ਗਉੜੀ ॥
Gauree:
ਗਉੜੀ।
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
Let contemplation and intuitive meditation be your two ear-rings, and true wisdom your patched overcoat.
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ। ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ। ਸਿਮ੍ਰਿਤਿ = ਚੇਤੇ ਕਰਨਾ, ਯਾਦ ਕਰਨਾ, ਸਿਮਰਨਾ। ਪਰਮਿਤਿ = {ਸੰ: ਪ੍ਰਮਿਤਿ = accurate notion or conception} ਸਹੀ ਵਾਕਫ਼ੀਅਤ, ਯਥਾਰਥ ਗਿਆਨ। ਖਿੰਥਾ = ਗੋਦੜੀ।
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
In the cave of silence, dwell in your Yogic posture; let the subjugation of desire be your spiritual path. ||1||
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥ ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ। ਕਲਪ = ਕਲਪਣਾ। ਬਿਬਰਜਿਤ = ਵਰਜਿਆ ਹੋਇਆ, ਰਹਿਤ। ਪੰਥ = ਧਾਰਮਿਕ ਰਸਤਾ ॥੧॥
ਮੇਰੇ ਰਾਜਨ ਮੈ ਬੈਰਾਗੀ ਜੋਗੀ ॥
O my King, I am a Yogi, a hermit, a renunciate.
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ, ਬੈਰਾਗੀ = ਵੈਰਾਗਵਾਨ, ਲਗਨ ਵਾਲਾ।
ਮਰਤ ਨ ਸੋਗ ਬਿਓਗੀ ॥੧॥ ਰਹਾਉ ॥
I do not die or suffer pain or separation. ||1||Pause||
(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥ ਮਰਤ = ਮੌਤ। ਸੋਗ = ਗ਼ਮ। ਬਿਓਗੀ = ਵਿਯੋਗ, ਵਿਛੋੜਾ ॥੧॥ ਰਹਾਉ ॥
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
The solar systems and galaxies are my horn; the whole world is the bag to carry my ashes.
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ। ਬ੍ਰਹਮੰਡ = ਸਾਰਾ ਜਗਤ। ਸਿੰਙੀ = {ਸੰ: ਸ੍ਰਿੰਗ = a horn used for blowing} ਸਿੰਙ ਜੋ ਜੋਗੀ ਵਜਾਉਂਦੇ ਹਨ। ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ। ਭਸਮ = ਸੁਆਹ। ਭਸਮਾਧਾਰੀ = ਭਸਮ-ਆਧਾਰੀ, ਸੁਆਹ ਪਾਣ ਵਾਲਾ।
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
Eliminating the three qualities and finding release from this world is my deep meditation. ||2||
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥ ਤ੍ਰਿਪਲੁ = ਤ੍ਰਿਗੁਣੀ ਮਾਇਆ। ਪਸਾਰੀ = ਗ੍ਰਿਹਸਤੀ। ਛੂਟੈ = ਮੁਕਤ ਹਾਂ ॥੨॥
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
My mind and breath are the two gourds of my fiddle, and the Lord of all the ages is its frame.
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ। ਪਵਨੁ = ਹਵਾ, ਸੁਆਸ। ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ। ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ। ਸਾਰਦ = ਵੀਣਾ ਦੀ ਡੰਡੀ। ਸਾਜੀ = ਬਣਾਈ। ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ।
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
The string has become steady, and it does not break; this guitar vibrates with the unstruck melody. ||3||
ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥ ਅਨਹਦ = ਇੱਕ-ਰਸ। ਥਿਰੁ = ਟਿਕਵੀਂ ॥੩॥
ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
Hearing it, the mind is enraptured and becomes perfect; it does not waver, and it is not affected by Maya.
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ। ਸੁਨਿ = ਸੁਣ ਕੇ। ਪੂਰੇ = ਚੰਗੀ ਤਰ੍ਹਾਂ। ਡੋਲ = ਲਹਿਰ, ਹੁਲਾਰਾ। ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ।
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
ਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥ ਪੁਨਰਪਿ = {ਪੁਨਹ-ਅਪਿ} ਫਿਰ ਭੀ, ਫਿਰ ਕਦੇ। ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ ॥੪॥੨॥੫੩॥