ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਨਿਰੰਕਾਰਿ ਆਕਾਰੁ ਉਪਾਇਆ ॥
The Formless Lord created the universe of form.
ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ, ਨਿਰੰਕਾਰਿ = ਨਿਰੰਕਾਰ ਨੇ, ਆਕਾਰ-ਰਹਿਤ ਪਰਮਾਤਮਾ ਨੇ। ਆਕਾਰੁ = ਇਹ ਦਿੱਸਦਾ ਜਗਤ। ਉਪਾਇਆ = ਪੈਦਾ ਕੀਤਾ।
ਮਾਇਆ ਮੋਹੁ ਹੁਕਮਿ ਬਣਾਇਆ ॥
By the Hukam of His Command, He created attachment to Maya.
ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ। ਹੁਕਮਿ = (ਆਪਣੇ) ਹੁਕਮ ਅਨੁਸਾਰ।
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥
The Creator Himself stages all the plays; hearing of the True Lord, enshrine Him in your mind. ||1||
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥ ਆਪੇ = (ਨਿਰੰਕਾਰ) ਆਪ ਹੀ। ਖੇਲ = {ਬਹੁ-ਵਚਨ}। ਸਭਿ = ਸਾਰੇ। ਸੁਣਿ = ਸੁਣ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ ॥੧॥
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥
Maya, the mother, gave birth to the three gunas, the three qualities,
(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ), ਮਾਈ = ਮਾਂ। ਮਾਇਆ ਮਾਈ = ਮਾਇਆ-ਮਾਂ (ਦੀ ਰਾਹੀਂ)। ਪਰਸੂਤਿ = {प्रसुति = offspring, progeny, issue} ਬੱਚੇ। ਤ੍ਰੈ ਗੁਣ ਪਰਸੂਤਿ = ਤ੍ਰੈ-ਗੁਣੀ ਜੀਵ। ਜਮਾਇਆ = ਪੈਦਾ ਕੀਤੇ।
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
and proclaimed the four Vedas to Brahma.
ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥
Creating the years, months, days and dates, He infused intelligence into the world. ||2||
ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥ ਥਿਤੀ = {'ਥਿਤਿ' ਤੋਂ ਬਹੁ-ਵਚਨ} ਥਿੱਤਾਂ। ਕਰਿ = ਕਰ ਕੇ, ਬਣਾ ਕੇ। ਸੋਝੀ = (ਸਮੇ ਆਦਿਕ ਦੀ) ਸੂਝ ॥੨॥
ਗੁਰ ਸੇਵਾ ਤੇ ਕਰਣੀ ਸਾਰ ॥
Service to the Guru is the most excellent action.
(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ, ਤੇ = ਤੋਂ। ਕਰਣੀ = ਕਰਨ-ਯੋਗ ਕੰਮ। ਸਾਰ = ਸ੍ਰੇਸ਼ਟ। ਸਾਰ ਕਰਣੀ = ਸ੍ਰੇਸ਼ਟ ਕਰਨ-ਯੋਗ ਕੰਮ।
ਰਾਮ ਨਾਮੁ ਰਾਖਹੁ ਉਰਿ ਧਾਰ ॥
Enshrine the Lord's Name within your heart.
ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਉਰਿ = ਹਿਰਦੇ ਵਿਚ। ਉਰਿਧਾਰ = ਹਿਰਦੇ ਵਿਚ ਟਿਕਾ ਕੇ।
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
The Word of the Guru's Bani prevails throughout the world; through this Bani, the Lord's Name is obtained. ||3||
ਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥ ਜਗ ਅੰਤਰਿ = ਜਗਤ ਵਿਚ। ਵਰਤੀ = (ਜਿਸ ਦੇ ਹਿਰਦੇ ਵਿਚ) ਆ ਵੱਸੀ। ਇਸੁ ਬਾਣੀ ਤੇ = ਇਸ ਬਾਣੀ ਤੋਂ, ਇਸ ਬਾਣੀ ਦੀ ਰਾਹੀਂ ॥੩॥
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥
He reads the Vedas, but he starts arguments night and day.
