ਸਾਰਗ ਮਹਲਾ ੧ ॥
Saarang, First Mehl:
ਸਾਰੰਗ ਪਹਿਲੀ ਪਾਤਿਸ਼ਾਹੀ।
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥
My Beloved Lord God is not far away.
ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
My mind is pleased and appeased by the Word of the True Guru's Teachings. I have found the Lord, the Support of my breath of life. ||1||Pause||
ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥ ਸਤਿਗੁਰ ਬਚਨਿ = ਗੁਰੂ ਦੇ ਉਪਦੇਸ਼ ਵਿਚ। ਮਾਨਿਆ = ਪਤੀਜ ਗਿਆ ਹੈ। ਪ੍ਰਾਨ ਅਧਾਰਾ = ਜ਼ਿੰਦਗੀ ਦਾ ਆਸਰਾ ॥੧॥ ਰਹਾਉ ॥
ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥
This is the way to meet your Husband Lord. Blessed is the soul-bride who is loved by her Husband Lord.
ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ। ਇਨ ਬਿਧਿ = ਇਸ ਤਰੀਕੇ ਨਾਲ। ਹਰਿ ਵਰ ਮਿਲੀਐ = ਹਰੀ-ਪਤੀ ਨੂੰ ਮਿਲੀਦਾ ਹੈ। ਕਾਮਨਿ = ਹੇ ਜੀਵ-ਇਸਤ੍ਰੀ! ਸੋਹਾਗੁ = ਚੰਗਾ ਭਾਗ। ਧਨ = ਜੀਵ-ਇਸਤ੍ਰੀ।
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥
Social class and status, race, ancestry and skepticism are eliminated, following the Guru's Teachings and contemplating the Word of the Shabad. ||1||
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥ ਸਹਸਾ = ਭਰਮ। ਬੀਚਾਰੀ = ਵਿਚਾਰਵਾਨ ॥੧॥
ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥
One whose mind is pleased and appeased, has no egotistical pride. Violence and greed are forgotten.
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ, ਹਿੰਸਾ = ਨਿਰਦਇਤਾ।
ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥
The soul-bride intuitively ravishes and enjoys her Husband Lord; as Gurmukh, she is embellished by His Love. ||2||
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥ ਸਹਜਿ = ਅਡੋਲ ਅਵਸਥਾ ਵਿਚ। ਰਵੈ = ਮਾਣਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰੰਗਿ = ਪ੍ਰੇਮ ਵਿਚ ॥੨॥
ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥
Burn away any love of family and relatives, which increases your attachment to Maya.
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ। ਜਾਰਉ = ਮੈਂ ਸਾੜ ਦਿਆਂ।
ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥
One who does not savor the Lord's Love deep within, lives in duality and corruption. ||3||
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥ ਦੁਬਿਧਾ = ਮੇਰ-ਤੇਰ। ਬਿਕਾਰੀ = ਵਿਕਾਰਾਂ ਦੇ ॥੩॥
ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥
His Love is a priceless jewel deep within my being; the Lover of my Beloved is not hidden.
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ। ਹਿਤ = ਪਿਆਰ। ਕੌ = ਨੂੰ, ਦੀ ਖ਼ਾਤਰ। ਹਿਤ ਕੌ = ਪ੍ਰੇਮ ਪੈਦਾ ਕਰਨ ਦੀ ਖ਼ਾਤਰ। ਦੁਰੈ ਨ = ਨਹੀਂ ਲੁਕਦੀ, ਗੁੱਝੀ ਨਹੀਂ ਰਹਿੰਦੀ। ਲਾਲ ਪਿਆਰੀ = ਪ੍ਰਭੂ ਦੀ ਪਿਆਰੀ।
ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥
O Nanak, as Gurmukh, enshrine the Priceless Naam deep within your being, all the ages through. ||4||3||
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥੩॥