ਗਉੜੀ ਪੰਚਪਦਾ₃ ॥
Gauree, Panch-Padhay:
ਗਉੜੀ ਪੰਚਪਦੇ।
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
For a few short days, the soul-bride stays in her parent's house; then, she must go to her in-laws.
(ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ। ਪੇਵਕੜੈ = {ਪੇਵਕਾ = ਪਿਉ ਦਾ, ਪੇਵ ਕਾ (ਘਰ)} ਪਿਉ ਦੇ ਘਰ ਵਿਚ, ਇਸ ਸੰਸਾਰ ਵਿਚ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ।
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
The blind, foolish and ignorant people do not know this. ||1||
(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥ ਏਆਣਾ = ਅੰਞਾਣ ॥੧॥
ਕਹੁ ਡਡੀਆ ਬਾਧੈ ਧਨ ਖੜੀ ॥
Tell me, why is the bride wearing her ordinary clothes?
ਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ) ਕਹੁ = ਦੱਸੋ। ਡਡੀਆ = ਅੱਧੀ ਧੋਤੀ ਜੋ ਘਰ ਵਿਚ ਕੰਮ-ਕਾਜ ਕਰਨ ਵੇਲੇ ਬੰਨ੍ਹੀਦੀ ਹੈ। ਧਨ = ਇਸਤ੍ਰੀ। ਡਡੀਆ...ਖੜੀ = ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੋਈ ਹੈ, ਜੀਵ-ਇਸਤ੍ਰੀ ਅਜੇ ਲਾ-ਪ੍ਰਵਾਹ ਹੀ ਹੈ।
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
The guests have arrived at her home, and her Husband has come to take her away. ||1||Pause||
ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥ ਪਾਹੂ = ਪ੍ਰਾਹੁਣੇ। ਘਰਿ = ਘਰ ਵਿਚ। ਮੁਕਲਾਊ = ਮੁਕਲਾਵਾ ਲੈ ਜਾਣ ਵਾਲੇ ॥੧॥ ਰਹਾਉ ॥
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
Who has lowered the rope of the breath down, into the well of the world which we see?
ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)। ਓਹ ਖੂਹੜੀ = ਉਹ ਸੁੰਦਰ ਜਿਹੀ ਖੂਹੀ। ਜਿ ਦਿਸੈ = ਜੋ ਦਿੱਸ ਰਹੀ ਹੈ। ਉਹ...ਖੂਹੜੀ = ਇਹ ਜੋ ਸੋਹਣੀ ਖੂਹੀ ਦਿੱਸ ਰਹੀ ਹੈ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ। ਕਉਨ = ਕਿਹੜੀ ਜੀਵ-ਇਸਤ੍ਰੀ?
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
The rope of the breath breaks away from the pitcher of the body, and the water-carrier gets up and departs. ||2||
ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥ ਲਾਜੁ = ਰੱਸੀ {ਲਫ਼ਜ਼ 'ਲਾਜੁ' ਅਤੇ 'ਲਾਜ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਲਾਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' {रज्जु} ਤੋਂ ਬਣਿਆ ਹੋਇਆ ਹੈ, ਇਸ ਦੇ ਅਖ਼ੀਰ ਵਿਚ (ੁ) ਹੈ। ਸੰਸਕ੍ਰਿਤ ਵਿਚ ਇਹ ਪੁਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿਚ ਇਸਤ੍ਰੀ-ਲਿੰਗ ਹੈ। ਲਫ਼ਜ਼ 'ਲਾਜ' ਦਾ ਅਰਥ ਹੈ 'ਸ਼ਰਮ, ਹਯਾ'; ਇਸ ਦੇ ਅੰਤ ਵਿਚ (ੁ) ਨਹੀਂ ਹੈ}। ਵਹਾਰੀ = ਪਾ ਰਹੀ ਹੈ। ਸਿਉ = ਸਮੇਤ। ਪਨਿਹਾਰੀ = ਪਾਣੀ ਭਰਨ ਵਾਲੀ, ਵਿਸ਼ੇ ਭੋਗਣ ਵਾਲਾ ਜੀਵ ॥੨॥
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
When the Lord and Master is kind and grants His Grace, then her affairs are all resolved.
ਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
ਤਾ ਸੋਹਾਗਣਿ ਜਾਣੀਐ ਗੁਰਸਬਦੁ ਬੀਚਾਰੇ ॥੩॥
Then she is known as the happy soul-bride, if she contemplates the Word of the Guru's Shabad. ||3||
(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥ ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ ॥੩॥
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
Bound by the actions she has committed, she wanders around - see this and understand.
(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ। ਕਿਰਤ = ਕੀਤੇ ਹੋਏ (ਕੰਮ)। ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ। ਸਭ = ਸਾਰੀ ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥
What can we say to her? What can the poor soul-bride do? ||4||
ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥ ਏਸ ਨੋ = ਇਸ ਜੀਵ ਨੂੰ। ਵਿਚਾਰੀ = ਨਿਤਾਣੀ ਜੀਵ-ਇਸਤ੍ਰੀ ॥੪॥
ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
Disappointed and hopeless, she gets up and departs. There is no support or encouragement in her consciousness.
ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ। ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ।
ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
So remain attached to the Lord's Lotus Feet, and hurry to His Sanctuary, Kabeer! ||5||6||50||
ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥ ਭਜੁ = ਪਉ ॥੫॥੬॥੫੦॥