣ ਗਾਵਤ ਰਸਨ ਅਮੋਲੀ ॥੩॥
Chanting the Glorious Praises of the Lord, O tongue, you shall become priceless. ||3||
ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ ॥੩॥ ਰਸਨ = ਜੀਭ ॥੩॥
ਬਨਸਪਤਿ ਮਉਲੀ ਫਲ ਫੁਲ ਪੇਡੇ ॥
All the vegetation will blossom forth for you, flowering in fruition;
(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ, ਮਉਲੀ = ਖਿੜੀ ਹੋਈ। ਪੇਡ = ਡਾਲ।
ਇਹ ਰਸ ਰਾਤੀ ਬਹੁਰਿ ਨ ਛੋਡੇ ॥
imbued with this sublime essence, you shall never leave it again.
ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ। ਬਹੁਰਿ = ਮੁੜ। ਰਾਤੀ = ਰੱਤੀ ਹੋਈ, ਮਸਤ।
ਆਨ ਨ ਰਸ ਕਸ ਲਵੈ ਨ ਲਾਈ ॥
No other sweet and tasty flavors can compare to it.
(ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ, ਰਸ ਕਸ = ਕਿਸਮ ਕਿਸਮ ਦੇ ਸੁਆਦ। ਲਵੈ ਨ ਲਾਈ = ਬਰਾਬਰੀ ਨਹੀਂ ਕਰ ਸਕਦੇ।
ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥
Says Nanak, the Guru has become my Support. ||4||15||84||
ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ ॥੪॥੧੫॥੮੪॥