ਬਿਲਾਵਲੁ ॥
Bilaaval:
ਬਿਲਾਵਲ।
ਕੋਊ ਹਰਿ ਸਮਾਨਿ ਨਹੀ ਰਾਜਾ ॥
There is no king equal to the Lord.
(ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਕੋਊ = ਕੋਈ ਜੀਵ ਭੀ। ਸਮਾਨਿ = ਬਰਾਬਰ, ਵਰਗਾ।
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
All these lords of the world last for only a few days, putting on their false displays. ||1||Pause||
ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ ॥੧॥ ਰਹਾਉ ॥ ਏ ਭੂਪਤਿ = ਇਹ ਦੁਨੀਆ ਦੇ ਰਾਜੇ। ਦਿਵਸ = ਦਿਨ। ਝੂਠੇ = ਜੋ ਸਦਾ ਕਾਇਮ ਨਹੀਂ ਰਹਿ ਸਕਦੇ। ਦਿਵਾਜਾ = ਦਿਖਲਾਵੇ ॥੧॥ ਰਹਾਉ ॥
ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
How can Your humble servant waver? You spread Your shadow over the three worlds.
(ਹੇ ਪ੍ਰਭੂ!) ਜੋ ਮਨੁੱਖ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ (ਇਹਨਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ) ਘਾਬਰਦਾ ਨਹੀਂ, (ਕਿਉਂਕਿ, ਹੇ ਪ੍ਰਭੂ! ਤੇਰੇ ਸੇਵਕ ਦਾ ਪ੍ਰਤਾਪ) ਸਾਰੇ ਜਗਤ ਵਿਚ ਛਾਇਆ ਰਹਿੰਦਾ ਹੈ। ਜਨੁ = ਦਾਸ, ਭਗਤ। ਕਤ = ਕਿਉਂ? ਕਤ ਡੋਲੈ = (ਇਹਨਾਂ ਦੁਨੀਆ ਦੇ ਰਾਜਿਆਂ ਅੱਗੇ) ਨਹੀਂ ਡੋਲਦਾ। ਪਰ = ਵਿਚ। ਤੀਨਿ ਭਵਨ ਪਰ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਛਾਜਾ = ਪ੍ਰਭਾਵ ਛਾਇਆ ਰਹਿੰਦਾ ਹੈ, ਵਡਿਆਈ ਬਣੀ ਰਹਿੰਦੀ ਹੈ।
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
Who can raise his hand against Your humble servant? No one can describe the Lord's expanse. ||1||
ਹੱਥ ਚੁੱਕਣਾ ਤਾਂ ਕਿਤੇ ਰਿਹਾ, ਤੇਰੇ ਸੇਵਕ ਦੇ ਸਾਹਮਣੇ ਉਹ ਉੱਚਾ ਬੋਲ ਭੀ ਬੋਲ ਨਹੀਂ ਸਕਦੇ ॥੧॥ ਕੋ = ਕੌਣ? ਜਨ ਕਉ = ਭਗਤ ਵਲ। ਪਸਾਰਿ ਸਕੈ = ਖਿਲਾਰ ਸਕਦਾ ਹੈ, ਚੁੱਕ ਸਕਦਾ ਹੈ। ਅੰਦਾਜ਼ਾ = (ਪ੍ਰਤਾਪ ਦਾ) ਅਨੁਮਾਨ ॥੧॥
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
Remember Him, O my thoughtless and foolish mind, and the unstruck melody of the sound current will resonate and resound.
ਹੇ ਮੇਰੇ ਗ਼ਾਫ਼ਲ ਮਨ! ਤੂੰ ਭੀ ਪ੍ਰਭੂ ਨੂੰ ਸਿਮਰ, (ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਇੱਕ-ਰਸ ਵਾਜੇ ਵੱਜਣ (ਤੇ, ਤੈਨੂੰ ਦੁਨੀਆ ਦੇ ਰਾਜਿਆਂ ਤੋਂ ਕੋਈ ਘਬਰਾਹਟ ਨਾਹ ਹੋਵੇ)। ਅਚੇਤ ਮਨ = ਹੇ ਗ਼ਾਫ਼ਲ ਮਨ! ਬਾਜੇ = ਵੱਜ ਪੈਣ। ਅਨਹਦ ਬਾਜਾ = ਇੱਕ-ਰਸ (ਅਨੰਦ ਦੇ) ਵਾਜੇ।
ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
Says Kabeer, my skepticism and doubt have been dispelled; the Lord has exalted me, as He did Dhroo and Prahlaad. ||2||5||
ਕਬੀਰ ਆਖਦਾ ਹੈ-(ਜੋ ਮਨੁੱਖ ਪ੍ਰਭੂ ਨੂੰ ਸਿਮਰਦਾ ਹੈ, ਉਸ ਦਾ) ਸਹਿਮ, ਉਸ ਦੀ ਭਟਕਣਾ ਸਭ ਦੂਰ ਹੋ ਜਾਂਦੇ ਹਨ, ਪ੍ਰਭੂ (ਆਪਣੇ ਸੇਵਕ ਨੂੰ) ਧ੍ਰੂ ਤੇ ਪ੍ਰਹਿਲਾਦ ਵਾਂਗ ਪਾਲਦਾ ਹੈ ॥੨॥੫॥ ਕਹਿ = ਕਹੇ, ਆਖਦਾ ਹੈ। ਭ੍ਰਮੁ = ਭਟਕਣਾ। ਸੰਸਾ = ਸਹਿਮ। ਚੂਕੋ = ਮੁੱਕ ਜਾਂਦਾ ਹੈ। ਨਿਵਾਜਾ = ਨਿਵਾਜਦਾ ਹੈ, ਮਾਣ ਦੇਂਦਾ ਹੈ, ਪਾਲਦਾ ਹੈ ॥੨॥੫॥