ਰਾਗੁ ਗਉੜੀ ਪੂਰਬੀ₁ ਕਬੀਰ ਜੀ

Raag Gauree Poorbee, Kabeer Jee:

ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ

Where something existed, now there is nothing. The five elements are no longer there.

(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ। ਜਹ = ਜਿੱਥੇ, ਜਿਸ ਮਨ ਵਿਚ। ਕਛੁ = ਕੁਝ। ਅਹਾ = ਸੀ। ਪੰਚ ਤਤੁ = ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ (ਦਾ ਮੋਹ), ਦੇਹ-ਅੱਧਿਆਸ।

ਇੜਾ ਪਿੰਗੁਲਾ ਸੁਖਮਨ ਬੰਦੇ ਅਵਗਨ ਕਤ ਜਾਹੀ ॥੧॥

The Ida, the Pingala and the Sushmanaa - O human being, how can the breaths through these be counted now? ||1||

ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥ ਇੜਾ = ਸੱਜੀ ਨਾਸ, ਸੱਜੀ ਸੁਰ। ਪਿੰਗਲਾ = ਖੱਬੀ ਸੁਰ। ਸੁਖਮਨ = ਇੜਾ ਤੇ ਪਿੰਗਲਾ ਦੇ ਵਿਚਕਾਰ (ਭਰਵੱਟਿਆਂ ਦੇ ਵਿਚਕਾਰ) ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ। ਬੰਦੇ = ਹੇ ਬੰਦੇ! ਹੇ ਭਾਈ! (ਨੋਟ: ਕਈ ਸੱਜਣ ਇਸ ਦਾ ਅਰਥ ਕਰਦੇ ਹਨ: 'ਬੰਦ ਕਰਦਾ ਸੀ'। ਇਹ ਠੀਕ ਨਹੀਂ; ਇਸ ਹਾਲਤ ਵਿਚ ਇਸ ਲਫ਼ਜ਼ ਜਾ ਜੋੜ 'ਬੰਧੇ' ਹੁੰਦਾ)। ਅਵਗਨ = ਕੋਝੇ ਕੰਮ। ਕਤ ਜਾਹੀ = ਕਿਥੇ ਚਲੇ ਜਾਂਦੇ ਹਨ? (ਭਾਵ, ਦੂਰ ਹੋ ਜਾਂਦੇ ਹਨ) ॥੧॥

ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ

The string has been broken, and the Sky of the Tenth Gate has been destroyed. Where has your speech gone?

(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ। ਤਾਗਾ = ਧਾਗਾ, ਮੋਹ ਦੀ ਤਾਰ। ਗਗਨੁ = ਅਕਾਸ਼, ਪਸਾਰਾ, ਮੋਹ ਦਾ ਪਸਾਰਾ। ਤੇਰਾ ਬੋਲਤੁ = 'ਤੇਰਾ' ਬੋਲਣ ਵਾਲਾ (ਭਾਵ, 'ਮੇਰ ਤੇਰ' ਆਖਣ ਵਾਲਾ ਮਨ, ਵਿਤਕਰੇ ਕਰਨ ਦਾ ਸੁਭਾਉ)। ਕਹਾ ਸਮਾਈ = ਕਿਥੇ ਜਾ ਲੀਨ ਹੁੰਦਾ ਹੈ? (ਭਾਵ, ਪਤਾ ਨਹੀਂ ਕਿਥੇ ਜਾਂਦਾ ਹੈ, ਨਾਸ ਹੀ ਹੋ ਜਾਂਦਾ ਹੈ, ਉਸ ਦਾ ਪਤਾ-ਥਹੁ ਹੀ ਨਹੀਂ ਰਹਿੰਦਾ ਕਿ ਕਿਥੇ ਚਲਾ ਗਿਆ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ)।

ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਕਹੈ ਸਮਝਾਈ ॥੧॥ ਰਹਾਉ

This cynicism afflicts me, night and day; who can explain this to me and help me understand? ||1||Pause||

(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥ ਸੰਸਾ = ਸ਼ੱਕ, ਹੈਰਾਨੀ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥

ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ

Where the world is - the body is not there; the mind is not there either.

ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ; ਜਹ = ਜਿੱਥੇ, ਜਿਸ ਮਨ ਵਿਚ। ਬਰਭੰਡੁ = ਸਾਰਾ ਜਗਤ, ਦੁਨੀਆ ਦਾ ਮੋਹ। ਪਿੰਡੁ = (ਆਪਣਾ) ਸਰੀਰ, ਆਪਣੇ ਹੀ ਸਰੀਰ ਦਾ ਮੋਹ, ਦੇਹ-ਅੱਧਿਆਸ। ਤਹ = ਉਸ ਮਨ ਵਿਚ। ਰਚਨਹਾਰੁ = ਬਣਾਉਣ ਵਾਲਾ, ਮੋਹ ਦਾ ਤਾਣਾ ਤਣਨ ਵਾਲਾ, ਮੋਹ ਦਾ ਜਾਲ ਤਣਨ ਵਾਲਾ ਮਨ।

ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥

The Joiner is forever unattached; now, within whom is the soul said to be contained? ||2||

ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥ ਅਤੀਤਾ = ਮਾਇਆ ਦੇ ਮੋਹ ਤੋਂ ਨਿਰਲੇਪ। ਕਿਸੁ ਮਾਹੀ = ਕਿਸ ਨੂੰ? ॥੨॥

ਜੋੜੀ ਜੁੜੈ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ

By joining the elements, people cannot join them, and by breaking, they cannot be broken, until the body perishes.

ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ। ਜਬ ਲਗੁ = ਜਦ ਤਕ। ਬਿਨਾਸੀ = ਨਾਸ-ਵੰਤ, ਨਾਸਵੰਤ ਸਰੀਰ ਨਾਲ ਇੱਕ-ਰੂਪ, ਸਰੀਰ ਨਾਲ ਪਿਆਰ ਕਰਨ ਵਾਲਾ, ਦੇਹ-ਅੱਧਿਆਸੀ।

ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥

Of whom is the soul the master, and of whom is it the servant? Where, and to whom does it go? ||3||

(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥ ਕਾਹੂ ਕੈ = ਕਿਸ ਦੇ ਪਾਸ? ਕਿਸ ਦੇ ਘਰ? ਕੌ = ਕੌਣ? ॥੩॥

ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ

Says Kabeer, I have lovingly focused my attention on that place where the Lord dwells, day and night.

ਕਬੀਰ ਆਖਦਾ ਹੈ- ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)। ਜਹਾ = ਅਤੇ ਉੱਥੇ, ਉਸ ਪ੍ਰਭੂ ਵਿਚ।

ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥

Only He Himself truly knows the secrets of His mystery; He is eternal and indestructible. ||4||1||52||

ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥ ਉਆ ਕਾ = ਉਸ (ਪ੍ਰਭੂ) ਦਾ। ਮਰਮੁ = ਭੇਦ, ਅੰਤ। ਓਹੀ = ਉਹ (ਪ੍ਰਭੂ) ਆਪ ਹੀ ॥੪॥੧॥੫੨॥