ਮਾਰੂ ਮਹਲਾ

Maaroo, Third Mehl:

ਮਾਰੂ ਤੀਜੀ ਪਾਤਿਸ਼ਾਹੀ।

ਕਾਇਆ ਕੰਚਨੁ ਸਬਦੁ ਵੀਚਾਰਾ

Contemplating the Word of the Shabad, the body becomes golden.

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਰਗੀ ਪਵਿੱਤਰ।

ਤਿਥੈ ਹਰਿ ਵਸੈ ਜਿਸ ਦਾ ਅੰਤੁ ਪਾਰਾਵਾਰਾ

The Lord abides there; He has no end or limitation.

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ। ਤਿਥੈ = ਉਸ (ਸਰੀਰ) ਵਿਚ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਪਰਮਾਤਮਾ ਦਾ। ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।

ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥

Night and day, serve the Lord, and chant the True Word of the Guru's Bani. Through the Shabad, meet the Dear Lord. ||1||

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ। ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੧॥ ਅਨਦਿਨੁ = ਹਰ ਰੋਜ਼ {अनुदिनां}। ਸੇਵਿਹੁ = ਸੇਵਾ-ਭਗਤੀ ਕਰਦੇ ਰਿਹਾ ਕਰੋ। ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ ॥੧॥

ਹਰਿ ਚੇਤਹਿ ਤਿਨ ਬਲਿਹਾਰੈ ਜਾਉ

I am a sacrifice to those who remember the Lord.

ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਚੇਤਹਿ = (ਜਿਹੜੇ ਮਨੁੱਖ) ਸਿਮਰਦੇ ਹਨ {ਬਹੁ-ਵਚਨ}। ਜਾਉ = ਜਾਉਂ, ਮੈਂ ਜਾਂਦਾ ਹਾਂ।

ਗੁਰ ਕੈ ਸਬਦਿ ਤਿਨ ਮੇਲਿ ਮਿਲਾਉ

Through the Word of the Guru's Shabad, I unite in Union with the Lord.

ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ। ਤਿਨ ਮੇਲਿ = ਉਹਨਾਂ ਦੀ ਸੰਗਤ ਵਿਚ। ਮਿਲਾਉ = ਮਿਲਾਉਂ, ਮੈਂ ਮਿਲਦਾ ਹਾਂ।

ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥

I touch the dust of their feet to my face and forehead; sitting in the Society of the Saints, I sing His Glorious Praises. ||2||

ਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥ ਲਾਈ = ਲਾਈਂ, ਮੈਂ ਲਾਂਦਾ ਹਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਹਿ = ਬੈਠ ਕੇ ॥੨॥

ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ

I sing the Glorious Praises of the Lord, as I am pleasing to the Lord God.

ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ)। ਗਾਵਾ = ਗਾਵਾਂ, ਮੈਂ ਗਾਵਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ।

ਅੰਤਰਿ ਹਰਿ ਨਾਮੁ ਸਬਦਿ ਸੁਹਾਵਾ

With the Lord's Name deep within my inner being, I am adorned with the Word of the Shabad.

ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ। ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਹਾਵਾ = ਸੁਹਾਵਾਂ, ਮੈਂ ਸੋਹਣਾ ਬਣ ਜਾਵਾਂ।

ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥

The Word of the Guru's Bani is heard throughout the four corners of the world; through it, we merge in the True Name. ||3||

ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥ ਚਹੁ ਕੁੰਡੀ = ਚੌਹਾਂ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਪ੍ਰਸਿੱਧ ਹੋ ਜਾਂਦਾ ਹੈ। ਸਾਚੈ = ਸਦਾ-ਥਿਰ ਪਰਮਾਤਮਾ ਵਿਚ। ਨਾਮਿ = ਨਾਮ ਦੀ ਰਾਹੀਂ ॥੩॥

ਸੋ ਜਨੁ ਸਾਚਾ ਜਿ ਅੰਤਰੁ ਭਾਲੇ

That humble being, who searches within himself,

ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ। ਸਾਚਾ = ਸਦਾ-ਥਿਰ ਜੀਵਨ ਵਾਲਾ, ਅਡੋਲ ਜੀਵਨ ਵਾਲਾ। ਜਿ = ਜਿਹੜਾ। ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਭਾਲੇ = ਖੋਜਦਾ ਹੈ, ਪੜਤਾਲਦਾ ਹੈ।

ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ

Through the Word of the Guru's Shabad, sees the Lord with his eyes.

ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਕੈ ਸਬਦਿ = ਦੇ ਸ਼ਬਦ ਵਿਚ (ਜੁੜਿਆਂ)। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ ਹੈ।

ਗਿਆਨ ਅੰਜਨੁ ਪਾਏ ਗੁਰਸਬਦੀ ਨਦਰੀ ਨਦਰਿ ਮਿਲਾਇਦਾ ॥੪॥

Through the Guru's Shabad, he applies the ointment of spiritual wisdom to his eyes; the Gracious Lord, in His Grace, unites him with Himself. ||4||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥ ਅੰਜਨੁ = ਸੁਰਮਾ। ਨਦਰੀ = ਮਿਹਰ ਦੀ ਨਿਗਾਹ ਦਾ ਮਾਲਕ ॥੪॥

ਵਡੈ ਭਾਗਿ ਇਹੁ ਸਰੀਰੁ ਪਾਇਆ

By great good fortune, I obtained this body;

ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ, ਵਡੈ ਭਾਗਿ = ਵੱਡੀ ਕਿਸਮਤ ਨਾਲ।

ਮਾਣਸ ਜਨਮਿ ਸਬਦਿ ਚਿਤੁ ਲਾਇਆ

in this human life, I have focused my consciousness on the Word of the Shabad.

(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ। ਜਨਮਿ = ਜਨਮ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ।

ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥

Without the Shabad, everything is enveloped in utter darkness; only the Gurmukh understands. ||5||

ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥ ਅੰਧ ਅੰਧੇਰਾ = ਅੰਨ੍ਹਿਆਂ ਵਾਲਾ ਹਨੇਰਾ, ਘੁੱਪ ਹਨੇਰਾ, ਉਹ ਹਨੇਰਾ ਜਿਸ ਵਿਚ ਕੁਝ ਭੀ ਨਹੀਂ ਦਿੱਸਦਾ। ਕਿਸਹਿ = ਕਿਸੇ (ਵਿਰਲੇ) ਨੂੰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੫॥

ਇਕਿ ਕਿਤੁ ਆਏ ਜਨਮੁ ਗਵਾਏ

Some merely waste away their lives - why have they even come into the world?

ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ) ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਕਿਤੁ = ਕਿਸ ਕੰਮ? ਕਿਤੁ ਆਏ = ਕਿਸ ਕੰਮ ਆਏ? ਵਿਅਰਥ ਹੀ ਜਗਤ ਵਿਚ ਆਏ।

ਮਨਮੁਖ ਲਾਗੇ ਦੂਜੈ ਭਾਏ

The self-willed manmukhs are attached to the love of duality.

ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਏ = ਦੂਜੈ ਭਾਇ, ਮਾਇਆ ਦੇ ਪਿਆਰ ਵਿਚ।

ਏਹ ਵੇਲਾ ਫਿਰਿ ਹਾਥਿ ਆਵੈ ਪਗਿ ਖਿਸਿਐ ਪਛੁਤਾਇਦਾ ॥੬॥

This opportunity shall not into their hands again; their foot slips, and they come to regret and repent. ||6||

ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥ ਹਾਥਿ = ਹੱਥ ਵਿਚ। ਹਾਥਿ ਨ ਆਵੈ = ਨਹੀਂ ਮਿਲਦਾ। ਪਗਿ ਖਿਸਿਐ = ਪੈਰ ਤਿਲਕਣ ਤੇ, ਮੌਤ ਆਉਣ ਤੇ ॥੬॥

ਗੁਰ ਕੈ ਸਬਦਿ ਪਵਿਤ੍ਰੁ ਸਰੀਰਾ

Through the Word of the Guru's Shabad, the body is sanctified.

ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ

The True Lord, the ocean of virtue, dwells within it.

ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਗੁਣੀ = ਸਾਰੇ ਗੁਣਾਂ ਦਾ ਮਾਲਕ। ਗਹੀਰਾ = ਵੱਡੇ ਜਿਗਰੇ ਵਾਲਾ।

ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥

One who sees the Truest of the True everywhere, hears the Truth, and enshrines it within his mind. ||7||

ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥ ਸਚੋ ਸਚੁ = ਸਦਾ-ਥਿਰ ਪਰਮਾਤਮਾ ਨੂੰ ਹੀ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਮੰਨਿ = ਮਨਿ, ਮਨ ਵਿਚ ॥੭॥

ਹਉਮੈ ਗਣਤ ਗੁਰ ਸਬਦਿ ਨਿਵਾਰੇ

Egotism and mental calculations are relieved through the Word of the Guru's Shabad.

ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ। ਹਉਮੈ ਗਣਤ = ਹਉਮੈ ਦੀਆਂ ਚਿਤਵਨੀਆਂ, ਵੱਡਾ ਬਣਨ ਦੀਆਂ ਸੋਚਾਂ। ਨਿਵਾਰੇ = ਦੂਰ ਕਰ (ਸਕਦਾ) ਹੈ।

ਹਰਿ ਜੀਉ ਹਿਰਦੈ ਰਖਹੁ ਉਰ ਧਾਰੇ

Keep the Dear Lord close, and enshrine Him in your heart.

(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ।

ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥

One who praises the Lord forever, through the Guru's Shabad, meets with the True Lord, and finds peace. ||8||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥ ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ। ਸਾਚੇ = ਸਦਾ-ਥਿਰ ਪਰਮਾਤਮਾ ਵਿਚ ॥੮॥

ਸੋ ਚੇਤੇ ਜਿਸੁ ਆਪਿ ਚੇਤਾਏ

He alone remembers the Lord, whom the Lord inspires to remember.

ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ। ਚੇਤੇ = ਸਿਮਰਦਾ ਹੈ। ਚੇਤਾਏ = ਸਿਮਰਨ ਲਈ ਪ੍ਰੇਰਦਾ ਹੈ।

ਗੁਰ ਕੈ ਸਬਦਿ ਵਸੈ ਮਨਿ ਆਏ

Through the Word of the Guru's Shabad, He comes to dwell in the mind.

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਆਏ = ਆਇ, ਆ ਕੇ।

ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥

He Himself sees, and He Himself understands; He merges all into Himself. ||9||

(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥ ਆਪੇ = ਆਪ ਹੀ। ਬੂਝੈ = ਸਮਝਦਾ ਹੈ {ਇਕ-ਵਚਨ}। ਆਪੈ = ਆਪਣੇ ਆਪ ਵਿਚ। ਆਪੁ = ਆਪਣੇ ਆਪ ਨੂੰ। ਸਮਾਇਦਾ = ਲੀਨ ਕਰਦਾ ਹੈ ॥੯॥

ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ

He alone knows, who has placed the object within his mind.

(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ। ਜਿਨਿ = ਜਿਸ (ਮਨੁੱਖ) ਨੇ। ਵਥੁ = ਨਾਮ-ਪਦਾਰਥ। ਪਾਈ = ਲੱਭ ਲਈ। ਸੋਈ = ਉਹੀ ਮਨੁੱਖ। ਜਾਣੈ = ਕਦਰ ਸਮਝਦਾ ਹੈ।

ਗੁਰ ਕੈ ਸਬਦੇ ਆਪੁ ਪਛਾਣੈ

Through the Word of the Guru's Shabad, he comes to understand himself.

ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ।

ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥

That humble being who understands himself is immaculate. He proclaims the Guru's Bani, and the Word of the Shabad. ||10||

(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥ ਨਿਰਮਲੁ = ਪਵਿੱਤਰ ਜੀਵਨ ਵਾਲਾ ॥੧੦॥

ਏਹ ਕਾਇਆ ਪਵਿਤੁ ਹੈ ਸਰੀਰੁ

This body is sanctified and purified;

ਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ, ਕਾਇਆ = ਸਰੀਰ।

ਗੁਰਸਬਦੀ ਚੇਤੈ ਗੁਣੀ ਗਹੀਰੁ

through the Word of the Guru's Shabad, it contemplates the Lord, the ocean of virtue.

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ। ਚੇਤੈ = ਸਿਮਰਦਾ ਹੈ। ਗੁਣੀ = ਗੁਣਾਂ ਦੇ ਮਾਲਕ ਨੂੰ। ਗਹੀਰੁ = ਡੂੰਘੇ ਜਿਗਰੇ ਵਾਲਾ।

ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥

One who chants the Glorious Praises of the Lord night and day, and remains attuned to His Love, chants His Glorious Virtues, immersed in the Glorious Lord. ||11||

ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥ ਅਨਦਿਨੁ = ਹਰ ਰੋਜ਼। ਗਾਵੈ = ਗਾਂਦਾ ਹੈ {ਇਕ-ਵਚਨ}। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਕਹਿ = ਕਹਿ ਕੇ, ਉਚਾਰ ਕੇ ॥੧੧॥

ਏਹੁ ਸਰੀਰੁ ਸਭ ਮੂਲੁ ਹੈ ਮਾਇਆ

This body is the source of all Maya;

ਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ, ਮੂਲੁ = ਮੁੱਢ, ਕਾਰਨ।

ਦੂਜੈ ਭਾਇ ਭਰਮਿ ਭੁਲਾਇਆ

in love with duality, it is deluded by doubt.

ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਿਆ ਹੋਇਆ।

ਹਰਿ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥

It does not remember the Lord, and suffers in eternal pain. Without remembering the Lord, it suffers in pain. ||12||

ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥

ਜਿ ਸਤਿਗੁਰੁ ਸੇਵੇ ਸੋ ਪਰਵਾਣੁ

One who serves the True Guru is approved and respected.

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ। ਜਿ = ਜਿਹੜਾ ਮਨੁੱਖ। ਸਤਿਗੁਰੁ ਸੇਵੇ = ਗੁਰੂ ਦੀ ਸਰਨ ਪੈਂਦਾ ਹੈ। ਪਰਵਾਣੁ = ਕਬੂਲ।

ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ

His body and soul-swan are immaculate and pure; in the Court of the Lord, he is known to be true.

ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ)। ਕਾਇਆ = ਸਰੀਰ। ਹੰਸੁ = ਆਤਮਾ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਜਾਣੁ = ਜਾਣੂ-ਪਛਾਣੂ।

ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥

He serves the Lord, and enshrines the Lord in his mind; he is exalted, singing the Glorious Praises of the Lord. ||13||

ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥ ਸੇਵੇ = ਸੇਵਾ-ਭਗਤੀ ਕਰਦਾ ਹੈ। ਮੰਨਿ = ਮਨਿ, ਮਨ ਵਿਚ। ਸੋਹੈ = ਸੋਹਣਾ ਲੱਗਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥

ਬਿਨੁ ਭਾਗਾ ਗੁਰੁ ਸੇਵਿਆ ਜਾਇ

Without good destiny, no one can serve the True Guru.

ਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ। ਭਾਗਾ = ਭਾਗਾਂ, ਕਿਸਮਤ।

ਮਨਮੁਖ ਭੂਲੇ ਮੁਏ ਬਿਲਲਾਇ

The self-willed manmukhs are deluded, and die weeping and wailing.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਮੁਏ = ਆਤਮਕ ਮੌਤ ਸਹੇੜਦੇ ਹਨ। ਬਿਲਲਾਇ = ਵਿਲਕ ਕੇ, ਦੁਖੀ ਹੋ ਹੋ ਕੇ।

ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥

Those who are blessed by the Guru's Glance of Grace - the Dear Lord unites them with Himself. ||14||

ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥ ਕੇਰੀ = ਦੀ। ਨਦਰਿ = ਮਿਹਰ ਦੀ ਨਿਗਾਹ ॥੧੪॥

ਕਾਇਆ ਕੋਟੁ ਪਕੇ ਹਟਨਾਲੇ

In the body fortress, are the solidly-constructed markets.

(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ, ਕੋਟੁ = ਕਿਲ੍ਹਾ। ਪਕੇ = ਪੱਕੇ, (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿਣ ਵਾਲੇ। ਹਟਨਾਲੇ = ਹੱਟਾਂ ਦੀਆਂ ਕਤਾਰਾਂ, ਬਾਜ਼ਾਰ (ਗਿਆਨ-ਇੰਦ੍ਰੇ)।

ਗੁਰਮੁਖਿ ਲੇਵੈ ਵਸਤੁ ਸਮਾਲੇ

The Gurmukh purchases the object, and takes care of it.

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ। ਲੇਵੈ ਸਮਾਲੈ = ਸਮਾਲਿ ਲੇਵੈ, ਸਾਂਭ ਲੈਂਦਾ ਹੈ। ਵਸਤੁ = ਨਾਮ ਪਦਾਰਥ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥

Meditating on the Name of the Lord, day and night, he attains the sublime, exalted status. ||15||

ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥ ਪਦਵੀ = ਦਰਜਾ ॥੧੫॥

ਆਪੇ ਸਚਾ ਹੈ ਸੁਖਦਾਤਾ

The True Lord Himself is the Giver of peace.

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ। ਆਪੇ = ਆਪ ਹੀ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ।

ਪੂਰੇ ਗੁਰ ਕੈ ਸਬਦਿ ਪਛਾਤਾ

Through the Shabad of the Perfect Guru, He is realized.

ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾ ਸਕਦਾ ਹੈ, ਸਾਂਝ ਪਾਈ ਜਾ ਸਕਦੀ ਹੈ।

ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥

Nanak praises the Naam, the True Name of the Lord; through perfect destiny, He is found. ||16||7||21||

ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥ ਸਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਕੋ = ਕੋਈ (ਵਿਰਲਾ) ॥੧੬॥੭॥੨੧॥