ਗਉੜੀ₂ ॥
Gauree :
ਗਉੜੀ।
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
The Yogi says that Yoga is good and sweet, and nothing else is, O Siblings of Destiny.
ਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ। ਕਹਹਿ = ਆਖਦੇ ਹਨ। ਭਲ = ਚੰਗਾ। ਅਵਰੁ = ਕੋਈ ਹੋਰ ਸਾਧਨ। ਭਾਈ = ਹੇ ਭਾਈ!
ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
Those who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥ ਰੁੰਡ = ਸਿਰ ਤੋਂ ਬਿਨਾ ਨਿਰਾ ਧੜ। ਰੁੰਡਿਤ ਮੁੰਡਿਤ = ਰੋਡ-ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ। ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ। ਏਇ = ਇਹ ਸਾਰੇ। ਸਿਧਿ = ਸਫਲਤਾ ॥੧॥
ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
Without the Lord, the blind ones are deluded by doubt.
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ; ਭਰਮਿ = ਭਰਮ ਵਿਚ, ਭੁਲੇਖੇ ਵਿਚ।
ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
And those, to whom I go to find release - they themselves are bound by all sorts of chains. ||1||Pause||
(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥ ਜਾ ਪਹਿ = ਜਿਸ ਕੋਲ। ਜਾਉ = ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ, ਹਉਮੈ। ਛੁਟਕਾਵਨਿ = ਦੂਰ ਕਰਾਣ ਲਈ। ਤੇ = ਉਹ ਸਾਰੇ। ਫੰਧਾ = ਫਾਹੀਆਂ ਵਿਚ ॥੧॥ ਰਹਾਉ ॥
ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
The soul is re-absorbed into that from which it originated, when one leaves this path of errors.
ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)। ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ। ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ। ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ: ਇਸ 'ਉਪਜੀ' ਹਉਮੈ ਦਾ ਕਾਰਨ 'ਰਹਾਉ' ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ 'ਹਰਿ ਬਿਨੁ' ਭਾਵ, ਪ੍ਰਭੂ ਤੋਂ ਵਿਛੋੜਾ}। ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ। ਇਹ ਬਿਧਿ = ਇਸੇ ਕਰਕੇ। ਤਬ ਹੀ = ਤਾਹੀਏਂ। ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ।
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
The scholarly Pandits, the virtuous, the brave and the generous, all assert that they alone are great. ||2||
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥ ਸੂਰ = ਸੂਰਮੇ। ਦਾਤੇ = ਦਾਨ ਕਰਨ ਵਾਲੇ। ਏਹਿ = ਇਹ ਸਾਰੇ ॥੨॥
ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
He alone understands, whom the Lord inspires to understand. Without understanding, what can anyone do?
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ। ਜਿਸਹਿ = ਜਿਸ ਨੂੰ। ਸੋਈ = ਉਹੀ ਮਨੁੱਖ। ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ।
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
Meeting the True Guru, the darkness is dispelled, and in this way, the jewel is obtained. ||3||
(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥ ਚੂਕੈ = ਮੁੱਕ ਜਾਂਦਾ ਹੈ। ਮਾਣਕੁ = ਨਾਮ-ਰੂਪ ਲਾਲ। ਲਹੀਐ = ਮਿਲਦਾ ਹੈ ॥੩॥
ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
Give up the evil actions of your left and right hands, and grasp hold of the Feet of the Lord.
ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ। ਤਜਿ = ਤਜ ਕੇ, ਛੱਡ ਕੇ। ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ। ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ। ਦ੍ਰਿੜੁ = ਪੱਕਾ।
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
Says Kabeer, the mute has tasted the molasses, but what can he say about it if he is asked? ||4||7||51||
ਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥ ਕਹੁ = ਆਖ। ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ ॥੪॥੭॥੫੧॥