(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ, ਪੜੈ = ਪੜ੍ਹਦਾ ਹੈ {ਇਕ-ਵਚਨ}। ਅਨਦਿਨੁ {अनुदिनां} ਹਰ ਰੋਜ਼। ਵਾਦ = {ਬਹੁ-ਵਚਨ} ਝਗੜੇ, ਬਹਸਾਂ। ਸਮਾਲੇ = ਸੰਭਾਲਦਾ ਹੈ, ਕਰਦਾ ਹੈ।
ਨਾਮੁ ਨ ਚੇਤੈ ਬਧਾ ਜਮਕਾਲੇ ॥
He does not remember the Naam, the Name of the Lord; he is bound and gagged by the Messenger of Death.
ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ। ਚੇਤੈ = ਸਿਮਰਦਾ।
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥
In the love of duality, he suffers in pain forever; he is deluded by doubt, and confused by the three gunas. ||4||
ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ। ਤ੍ਰੈ ਗੁਣ ਭਰਮਿ = ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ। ਭੁਲਾਇਦਾ = ਕੁਰਾਹੇ ਪਿਆ ਰਹਿੰਦਾ ਹੈ ॥੪॥
ਗੁਰਮੁਖਿ ਏਕਸੁ ਸਿਉ ਲਿਵ ਲਾਏ ॥
The Gurmukh is in love with the One Lord alone;
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ, ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਏਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ, ਪ੍ਰੀਤ।
ਤ੍ਰਿਬਿਧਿ ਮਨਸਾ ਮਨਹਿ ਸਮਾਏ ॥
he submerges in his mind the three-phased desire.
(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ। ਤ੍ਰਿਬਿਧਿ = ਤਿੰਨ ਕਿਸਮ ਦੀ, ਮਾਇਆ ਦੇ ਤਿੰਨ (ਰਜੋ ਤਮੋ ਸਤੋ) ਗੁਣਾਂ ਵਾਲੀ। ਮਨਸਾ = {मनीषा} ਮਨ ਦਾ ਫੁਰਨਾ। ਮਨਹਿ = ਮਨਿ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਮਨ ਵਿਚ ਹੀ।
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥
Through the True Word of the Shabad, he is liberated forever; he renounces emotional attachment to Maya. ||5||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥ ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਮੁਕਤਾ = (ਮਾਇਆ ਦੇ ਮੋਹ ਤੋਂ) ਸੁਤੰਤਰ ॥੫॥
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥
Those who are so pre-ordained to be imbued, are imbued with love for the Lord.
ਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ। ਧੁਰਿ = (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ। ਰਾਤੇ = (ਨਾਮ-ਰੰਗ ਵਿਚ) ਰੰਗੇ ਹੋਏ। ਸੇ = ਉਹ {ਬਹੁ-ਵਚਨ}। ਹੁਣਿ = ਇਸ ਜਨਮ ਵਿਚ।
ਗੁਰ ਪਰਸਾਦੀ ਸਹਜੇ ਮਾਤੇ ॥
By Guru's Grace, they are intuitively intoxicated.
ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜੇ = ਆਤਮਕ ਅਡੋਲਤਾ ਵਿਚ। ਮਾਤੇ = ਮਸਤ।
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥
Serving the True Guru forever, they find God; He Himself unites them with Himself. ||6||
ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥ ਸੇਵਿ = ਸੇਵ ਕੇ, ਸਰਨ ਪੈ ਕੇ। ਆਪੈ = ਆਪੇ ਵਿਚ। ਆਪੁ = ਆਪਣੇ ਆਪ ਨੂੰ ॥੬॥
ਮਾਇਆ ਮੋਹਿ ਭਰਮਿ ਨ ਪਾਏ ॥
In attachment to Maya and doubt, the Lord is not found.
ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ।
ਦੂਜੈ ਭਾਇ ਲਗਾ ਦੁਖੁ ਪਾਏ ॥
Attached to the love of duality, one suffers in pain.
ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ। ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਲਗਾ = ਲੱਗਾ ਹੋਇਆ।
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥
The crimson color lasts for only a few days; all too soon, it fades away. ||7||
(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥ ਸੂਹਾ ਰੰਗੁ = (ਕਸੁੰਭੇ ਵਰਗਾ) ਸ਼ੋਖ਼ ਰੰਗ। ਜਾਦੇ = ਦੂਰ ਹੁੰਦਿਆਂ। ਬਿਲਮ = ਦੇਰ, ਚਿਰ ॥੭॥
ਏਹੁ ਮਨੁ ਭੈ ਭਾਇ ਰੰਗਾਏ ॥
So color this mind in the Fear and the Love of God.
ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ, ਭੈ = ਅਦਬ ਵਿਚ। ਭਾਇ = ਪਿਆਰ ਵਿਚ।
ਇਤੁ ਰੰਗਿ ਸਾਚੇ ਮਾਹਿ ਸਮਾਏ ॥
Dyed in this color, one merges in the True Lord.
ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ।
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥
By perfect destiny, some may obtain this color. Through the Guru's Teachings, this color is applied. ||8||
ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥ ਕੋ = ਕੋਈ (ਵਿਰਲਾ) ॥੮॥
ਮਨਮੁਖੁ ਬਹੁਤੁ ਕਰੇ ਅਭਿਮਾਨੁ ॥
The self-willed manmukhs take great pride in themselves.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ, ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
ਦਰਗਹ ਕਬ ਹੀ ਨ ਪਾਵੈ ਮਾਨੁ ॥
In the Court of the Lord, they are never honored.
ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ। ਮਾਨੁ = ਆਦਰ।
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥
Attached to duality, they waste their lives; without understanding, they suffer in pain. ||9||
ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥ ਲਾਗੇ = ਲਾਗਿ, ਲੱਗ ਕੇ ॥੯॥
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
My God has hidden Himself deep within the self.
ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ, ਪ੍ਰਭਿ = ਪ੍ਰਭੂ ਨੇ। ਅੰਦਰਿ = (ਹਰੇਕ ਜੀਵ ਦੇ) ਅੰਦਰ। ਆਪੁ = ਆਪਣਾ ਆਪ।
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥
By Guru's Grace, one is united in the Lord's Union.
(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥
God is True, and True is His trade, through which the priceless Naam is obtained. ||10||
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥ ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ॥੧੦॥
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥
No one has found this body's value.
(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ। ਕੀਮਤਿ = ਕਦਰ। ਕਿਨੈ ਨ = ਕਿਸੇ ਨੇ ਨਹੀਂ।
ਮੇਰੈ ਠਾਕੁਰਿ ਇਹ ਬਣਤ ਬਣਾਈ ॥
My Lord and Master has worked His handiwork.
ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ, ਠਾਕੁਰਿ = ਠਾਕੁਰ ਨੇ। ਬਣਤ = ਮਰਯਾਦਾ, ਵਿਓਂਤ।
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥
One who becomes Gurmukh purifies his body, and then the Lord unites him with Himself. ||11||
ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥ ਗੁਰਮੁਖਿ = ਗੁਰੂ ਦੇ ਸਨਮੁਖ। ਸੋਧੈ = ਸੋਧਦਾ ਹੈ, ਵਿਕਾਰਾਂ ਤੋਂ ਬਚਾਈ ਰੱਖਦਾ ਹੈ। ਆਪਹਿ = ਆਪਣੇ ਵਿਚ ਹੀ। ਆਪੁ = ਆਪਣੇ ਆਪ ਨੂੰ ॥੧੧॥
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥
Within the body, one loses, and within the body, one wins.
(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ। ਤੋਟਾ = ਘਾਟਾ। ਲਾਹਾ = ਲਾਭ।
ਗੁਰਮੁਖਿ ਖੋਜੇ ਵੇਪਰਵਾਹਾ ॥
The Gurmukh seeks the self-sustaining Lord.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ। ਖੋਜੇ = (ਸਰੀਰ ਵਿਚ) ਭਾਲ ਕਰਦਾ ਹੈ।
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥
The Gurmukh trades, and finds peace forever; he intuitively merges in the Celestial Lord. ||12||
ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥ ਵਣਜਿ = (ਨਾਮ ਦਾ) ਵਣਜ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧੨॥
ਸਚਾ ਮਹਲੁ ਸਚੇ ਭੰਡਾਰਾ ॥
True is the Lord's Mansion, and True is His treasure.
ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ। ਮਹਲੁ = ਪਰਮਾਤਮਾ ਦਾ ਟਿਕਾਣਾ। ਸਚੇ = ਸਦਾ ਕਾਇਮ ਰਹਿਣ ਵਾਲੇ। ਭੰਡਾਰਾ = ਖ਼ਜ਼ਾਨੇ।
ਆਪੇ ਦੇਵੈ ਦੇਵਣਹਾਰਾ ॥
The Great Giver Himself gives.
ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ। ਦੇਵਣਹਾਰਾ = ਦੇਣ ਦੀ ਸਮਰਥਾ ਵਾਲਾ।
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥
The Gurmukh praises the Giver of peace; his mind is united with the Lord, and he comes to know His worth. ||13||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿ = ਮਨ ਵਿਚ। ਮੇਲੇ = ਮੇਲਿ, ਮੇਲ ਕੇ, ਟਿਕਾ ਕੇ। ਕੀਮਤਿ = ਕਦਰ ॥੧੩॥
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥
Within the body is the object; its value cannot be estimated.
ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ। ਕਾਇਆ = ਸਰੀਰ। ਵਸਤੁ = ਨਾਮ-ਪਦਾਰਥ।
ਗੁਰਮੁਖਿ ਆਪੇ ਦੇ ਵਡਿਆਈ ॥
He Himself grants glorious greatness to the Gurmukh.
ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਆਪੇ = (ਪ੍ਰਭੂ) ਆਪ ਹੀ। ਦੇ = ਦੇਂਦਾ ਹੈ।
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥
He alone knows this object, to whom this store belongs; the Gurmukh is blessed with it, and does not come to regret. ||14||
ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥ ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਵਥੁ = ਵਸਤੁ, ਨਾਮ-ਪਦਾਰਥ। ਦੇਇ = ਦੇਂਦਾ ਹੈ ॥੧੪॥
ਹਰਿ ਜੀਉ ਸਭ ਮਹਿ ਰਹਿਆ ਸਮਾਈ ॥
The Dear Lord is pervading and permeating all.
ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, ਰਹਿਆ ਸਮਾਈ = ਸਮਾਇ ਰਹਿਆ, ਵਿਆਪਕ ਹੈ।
ਗੁਰ ਪਰਸਾਦੀ ਪਾਇਆ ਜਾਈ ॥
By Guru's Grace, He is found.
(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ।
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥
He Himself unites in His Union; through the Word of the Shabad, one intuitively merges with Him. ||15||
ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥ ਮੇਲਿ = ਮੇਲ ਕੇ (ਗੁਰੂ ਨਾਲ)। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਦਾ = ਲੀਨ ਰੱਖਦਾ ਹੈ ॥੧੫॥
ਆਪੇ ਸਚਾ ਸਬਦਿ ਮਿਲਾਏ ॥
The True Lord Himself unites us in the Word of His Shabad.
ਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਸਬਦਿ = ਸ਼ਬਦ ਵਿਚ।
ਸਬਦੇ ਵਿਚਹੁ ਭਰਮੁ ਚੁਕਾਏ ॥
Within the Shabad, doubt is driven out.
ਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ। ਸਬਦੇ = ਸ਼ਬਦ ਦੀ ਰਾਹੀਂ। ਵਿਚਹੁ = ਮਨੁੱਖ ਦੇ ਹਿਰਦੇ ਵਿਚੋਂ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ।
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥
O Nanak, He blesses us with His Naam, and throgh the Naam, peace is found. ||16||8||22||
ਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੧੬॥੮॥੨੨॥ ਨਾਮਿ = ਨਾਮ ਵਿਚ (ਜੁੜਿਆਂ)। ਨਾਮੇ ਹੀ = ਨਾਮ ਦੀ ਰਾਹੀਂ ਹੀ ॥੧੬॥੮॥੨੨॥