ਸਾਰਗ ਮਹਲਾ

Saarang, First Mehl:

ਸਾਰੰਗ ਪਹਿਲੀ ਪਾਤਿਸ਼ਾਹੀ।

ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ

How can I survive without the Lord? I am suffering in pain.

ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਸੁਖੀ ਜੀਵਨ ਨਹੀਂ ਜੀਊ ਸਕਦਾ, ਦੁੱਖ (ਸਦਾ ਇਸ ਦੇ ਮਨ ਉਤੇ) ਦਬਾਅ ਪਾਈ ਰੱਖਦਾ ਹੈ। ਕਿਉ ਕਹੀਐ = ਕਿਹਾ ਨਹੀਂ ਜਾ ਸਕਦਾ, ਮਨ ਨੂੰ ਧੀਰਜ ਨਹੀਂ ਆਉਂਦੀ, ਜੀਵਨ ਸੁਖੀ ਨਹੀਂ ਹੋ ਸਕਦਾ। ਬਿਆਪੈ = ਜ਼ੋਰ ਪਾ ਲੈਂਦਾ ਹੈ, ਦਬਾ ਲੈਂਦਾ ਹੈ।

ਜਿਹਵਾ ਸਾਦੁ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ

My tongue does not taste - all is bland without the Lord's sublime essence. Without God, I suffer and die. ||1||Pause||

(ਸਿਮਰਨ ਤੋਂ ਬਿਨਾ ਮਨੁੱਖ ਦੀ) ਜੀਭ ਵਿਚ (ਬੋਲਣ ਦੀ) ਮਿਠਾਸ ਨਹੀਂ ਪੈਦਾ ਹੁੰਦੀ, ਮਿਠਾਸ ਤੋਂ ਬਿਨਾ ਹੋਣ ਕਰਕੇ ਸਦਾ ਖਰ੍ਹਵੇ ਬੋਲ ਬੋਲਦੀ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾ ਮੌਤ ਦਾ ਡਰ (ਭੀ) ਦੁਖੀ ਕਰਦਾ ਰਹਿੰਦਾ ਹੈ ॥੧॥ ਰਹਾਉ ॥ ਜਿਹਵਾ = ਜੀਭ। ਸਾਦੁ = ਸੁਆਦ, ਮਿਠਾਸ। ਫੀਕੀ = ਫਿੱਕੇ ਬੋਲ ਬੋਲਣ ਵਾਲੀ। ਸੰਤਾਪੈ = ਦੁਖੀ ਕਰਦਾ ਹੈ। ਕਾਲੁ = ਮੌਤ (ਦਾ ਡਰ) ॥੧॥ ਰਹਾਉ ॥

ਜਬ ਲਗੁ ਦਰਸੁ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ

As long as I do not attain the Blessed Vision of my Beloved, I remain hungry and thirsty.

ਜਦੋਂ ਤਕ ਮਨੁੱਖ ਪ੍ਰੀਤਮ-ਪ੍ਰਭੂ ਦਾ ਦੀਦਾਰ ਨਹੀਂ ਕਰਦਾ, ਤਦ ਤਕ ਮਾਇਆ ਦੀ ਭੁੱਖ ਤ੍ਰੇਹ ਜ਼ੋਰ ਪਾਈ ਰੱਖਦੀ ਹੈ। ਦਰਸੁ ਪ੍ਰੀਤਮ = ਪ੍ਰੀਤਮ ਦਾ ਦਰਸਨ। ਨ ਪਰਸੈ = ਨਹੀਂ ਪਰਸਦਾ, ਨਹੀਂ ਛੁੰਹਦਾ।

ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥

Gazing upon the Blessed Vision of His Darshan, my mind is pleased and appeased. The lotus blossoms forth in the water. ||1||

ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ (ਤੇ ਇਉਂ ਖਿੜਦਾ ਹੈ, ਜਿਵੇਂ) ਕੌਲ ਫੁੱਲ ਜਲ ਦੇ ਆਨੰਦ ਵਿਚ ਖਿੜਦਾ ਹੈ ॥੧॥ ਮਾਨਿਆ = ਗਿੱਝ ਜਾਂਦਾ ਹੈ। ਰਸਿ = ਰਸ ਵਿਚ; ਅਨੰਦ ਵਿਚ। ਬਿਗਾਸੀ = ਬਿਗਾਸੈ, ਖਿੜਦਾ ਹੈ ॥੧॥

ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ

The low-hanging clouds crack with thunder and burst. The cuckoos and the peacocks are filled with passion,

ਜਦੋਂ ਬੱਦਲ ਝੁਕ ਝੁਕ ਕੇ ਗੱਜਦਾ ਹੈ ਤੇ ਵਰ੍ਹਦਾ ਹੈ ਤਦੋਂ ਕੋਇਲ, ਮੋਰ- ਊਨਵਿ = ਝੁਕ ਕੇ, ਲਿਫ ਕੇ, ਨੀਵੇਂ ਹੋ ਕੇ। ਘਨਹਰੁ = ਬੱਦਲ। ਬੈਰਾਗੈ = ਵੈਰਾਗ ਵਿਚ, ਹੁਲਾਰੇ ਵਿਚ।

ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥

along with the birds in the trees, the bulls and the snakes. The soul-bride is happy when her Husband Lord returns home. ||2||

ਰੁੱਖ, ਬਲਦ, ਪੰਛੀ, ਸੱਪ (ਆਦਿਕ) ਹੁਲਾਰੇ ਵਿਚ ਆਉਂਦੇ ਹਨ, (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਪਤੀ-ਪ੍ਰਭੂ ਆ ਵੱਸਦਾ ਹੈ ਉਹ ਜੀਵ-ਇਸਤ੍ਰੀ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ ॥੨॥ ਤਰਵਰ = ਰੁੱਖ। ਬਿਰਖ = {वृषभ} ਬਲਦ। ਬਿਹੰਗ = ਪੰਛੀ। ਭੁਇਅੰਗਮ = ਸੱਪ। ਘਰਿ = ਘਰ ਵਿਚ, ਹਿਰਦੇ ਵਿਚ। ਪਿਰੁ = ਪਤੀ। ਧਨ = ਇਸਤ੍ਰੀ। ਸੋਹਾਗੈ = ਸੁਹਾਗ ਮਾਣਦੀ ਹੈ, ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ ॥੨॥

ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਜਾਨਿਆ

She is filthy and ugly, unfeminine and ill-mannered - she has no intuitive understanding of her Husband Lord.

(ਪਰ ਜਿਸ ਜੀਵ-ਇਸਤ੍ਰੀ ਨੇ) ਪਤੀ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਗੰਦੀ ਰਹਤ-ਬਹਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੀ ਰਹਿੰਦੀ ਹੈ। ਕੁਚਿਲ = ਕੁਚੀਲ, ਗੰਦੀ ਰਹਤ-ਬਹਤ ਵਾਲੀ। ਕੁਰੂਪਿ = ਕੋਝੇ ਰੂਪ ਵਾਲੀ। ਕੁਨਾਰਿ = ਭੈੜੀ ਇਸਤ੍ਰੀ। ਕੁਲਖਨੀ = ਭੈੜੇ ਲਛੱਣਾਂ ਵਾਲੀ। ਸਹਜੁ = (ਮਿਲਾਪ ਦਾ) ਆਨੰਦ।

ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥

She is not satisfied by the sublime essence of her Lord's Love; she is evil-minded, immersed in her pain. ||3||

ਜਿਸ ਦੀ ਜੀਭ ਪ੍ਰਭੂ ਦੇ ਆਨੰਦ ਦੇ ਰੰਗ ਵਿਚ (ਰਚ ਕੇ) ਚਸਕਿਆਂ ਵਲੋਂ ਨਹੀਂ ਪਰਤੀ, ਉਹ ਜੀਵ-ਇਸਤ੍ਰੀ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿਚ ਹੀ ਗ੍ਰਸੀ ਰਹਿੰਦੀ ਹੈ ॥੩॥ ਰਸਨ = ਜੀਭ। ਤ੍ਰਿਪਤੀ = ਰੱਜੀ, ਚਸਕਿਆਂ ਵਲੋਂ ਪਰਤੀ ॥੩॥

ਆਇ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ

The soul-bride does not come and go in reincarnation or suffer in pain; her body is not touched by the pain of disease.

ਉਹ (ਜੀਵ-ਇਸਤ੍ਰੀ) ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੀ, ਉਸ ਦੇ ਨਾਹ ਮਨ ਨੂੰ ਤੇ ਨਾਹ ਤਨ ਨੂੰ ਕੋਈ ਦੁਖ-ਕਲੇਸ਼ ਵਿਆਪਦਾ ਹੈ,

ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥

O Nanak, she is intuitively embellished by God; seeing God, her mind is encouraged. ||4||2||

ਹੇ ਨਾਨਕ! ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਨ ਵਾਲੀ ਜਿਸ ਜੀਵ-ਇਸਤ੍ਰੀ ਦਾ ਮਨ ਪ੍ਰਭੂ ਦਾ ਦੀਦਾਰ ਕਰ ਕੇ ਧੀਰਜਵਾਨ ਰਹਿੰਦਾ ਹੈ ॥੪॥੨॥ ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ (ਦੇ ਮਿਲਾਪ) ਤੋਂ। ਸਹਜ ਸੁਹੇਲੀ = ਸਹਜ ਦਾ ਸੁਖ ਪਾਣ ਵਾਲੀ, ਅਡੋਲਤਾ ਦਾ ਆਨੰਦ ਮਾਣਨ ਵਾਲੀ। ਧੀਰੇ = ਧੀਰਜ ਫੜਦਾ ਹੈ ॥੪॥੨॥